ਬਲਾਚੌਰ, 17 ਦਸੰਬਰ : (ਐਨ.ਟੀ. ਬਿਊਰੋ) ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਅੱਜ ਸਬ-ਡਵੀਜ਼ਨ ਬਲਾਚੌਰ ਦੇ ਆਪਣੇ ਦੌਰੇ ਦੌਰਾਨ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਤੋਂ ਇਲਾਵਾ ਤਹਿਸੀਲ ਕੰਪਲੈਕਸ ਵਿਚਲੇ ਦਫ਼ਤਰਾਂ ਦੀ ਪੜਤਾਲ ਵੀ ਕੀਤੀ ਗਈ। ਇਸ ਮੌਕੇ ਉਨਾਂ ਸਬ-ਡਵੀਜ਼ਨ ਦੇ ਵੱਖ-ਵੱਖ ਪਿੰਡਾਂ ਵਿਚ ਮਨਰੇਗਾ ਦੇ ਪ੍ਰਾਜੈਕਟਾਂ ਦਾ ਨਿਰੀਖਣ ਕੀਤਾ, ਜਿਨਾਂ ਵਿਚ ਉਲੱਦਣੀ, ਗੜੀ ਕਾਨੂੰਗੋ ਅਤੇ ਬੱਲੋਵਾਲ ਸੌਂਖੜੀ ਸ਼ਾਮਿਲ ਸਨ। ਤਹਿਸੀਲ ਕੰਪਲੈਕਸ ਬਲਾਚੌਰ ਵਿਖੇ ਵੱਖ-ਵੱਖ ਦਫ਼ਤਰਾਂ ਦੀ ਪੜਤਾਲ ਦੌਰਾਨ ਉਨਾਂ ਉਥੇ ਚੱਲ ਰਹੇ ਕੰਮਕਾਜ ਦਾ ਮੁਆਇਨਾ ਕੀਤਾ ਅਤੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨਾਂ ਹਦਾਇਤ ਕੀਤੀ ਕਿ ਤਹਿਸੀਲ ਵਿਖੇ ਕੰਮ ਕਰਵਾਉਣ ਆਏ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਿਲ ਪੇਸ਼ ਨਾ ਆਉਣ ਦਿੱਤੀ ਜਾਵੇ ਅਤੇ ਸੇਵਾ ਅਧਿਕਾਰ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਤੈਅ ਸਮੇਂ ਅੰਦਰ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ। ਮਨਰੇਗਾ ਪ੍ਰਾਜੈਕਟਾਂ ਦੇ ਜਾਇਜ਼ੇ ਦੌਰਾਨ ਉਨਾਂ ਪਿੰਡ ਉਲੱਦਣੀ ਵਿਖੇ 19.90 ਲੱਖ ਦੀ ਲਾਗਤ ਵਾਲੇ ਉਸਾਰੀ ਅਧੀਨ ਥਾਪਰ ਮਾਡਲ ਪੌਂਡ ਦਾ ਨਿਰੀਖਣ ਕਰਨ ਤੋਂ ਇਲਾਵਾ ਉਥੇ ਸਮਸ਼ਾਨਘਾਟ ਨੂੰ ਜਾਂਦੀ ਕੰਕਰੀਟ ਨਾਲ ਬਣੀ ਗਲ਼ੀ ਦਾ ਵੀ ਮੁਆਇਨਾ ਕੀਤਾ। ਇਸੇ ਤਰਾਂ ਗੜੀ ਕਾਨੂੰਗੋ ਵਿਖੇ ਰੋਪੜ-ਨਵਾਂਸ਼ਹਿਰ ਰੋਡ 'ਤੇ 17.20 ਲੱਖ ਰੁਪਏ ਦੀ ਲਾਗਤ ਬਣਨ ਵਾਲੇ ਆਲੀਸ਼ਾਨ ਪਾਰਕ ਦੇ ਚੱਲ ਰਹੇ ਕੰਮ ਦਾ ਮੁਆਇਨਾ ਕੀਤਾ। ਇਸ ਤੋਂ ਬਾਅਦ ਉਨਾਂ ਪਿੰਡ ਬੱਲੋਵਾਲ ਸੌਂਖੜੀ ਵਿਖੇ ਬਣਾਏ ਗਏ ਆਂਗਣਵਾੜੀ ਸੈਂਟਰ ਅਤੇ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਦਾ ਜਾਇਜ਼ਾ ਲਿਆ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੇ ਮਿਆਰ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਸਾਰੇ ਕੰਮਾਂ ਨੂੰ ਮਿੱਥੇ ਸਮੇਂ ਅੰਦਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਉਹ ਆਪ ਸਮੇਂ-ਸਮੇਂ 'ਤੇ ਕੰਮਾਂ ਦਾ ਜਾਇਜ਼ਾ ਲੈਣਗੇ। ਉਨਾਂ ਬੱਲੋਵਾਲ ਸੌਂਖੜੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਗਏ 550 ਪੌਦਿਆਂ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਏ ਗਏ 400 ਪੌਦਿਆਂ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਉਨਾਂ ਉਥੇ ਉਸਾਰੀ ਅਧੀਨ 'ਨੇਚਰ ਟਰੇਲ' (ਸੈਰਗਾਹ) ਦੇ ਕੰਮਕਾਜ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਉਨਾਂ ਨਰਸਰੀ ਦਾ ਨਿਰੀਖਣ ਵੀ ਕੀਤਾ ਅਤੇ ਉਥੇ ਕਦਮ ਦਾ ਪੌਦਾ ਲਗਾਇਆ। ਉਨਾਂ ਹਦਾਇਤ ਕੀਤੀ ਕਿ ਨੇਚਰ ਟਰੇਲ ਦੇ ਨਾਲ-ਨਾਲ ਲਗਾਏ ਜਾ ਰਹੇ ਪੌਦਿਆਂ ਦੇ ਨਾਂਅ ਵੀ ਲਿਖੇ ਜਾਣ ਅਤੇ ਮੈਡੀਸਨਲ ਅਤੇ ਸਜਾਵਟੀ ਪੌਦੇ ਲਗਾਉਣ ਨੂੰ ਤਰਜੀਹ ਦਿੱਤੀ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸ. ਡੀ. ਐਮ ਬਲਾਚੌਰ ਦੀਪਕ ਰੁਹੇਲਾ, ਬੀ. ਡੀ. ਪੀ. ਓ ਦਰਸ਼ਨ ਸਿੰਘ, ਵਰਕਸ ਮੈਨੇਜਰ ਮਨਰੇਗਾ ਜੋਗਾ ਸਿੰਘ, ਐਸ. ਡੀ. ਓ ਪੰਚਾਇਤੀ ਰਾਜ ਜਗਦੀਸ਼ ਸਿੰਘ, ਸਰਪੰਚ ਬੱਲੋਵਾਲ ਸੌਂਖੜੀ ਦੇਸ ਰਾਜ, ਜਸਵੀਰ ਸਿੰਘ ਤੋਂ ਇਲਾਵਾ ਜੰਗਲਾਤ ਵਿਭਾਗ ਅਤੇ ਮਗਨਰੇਗਾ ਦੇ ਅਧਿਕਾਰੀ-ਕਰਮਚਾਰੀ ਹਾਜ਼ਰ ਸਨ।
ਕੈਪਸ਼ਨ :-ਬਲਾਚੌਰ ਵਿਖੇ ਮਨਰੇਗਾ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਮੁਆਇਨਾ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਐਸ. ਡੀ. ਐਮ ਦੀਪਕ ਰੁਹੇਲਾ ਅਤੇ ਹੋਰ।