ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ 27.51 ਫੀਸਦੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿਚ 7.82 ਫੀਸਦੀ ਦਾਖ਼ਲਾ ਵਧਿਆ
ਨਵਾਂਸ਼ਹਿਰ, 30 ਦਸੰਬਰ :(ਐਨ ਟੀ) ਕੋਵਿਡ-19 ਦੇ ਪ੍ਰਕੋਪ ਵਾਲੇ ਸਾਲ 2020 ਵਿਚ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ ਵਿਚ ਸੰਕਟਮਈ ਸਥਿਤੀਆਂ ਦੌਰਾਨ ਵੀ ਆਪਣੀਆਂ ਵਿੱਦਿਅਕ ਸਰਗਰਮੀਆਂ ਲਈ ਬਦਲਵੇਂ ਰਾਹ ਲੱਭ ਕੇ ਆਪਣੇ ਟੀਚਿਆਂ ਦੀ ਪੂਰਤੀ ਕੀਤੀ ਹੈ। ਇਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ (ਸੈ.) ਜਗਜੀਤ ਸਿੰਘ, ਜ਼ਿਲਾ ਸਿੱਖਿਆ ਅਫ਼ਸਰ (ਐਲੀ.) ਪਵਨ ਕੁਮਾਰ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸੈ.) ਅਮਰੀਕ ਸਿੰਘ ਅਤੇ ਉੱਪ ਜ਼ਿਲਾ ਸਿੱਖਿਆ ਅਫ਼ਸਰ (ਐਲੀ.) ਛੋਟੂ ਰਾਮ ਨੇ ਦੱਸਿਆ ਕਿ ਲੰਘ ਰਹੇ ਵਰੇ ਦੌਰਾਨ ਨਵੇਂ ਵਿੱਦਿਅਕ ਸੈਸ਼ਨ 2020-21 ਦੇ ਆਰੰਭ ਹੋਣ 'ਤੇ ਕੋਰੋਨਾ ਸੰਕਟ ਨੇ ਸੁਆਲੀਆ ਨਿਸ਼ਾਨ ਲਗਾ ਦਿੱਤੇ ਸਨ। ਪਰੰਤੂ ਸਕੱਤਰ ਸਕੂਲ ਸਿੱਖਿਆ ਿਸ਼ਨ ਕੁਮਾਰ ਦੀ ਅਗਵਾਈ ਵਿਚ ਵਿਭਾਗ ਨੇ ਸਮੇਂ ਸਿਰ 1 ਅਪ੍ਰੈਲ ਤੋਂ ਆਪਣਾ ਵਿੱਦਿਅਕ ਸੈਸ਼ਨ ਸ਼ੁਰੂ ਕੀਤਾ ਅਤੇ ਆਨਲਾਈਨ ਵਿੱਦਿਅਕ ਸਰਗਰਮੀਆਂ ਰਾਹੀਂ ਘਰ ਬੈਠੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਸਮੱਗਰੀ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ। ਦੂਰਦਰਸ਼ਨ, ਰੇਡੀਓ ਅਤੇ ਵੱਖ-ਵੱਖ ਸੋਸ਼ਲ ਮੀਡੀਆ ਐਪਸ ਰਾਹੀਂ ਸਕੂਲ ਸਿੱਖਿਆ ਵਿਭਾਗ ਦੇ ਮਿਹਨਤੀ ਅਧਿਆਪਕਾਂ ਦੁਆਰਾ ਤਿਆਰ ਕੀਤੇ ਡਿਜੀਟਲ ਪਾਠਕ੍ਰਮ ਨਾਲ ਆਨਲਾਈਨ ਜਮਾਤਾਂ ਲਗਾ ਕੇ ਵੱਡਾ ਕਦਮ ਚੁੱਕਿਆ ਗਿਆ। ਇਸ ਦੇ ਨਾਲ ਹੀ ਅਧਿਕਾਰੀਆਂ ਦੀ ਹੱਲਾਸ਼ੇਰੀ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਸਮੇਂ ਸਿਰ ਵਿਦਿਆਰਥੀਆਂ ਨੂੰ ਪੁਸਤਕਾਂ ਤੇ ਹੋਰ ਸਮੱਗਰੀ ਸਮੇਂ ਸਿਰ ਘਰੋ-ਘਰੀਂ ਪੁੱਜਦੀ ਕੀਤੀ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਬੱਚਿਆਂ ਨੂੰ ਸਿਹਤ ਪੱਖੋਂ ਤੰਦਰੁਸਤ ਬਣਾਉਣ ਲਈ ਆਨਲਾਈਨ ਕਸਰਤਾਂ ਵੀ ਬੱਚਿਆਂ ਨੂੰ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵਿੱਦਿਅਕ ਮੁਕਾਬਲੇ ਕਰਵਾਏ ਗਏ, ਜਿਨਾਂ ਵਿਚ ਜ਼ਿਲੇ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰਾਇਮਰੀ ਦੇ ਬੱਚਿਆਂ ਵੱਲੋਂ ਤਿਆਰ ਕੀਤਾ ਸੱਭਿਆਚਾਰਕ ਪ੍ਰੋਗਰਾਮ ਹਰ ਐਤਵਾਰ ਡੀ. ਡੀ ਪੰਜਾਬੀ 'ਤੇ ਪ੍ਰਸਾਰਿਤ ਕੀਤਾ ਗਿਆ। ਇਸ ਤੋਂ ਇਲਾਵਾ ਬਾਰਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਾ ਜ਼ਿਲੇ ਦਾ ਨਤੀਜਾ 96.42 ਫੀਸਦੀ ਆਇਆ, ਜੋ ਕਿ ਇਕ ਨਵਾਂ ਕੀਰਤੀਮਾਨ ਬਣਿਆ। ਇਸੇ ਤਰਾਂ ਅੱਠਵੀਂ ਤੇ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ। ਇਸ ਤੋਂ ਇਲਾਵਾ ਜ਼ਿਲੇ ਵਿਚ ਸਿੱਖਿਆ ਵਿਭਾਗ ਵਿਚ ਬਹੁਤ ਕੁਝ ਵਧੀਆ ਹੋਇਆ, ਜਿਸ ਕਾਰਨ ਅੱਜ ਪ੍ਰਾਈਵੇਟ ਸਕੂਲਾਂ ਵਿਚੋਂ ਬੱਚੇ ਹਟ ਕੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਹੋ ਰਹੇ ਹਨ। ਇਸ ਦੀ ਉਦਾਹਰਨ ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਦਾਖ਼ਲਾ ਪਿਛਲੇ ਸਾਲ ਨਾਲੋਂ 27.51 ਫੀਸਦੀ ਅਤੇ ਅੱਪਰ ਪ੍ਰਾਇਮਰੀ ਦਾ 7.82 ਫੀਸਦੀ ਵਧਣਾ ਹੈ। ਜ਼ਿਲਾ ਸਿੱਖਿਆ ਅਫ਼ਸਰ (ਸੈ.) ਜਗਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲੇ ਦੇ ਸਰਕਾਰੀ ਸਕੂਲਾਂ ਵਿਚ ਬਾਰਵੀਂ ਜਮਾਤ ਵਿਚ ਪੜਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਪ੍ਰਦਾਨ ਕਰਨਾ ਵੱਡਾ ਕਦਮ ਰਿਹਾ। ਇਸ ਦੇ ਨਾਲ ਹੀ ਜ਼ਿਲੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ ਨੂੰ 40 ਟੈਬਲੈਟ ਵੀ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ। ਇਸ ਦੇ ਨਾਲ ਹੀ ਸਕੂਲਾਂ ਦੇ ਢਾਂਚਾਗਤ ਵਿਕਾਸ ਲਈ ਪੰਜਾਬ ਸਰਕਾਰ ਜ਼ਿਲੇ ਨੂੰ ਕੁੱਲ 11 ਕਰੋੜ 57 ਲੱਖ ਰੁਪਏ ਇਸ ਵਰੇ ਦੌਰਾਨ ਮਿਲੇ ਹਨ, ਜਿਨਾਂ ਵਿਚ ਮੁੱਖ ਮੌਰ 'ਤੇ ਨਾਬਾਰਡ ਤਹਿਤ ਪ੍ਰਾਇਮਰੀ ਸਕੂਲਾਂ ਲਈ 55 ਕਮਰਿਆਂ ਵਾਸਤੇ 4 ਕਰੋੜ 13 ਲੱਖ ਰੁਪਏ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਾਸਤੇ 45 ਕਮਰਿਆਂ ਲਈ 3 ਕਰੋੜ 37 ਲੱਖ 95 ਹਜ਼ਾਰ ਰੁਪਏ ਮਨਜ਼ੂਰ ਹੋਏ ਹਨ ਅਤੇ ਇਨਾਂ ਕਮਰਿਆਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਆਨ ਰੋਡ ਸਕੂਲ ਲਈ 87 ਲੱਖ ਰੁਪਏ, ਖੇਡ ਮੈਦਾਨਾਂ ਲਈ 5 ਲੱਖ ਰੁਪਏ, ਬੱਚਿਆਂ ਨੂੰ ਵਰਦੀਆਂ ਲਈ 1 ਕਰੋੜ 50 ਲੱਖ 63 ਹਜ਼ਾਰ ਰੁਪਏ, ਖੇਡਾਂ ਲਈ 31 ਲੱਖ 75 ਹਜ਼ਾਰ ਰੁਪਏ ਮਨਜ਼ੂਰ ਹੋਏ ਹਨ। ਇਸ ਤੋਂ ਇਲਾਵਾ ਜ਼ਿਲੇ ਦੇ 40 ਸਕੂਲਾਂ ਵਿਚ ਐਜੂਕੇਸ਼ਨਲ ਪਾਰਕ ਬਣਾਏ ਜਾ ਚੁੱਕੇ ਹਨ। 'ਖਵਾਹਿਸ਼ ਸੇਵਾ ਸੁਸਾਇਟੀ' ਦੁਆਰਾ 39 ਅੱਪਰ ਪ੍ਰਾਇਮਰੀ ਸਕੂਲਾਂ ਵਿਚ ਸੈਨੀਟਰੀ ਇੰਸੀਨਰੇਟਰ ਮਸ਼ੀਨਾਂ ਲਗਵਾਈਆਂ ਗਈਆਂ। ਲੱਗਭਗ 18 ਸਕੂਲਾਂ ਵਿਚ ਸਮਾਰਟ ਕਲਾਸ ਰੂਪ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲੇ ਦੇ 61 ਅੱਪਰ ਪ੍ਰਾਇਮਰੀ ਸਕੂਲਾਂ ਵਿਚ 265 ਸਮਾਰਟ ਕਲਾਸ ਰੂਮ ਅਤੇ ਪ੍ਰਾਇਮਰੀ ਸਕੂਲਾਂ ਵਿਚ 106 ਸਮਾਰਟ ਕਲਾਸ ਰੂਮ (ਪ੍ਰਾਜੈਕਟਰ ਲਗਾ ਕੇ) ਬਣਾਏ ਗਏ ਹਨ। ਇਸੇ ਤਰਾਂ ਜ਼ਿਲੇ ਦੇ 97 ਸਕੂਲਾਂ ਵਿਚ ਸੀ. ਸੀ. ਟੀ. ਵੀ ਕੈਮਰੇ ਵੀ ਲਗਾਏ ਗਏ ਹਨ। ਇੰਨਾ ਹੀ ਨਹੀਂ, ਕੋਰੋਨਾ ਕਾਲ ਦੇ ਇਸ ਸਮੇਂ ਦੌਰਾਨ ਜਿਥੇ ਸਰਕਾਰ ਨੇ ਸਕੂਲਾਂ ਨੂੰ ਇੰਨਾ ਪੈਸਾ ਭੇਜਿਆ ਹੈ, ਉਥੇ ਨਾਲ ਦੀ ਨਾਲ ਆਨਲਾਈਨ ਸਿੱਖਿਆ ਦੇ ਖੇਤਰ ਵਿਚ ਸ਼ਹੀਦ ਭਗਤ ਸਿੰਘ ਨਗਰ ਮੋਹਰੀ ਜ਼ਿਲਾ ਰਿਹਾ ਹੈ। ਇਸ ਸਮੇਂ ਦੌਰਾਨ ਜ਼ਿਲੇ ਦੇ ਦੋ ਅਧਿਆਪਕਾਂ ਨੂੰ ਸਟੇਟ ਐਵਾਰਡ ਵੀ ਮਿਲਿਆ। ਪੰਜਾਬ ਅਚੀਵਮੈਂਟ ਸਰਵੇ ਵਿਚ ਵੀ ਜ਼ਿਲੇ ਨੇ ਬਹੁਤ ਹੀ ਵਧੀਆ ਕਾਰਗੁਜ਼ਾਰੀ ਦਿਖਾਈ ਹੈ। ਜ਼ਿਲੇ ਵਿਚ ਸਿੱਖਿਆ ਵਿਭਾਗ ਵੱਲੋਂ ਸ਼ੁਰੂ ਕੀਤੇ 211 ਇੰਗਲਿਸ਼ ਬੂਸਟਰ ਕਲੱਬ ਬਣਾਏੇ ਹਨ, ਜਿਨਾਂ ਵਿਚ 406 ਅਧਿਆਪਕ ਅਤੇ 5286 ਵਿਦਿਆਰਥੀ ਮੈਂਬਰ ਹਨ। ਜ਼ਿਲੇ ਵਿਚ ਸਰਕਾਰ ਤੇ ਲੋਕਾਂ ਦੇ ਸਹਿਯੋਗ ਨਾਲ ਸਰਕਾਰ ਵੱਲੋਂ ਨਿਰਧਾਰਤ ਪੈਰਾਮੀਟਰ ਅਨੁਸਾਰ ਜ਼ਿਲੇ ਦੇ 423 ਵਿਚੋਂ 423 ਪ੍ਰਾਇਮਰੀ ਸਕੂਲਾਂ ਨੂੰ ਅਤੇ 211 ਵਿਚੋਂ 210 ਅੱਪਰ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਗਿਆ ਹੈ।
ਫੋਟੋ :-ਜ਼ਿਲੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਮਨਮੋਹਕ ਦਿ੍ਰਸ਼।