ਨਵਾਂਸ਼ਹਿਰ ਤੋਂ ਕਿਸਾਨ ਆਗੂ ਦਿੱਲੀ ਮੋਰਚੇ 'ਚ 'ਸ਼ਾਮਲ ਹੋਣ ਲਈ ਰਵਾਨਾ


ਨਵਾਂਸ਼ਹਿਰ 21 ਦਸੰਬਰ (ਐਨ ਟੀ) ਅੱਜ ਰਿਲਾਇੰਸ ਕੰਪਨੀ ਦੇ ਸਮਾਰਟ ਸਟੋਰ ਅੱਗੇ ਚੱਲ ਰਹੇ ਕਿਸਾਨੀ ਧਰਨੇ ਤੋਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਦਿੱਲੀ ਵਿਖੇ ਕਿਸਾਨ ਧਰਨੇ ਵਿਚ ਸ਼ਾਮਲ ਹੋਣ ਲਈ ਰਵਾਨਾ ਹੋਏ । ਇਥੋਂ ਰਵਾਨਾ ਹੋਣ ਸਮੇਂ ਗੱਲਬਾਤ ਕਰਦਿਆਂ ਇਫਟੂ ਦੇ ਸੂਬਾਈ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਅਤੇ ਜਮਹੂਰੀ ਅਧਿਕਾਰ ਸਭਾ ਦੇ ਸੂਬਾਈ ਆਗੂ ਜਸਬੀਰ ਦੀਪ ਨੇ ਆਖਿਆ ਕਿ  ਕਿਸਾਨੀ ਘੋਲ ਨੂੰ ਹੁਣ ਸਰਕਾਰ ਦਾ ਕੋਈ ਵੀ ਹੱਥਕੰੰਡਾ ਰੋਕ ਨਹੀਂ ਸਕਦਾ । ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਪਰ ਮੋਦੀ ਸਰਕਾਰ ਅੜੀਅਲ ਰਵੱਈਆ ਅਪਣਾ ਕੇ ਕਿਸਾਨਾਂ ਨੂੰ ਇਹਨਾਂ ਖੇਤੀ ਕਾਨੂੰਨਾਂ ਦੇ ਲਾਭ ਦਾ ਰਟਣ-ਮੰਤਰ ਦਾ ਜਾਪ ਕਰ ਰਹੀ ਹੈ । ਸਰਕਾਰ ਨੰਗੇ ਚਿੱਟੇ ਰੂਪ ਵਿਚ ਕਾਰਪੋਰੇਟਰਾਂ ਦੇ ਹਿੱਤ ਪੂਰ ਰਹੀ ਹੈ । ਅੰਤਾਂ ਦੀ ਠੰਡ ਵਿਚ ਬਜੁਰਗ ,ਔਰਤਾਂ, ਬੱਚੇ, ਨੌਜਵਾਨ ਦਿੱਲੀ ਪੱਕੇ ਧਰਨੇ ਵਿਚ ਬੈਠੇ ਹਨ । ਇਹ ਧਰਨਾ ਹੁਣ ਖੇਤੀ ਕਾਨੂੰਨ, ਬਿਜਲੀ ਬਿੱਲ 2020 ਰੱਦ ਕਰਾਉਣ ਤੋਂ ਬਗੈਰ ਖਤਮ ਨਹੀਂ ਹੋਵੇਗਾ । ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਦੇਸ਼ ਦੀ ਕਿਸਾਨੀ ਨੂੰ ਬਰਬਾਦ ਕਰ ਦੇਣਗੇ ਕਿਸਾਨਾਂ ਦੀਆਂ ਜਮੀਨਾਂ ਕਾਰਪੋਰੇਟਰਾਂ ਕੋਲ ਚਲੇ ਜਾਣਗੀਆਂ । ਬਿਜਲੀ ਬਿੱਲ2020 ਕਿਸਾਨਾਂ ਅਤੇ ਮਜਦੂਰਾਂ ਕੋਲੋਂ ਬਿਜਲੀ ਦੀ ਮੁਫਤ ਸਹੂਲਤ ਖੋਹ ਲਵੇਗਾ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਇਸ ਘੋਲ ਦੇ ਦਰਸ਼ਕ ਨਾ ਬਣਨ ਸਗੋਂ ਇਸ ਘੋਲ ਦਾ ਹਿੱਸਾ ਬਣਨ ,ਦਿੱਲੀ ਕਿਸਾਨੀ ਮੋਰਚੇ ਵਲ ਵਹੀਰਾਂ ਘੱਤਣ । ਇਸ ਮੌਕੇ ਗੁਰਬਖਸ਼ ਕੌਰ ਵੜੈਚ, ਕੁਲਵਿੰਦਰ ਕੌਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਵੜੈਚ, ਪਾਖਰ ਸਿੰਘ ਅਸਮਾਨ ਪੁਰ, ਪਰਮਜੀਤ ਸਿੰਘ ਸ਼ਹਾਬਪੁਰ, ਅਜੈਬ ਸਿੰਘ, ਜੋਗਾ ਸਿੰਘ ਮਹਿੰਦੀ ਪੁਰ, ਨਾਜਰ ਸਿੰਘ ਸਾਧੜਾ, ਸੁਰਿੰਦਰ ਮੀਰਪੁਰੀ ਵੀ ਮੌਜੂਦ ਸਨ ।