ਪੇਂਡੂ ਮਜਦੂਰ ਯੂਨੀਅਨ ਵਲੋਂ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ


ਬੰਗਾ 26 ਦਸੰਬਰ (ਐਨ ਟੀ)ਪੇਂਡੂ ਮਜਦੂਰ ਯੂਨੀਅਨ ਨੇ ਖੇਤੀ ਕਾਨੂੰਨਾਂ, ਬਿਜਲੀ ਬਿੱਲ -2020 ਅਤੇ ਕਿਰਤ ਕਾਨੂੰਨਾਂ ਵਿਚ ਕੀਤੀਆਂ ਗਈਆਂ ਸੋਧਾਂ ਦੇ ਵਿਰੋਧ ਵਿਚ  ਮੰਗੂਵਾਲ ਵਿਖੇ ਮੋਦੀ ਸਰਕਾਰ ਦਾ ਅਰਥੀ ਫੂਕ ਮੁਜਾਹਰਾ ਕੀਤਾ । ਯੂਨੀਅਨ ਦੇ ਜ਼ਿਲਾ ਆਗੂ ਹਰੀ ਰਾਮ ਰਸੂਲਪੁਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ, ਬਿਜਲੀ ਬਿੱਲ-2020 ਕਿਸਾਨਾਂ ਦੇ ਨਾਲ ਨਾਲ ਮਜਦੂਰ ਵਰਗ ਉੱਤੇ ਵੀ ਬਹੁਤ ਹੀ ਨਾਂਹ ਪੱਖੀ ਅਸਰ ਪਵੇਗਾ ਅਤੇ ਬਹੁਤ ਸਾਰੀਆਂ ਖੇਤੀ ਉਪਜਾਂ ਨੂੰ ਜਰੂਰੀ ਵਸਤਾਂ ਦੀ ਸੂਚੀ ਵਿੱਚੋਂ ਬਾਹਰ ਕੱਢਣ ਨਾਲ ਮਜਦੂਰਾਂ ਨੂੰ ਸਸਤੇ ਭਾਅ ਉੱਤੇ ਮਿਲਣ ਵਾਲਾ ਅਨਾਜ  ਬੰਦ ਹੋ ਜਾਵੇਗਾ ।ਬਿਜਲੀ ਬਿੱਲ-2020 ਦੇ ਕਾਨੂੰਨ ਬਣ ਜਾਣ ਨਾਲ ਮਜਦੂਰਾਂ ਨੂੰ ਮੁਫਤ ਮਿਲ ਰਹੀ ਬਿਜਲੀ ਬੰਦ ਹੋ ਜਾਵੇਗੀ । ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਰਤ ਕਾਨੂੰਨ ਖਤਮ ਕਰਕੇ ਇਹਨਾਂ ਦੀ ਥਾਂ ਉੱਤੇ ਚਾਰ ਕਿਰਤ ਕੋਡ ਲਿਆ ਕੇ ਮਜਦੂਰਾਂ ਦੇ ਸਾਰੇ ਹੱਕ ਖੋਹਕੇ ਪੂੰਜੀਪਤੀਆਂ ਹਵਾਲੇ ਕਰ ਦਿੱਤੇ ਹਨ ਜਿਸ ਕਾਰਨ ਮਜਦੂਰਾਂ ਵਿਚ ਮੋਦੀ ਸਰਕਾਰ ਵਿਰੁੱਧ ਭਾਰੀ ਗੁੱਸਾ ਹੈ ।ਇਸ ਮੌਕੇ ਕਸ਼ਮੀਰੀ ਲਾਲ, ਸਰਬਜੀਤ ਮੰਗੂਵਾਲ ਅਤੇ ਸੋਹਣ ਸਿੰਘ ਅਟਵਾਲ ਨੇ ਵੀ ਸੰਬੋਧਨ ਕੀਤਾ ।