ਮੁੱਖ ਮੰਤਰੀ ਵੱਲੋਂ ਆਪਣੀ ਸੱਸ ਸਰਦਾਰਨੀ ਸਤਿੰਦਰ ਕੌਰ ਕਾਹਲੋਂ ਦੇ ਦੇਹਾਂਤ `ਤੇ ਅਫਸੋਸ ਦਾ ਪ੍ਰਗਟਾਵਾ
ਪੰਜਾਬ ਦੇ ਰਾਜਪਾਲ ਅਤੇ ਹੋਰ ਸ਼ਖਸੀਅਤਾਂ ਵੱਲੋਂ ਦੁਖੀ ਪਰਿਵਾਰ ਨਾਲ ਹਮਦਰਦੀ ਜਾਹਰ
ਪੰਜਾਬ ਦੇ ਰਾਜਪਾਲ ਅਤੇ ਹੋਰ ਸ਼ਖਸੀਅਤਾਂ ਵੱਲੋਂ ਦੁਖੀ ਪਰਿਵਾਰ ਨਾਲ ਹਮਦਰਦੀ ਜਾਹਰ
ਚੰਡੀਗੜ੍ਹ,13 ਦਸੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਸੱਸ ਸਰਦਾਰਨੀ ਸਤਿੰਦਰ ਕੌਰ ਕਾਹਲੋਂ ਲੰਮੀ ਬਿਮਾਰੀ ਤੋਂ ਬਾਅਦ ਸਦੀਵੀਂ ਵਿਛੋੜਾ ਦੇ ਗਏ। ਸਰਦਾਰਨੀ ਸਤਿੰਦਰ ਕੌਰ 96 ਵਰਿਆਂ ਦੇ ਸਨ ਅਤੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸਰਦਾਰ ਗਿਆਨ ਸਿੰਘ ਕਾਹਲੋਂ ਦੇ ਪਤਨੀ ਸਨ। ਉਹ ਆਪਣੇ ਪਿੱਛੇ ਇੱਕ ਪੁੱਤਰ ਹਿੰਮਤ ਸਿੰਘ ਕਾਹਲੋਂ, ਪੁੱਤਰੀ ਪਰਨੀਤ ਕੌਰ (ਸੰਸਦ ਮੈਂਬਰ) ਅਤੇ ਗੀਤਿੰਦਰ ਕੌਰ ਨੂੰ ਛੱਡ ਗਏ ਹਨ। ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਸੈਕਟਰ 5 ਵਿੱਚ ਕਾਹਲੋਂ ਪਰਿਵਾਰ ਦੀ ਰਿਹਾਇਸ਼ ਵਿਖੇ ਮ੍ਰਿਤਕ ਦੇਹ `ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਜਾਹਰ ਕੀਤੀ। ਸਰਦਾਰਨੀ ਸਤਿੰਦਰ ਕੌਰ ਦਾ ਅੰਤਿਮ ਸੰਸਕਾਰ ਸੈਕਟਰ-25 ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਅਤੇ ਪਰਿਵਾਰ ਦੇ ਬਾਕੀ ਮੈਬਰਾਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਦੇ ਸਾਢੂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਵੀ ਹਾਜ਼ਰ ਸਨ। ਸਰਦਾਰਨੀ ਸਤਿੰਦਰ ਕੌਰ ਦੇ ਅੰਤਿਮ ਸੰਸਕਾਰ ਮੌਕੇ ਹੋਰਨਾਂ ਤੋਂ ਇਲਾਵਾ ਸੰਸਦ ਮੈਂਬਰ ਮਨੀਸ਼ ਤਿਵਾੜੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਹਰਦਿਆਲ ਕੰਬੋਜ ਅਤੇ ਰਾਜਿੰਦਰ ਸਿੰਘ, ਮੁੱਖ ਸਕੱਤਰ ਵਿਨੀ ਮਹਾਜਨ, ਡੀਜੀਪੀ ਦਿਨਕਰ ਗੁਪਤਾ, ਐਡਵੋਕੇਟ ਜਨਰਲ ਅਤੁੱਲ ਨੰਦਾ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਅਨੁਰਾਗ ਵਰਮਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਜਤਿੰਦਰ ਜੋਰਵਾਲ ਵੀ ਸ਼ਾਮਲ ਹੋਏ।