ਓ.ਪੀ. ਸੋਨੀ ਵੱਲੋਂ ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ 'ਚ ਵਿਕਾਸ ਕਾਰਜਾਂ ਤੇ ਇਲਾਜ ਪ੍ਰਬੰਧਾਂ ਦਾ ਜਾਇਜ਼ਾ

ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਦੀ ਮੁਰੰਮਤ ਤੇ ਨਵੀਨੀਕਰਨ 'ਤੇ ਪੰਜਾਬ ਸਰਕਾਰ 76 ਕਰੋੜ ਰੁਪਏ ਖ਼ਰਚ ਰਹੀ ਹੈ-ਸੋਨੀ

ਪਟਿਆਲਾ, 22 ਦਸੰਬਰ: (ਐਨ ਟੀ) ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਅੱਜ ਇੱਥੇ ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਵਿਖੇ ਕੋਵਿਡ-19 ਦੇ ਇਲਾਜ ਪ੍ਰਬੰਧਾਂ ਸਮੇਤ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਉਸਾਰੀ ਕਾਰਜਾਂ 'ਚ ਢਿੱਲੀ ਕਾਰਗੁਜ਼ਾਰੀ ਦਾ ਗੰਭੀਰ ਨੋਟਿਸ ਲੈਂਦਿਆਂ ਸਾਰੇ ਚੱਲ ਰਹੇ ਵਿਕਾਸ ਕਾਰਜ 31 ਮਾਰਚ ਤੱਕ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਮੈਡੀਕਲ ਸਿੱਖਿਆ ਮੰਤਰੀ ਜੋ ਕਿ ਅੱਜ ਇੱਥੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ ਸਮੇਤ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਇਲਾਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਏ ਸਨ, ਨੇ ਕਿਹਾ ਕਿ ਉਹ ਖ਼ੁਦ ਅਤੇ ਪ੍ਰਮੁੱਖ ਸਕੱਤਰ, ਸਾਰੇ ਕੰਮਾਂ ਦਾ ਜਾਇਜ਼ਾ ਲੈਣ ਲਈ ਜਲਦੀ ਹੀ 31 ਮਾਰਚ ਤੋਂ ਪਹਿਲਾਂ-ਪਹਿਲਾਂ ਮੈਡੀਕਲ ਕਾਲਜ ਤੇ ਹਸਪਤਾਲ ਦਾ ਮੁੜ ਦੌਰਾ ਕਰਨਗੇ। ਮੀਟਿੰਗ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਸਿਵਲ ਤੇ ਇਲੈਕਟ੍ਰੀਕਲ ਵਿੰਗਾਂ ਤੇ ਜਨ ਸਿਹਤ ਵਿਭਾਗ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਅਧਿਕਾਰੀਆਂ ਪਾਸੋਂ ਵਿਭਾਗ ਵਾਰ ਚੱਲ ਰਹੇ ਕੰਮਾਂ ਦੀ ਪ੍ਰਗਤੀ ਦਾ ਵੇਰਵਾ ਲੈਂਦਿਆਂ ਇਨ੍ਹਾਂ 'ਚ ਤੇਜੀ ਲਿਆਉਣ ਦੇ ਨਿਰਦੇਸ਼ ਦਿੰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਕਿਸੇ ਕੰਮ 'ਚ ਢਿੱਲ-ਮੱਠ ਬਰਦਾਸ਼ਤ ਨਹੀਂ ਹੋਵੇਗੀ, ਇਸ ਲਈ ਸਮੁੱਚੇ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਮੈਡੀਕਲ ਕਾਲਜ ਵਿਖੇ ਨਵੀਂ ਉਸਾਰੀ ਗਈ ਇੰਸਟੀਚਿਊਸ਼ਨ ਬਿਲਡਿੰਗ ਨੂੰ ਵੀ ਵਰਤੋਂ 'ਚ ਲਿਆਂਦਾ ਜਾਵੇ। ਇਸ ਮੌਕੇ ਕੋਵਿਡ-19 ਦੇ ਇਲਾਜ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਬੇਸ਼ੱਕ ਕੋਵਿਡ ਮਰੀਜਾਂ ਦੀ ਗਿਣਤੀ ਘੱਟ ਰਹੀ ਹੈ ਪਰੰਤੂ ਅਸੀਂ ਕਿਸੇ ਵੀ ਪੱਖੋਂ ਅਵੇਸਲੇ ਨਹੀਂ ਹੋ ਸਕਦੇ, ਇਸ ਲਈ ਸਾਡੇ ਲਈ ਇੱਕ ਮਰੀਜ ਵੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਹੋਣਾ ਮਾਇਨੇ ਰੱਖਦਾ ਹੈ, ਜਿਸ ਲਈ ਸਾਰੇ ਮਰੀਜਾਂ ਦੀ ਸਾਂਭ-ਸੰਭਾਲ ਅਤੇ ਇਲਾਜ ਵਿੱਚ ਕਿਸੇ ਪ੍ਰਕਾਰ ਦੀ ਕੋਈ ਢਿੱਲ ਮੱਠ ਨਾ ਵਰਤੀ ਜਾਵੇ। ਮੈਡੀਕਲ ਸਿੱਖਿਆ ਮੰਤਰੀ ਨੇ ਪ੍ਰਿੰਸੀਪਲ ਤੇ ਮੈਡੀਕਲ ਸੁਪਰਡੈਂਟ ਨੂੰ ਆਦੇਸ਼ ਦਿੱਤੇ ਕਿ ਲੋਕਾਂ ਦਾ ਸਰਕਾਰੀ ਰਾਜਿੰਦਰਾ ਹਸਪਤਾਲ ਉਪਰ ਬਣਿਆ ਵਿਸ਼ਵਾਸ਼ ਬਹਾਲ ਰੱਖਣ ਲਈ ਉਚੇਚੇ ਯਤਨ ਕੀਤੇ ਜਾਣ। ਉਨ੍ਹਾਂ ਨੇ ਹੋਰ ਕਿਹਾ ਕਿ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਵੀ ਕੋਈ ਕਸਰ ਬਾਕੀ ਨਾ ਛੱਡੀ ਜਾਵੇ ਅਤੇ ਕੋਵਿਡ ਨਾਲ ਹੋਣ ਵਾਲੀ ਹਰ ਮੌਤ ਦਾ ਵਿਸਥਾਰਤ ਵਿਸ਼ਲੇਸ਼ਣ ਕੀਤਾ ਜਾਵੇ। ਉਨ੍ਹਾਂ ਨੇ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕੋਵਿਡ ਮਰੀਜਾਂ ਦੀ 'ਅਟੈਂਡੈਂਟ ਕਾਲ ਮੈਨੇਜਮੈਂਟ ਸਿਸਟਮ' ਤਹਿਤ ਵਾਰਸਾਂ ਨਾਲ ਡਾਕਟਰਾਂ ਵੱਲੋਂ ਵੀਡੀਓ ਕਾਲ ਰਾਹੀਂ ਗੱਲਬਾਤ 'ਤੇ ਵੀ ਜੋਰ ਦਿੱਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਓ.ਪੀ. ਸੋਨੀ ਨੇ ਦੱਸਿਆ ਕਿ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ, ਜਿਸ ਲਈ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਦੀ ਮੁਰੰਮਤ ਅਤੇ ਨਵੀਨੀਕਰਨ ਲਈ 76 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਤੇ ਮੈਡੀਕਲ ਕਾਲਜ ਵਿਖੇ ਕੁਝ ਕੰਮ 50 ਫੀਸਦੀ ਤੇ ਕੁਝ ਕੰਮ 75 ਫੀਸਦੀ ਮੁਕੰਮਲ ਹੋ ਗਏ ਹਨ ਅਤੇ ਬਾਕੀ ਰਹਿੰਦੇ ਕੰਮ ਵੀ 31 ਮਾਰਚ ਤੱਕ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਮੈਡੀਕਲ ਕਾਲਜਾਂ 'ਚ ਨਰਸਾਂ ਤੇ ਹੇਠਲੇ ਸਟਾਫ਼ ਤੋਂ ਲੈਕੇ ਡਾਕਟਰਾਂ ਤੇ ਸੁਪਰ-ਸਪੈਸ਼ਲਿਸਟਾਂ ਦੀ ਭਰਤੀ ਲਈ ਵੀ ਮਨਜ਼ੂਰੀ ਦਿੱਤੀ ਹੈ ਅਤੇ ਕੋਈ ਵੀ ਅਸਾਮੀ ਖਾਲੀ ਨਹੀਂ ਰਹਿਣ ਦਿੱਤੀ ਜਾਵੇਗੀ। ਇੱਕ ਸਵਾਲ ਦੇ ਜਵਾਬ 'ਚ ਸ੍ਰੀ ਓ.ਪੀ. ਸੋਨੀ ਨੇ ਦੱਸਿਆ ਕਿ ਕੋਵਿਡ-19 ਦੀ ਅਗਲੀ ਲਹਿਰ ਨਾਲ ਨਜਿੱਠਣ ਲਈ ਵੀ ਪੰਜਾਬ ਸਰਕਾਰ ਵੱਲੋਂ ਆਕਸੀਜਨ, ਵੈਂਟੀਲੇਟਰਾਂ ਸਮੇਤ ਹਰ ਤਰ੍ਹਾਂ ਦੀਆਂ ਹੋਰ ਲੋੜੀਂਦੀਆਂ ਤਿਆਰੀਆਂ ਮੁਕੰਮਲ ਹਨ ਕਿਉਂਕਿ ਕੋਵਿਡ-19 ਮਰੀਜਾਂ ਦੇ ਬਿਹਤਰ ਇਲਾਜ ਲਈ ਮੁੱਖ ਮੰਤਰੀ ਮਿਸ਼ਨ ਫ਼ਤਹਿ ਤਹਿਤ ਖ਼ੁਦ ਮੋਨੀਟਰਿੰਗ ਕਰ ਰਹੇ ਹਨ। ਇਸ ਤੋਂ ਬਿਨ੍ਹਾਂ ਇਸ ਮਹਾਂਮਾਰੀ ਦੀ ਵੈਕਸੀਨ ਆਉਣ 'ਤੇ ਇਸ ਨੂੰ ਲਗਵਾਉਣ ਲਈ ਵੀ ਤਿਆਰੀਆਂ ਮੁਕੰਮਲ ਹਨ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ 'ਚ ਦੱਸਿਆ ਕਿ ਪੰਜਾਬ ਹੀ ਦੇਸ਼ ਦਾ ਅਜਿਹਾ ਪਹਿਲਾ ਸੂਬਾ ਹੈ, ਜਿਸ ਨੇ ਸਭ ਤੋਂ ਪਹਿਲਾਂ ਕਰਫਿਊ ਦਾ ਐਲਾਨ ਕੀਤਾ ਅਤੇ ਕੋਵਿਡ ਤੋਂ ਬਚਾਅ ਲਈ ਹੁਣ ਵੀ ਲਗਾਤਾਰ ਸਲਾਹਕਾਰੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਵਧੀਕ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ-ਕਮ-ਰਾਜਿੰਦਰਾ ਕੋਵਿਡ ਇੰਚਾਰਜ ਸੁਰਭੀ ਮਲਿਕ, ਸੰਯੁਕਤ ਡਾਇਰੈਕਟਰ ਮੈਡੀਕਲ ਸਿੱਖਿਆ ਤੇ ਖੋਜ ਡਾ. ਅਕਾਸ਼ਦੀਪ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜਨ ਸਿੰਗਲਾ, ਵਾਈਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ, ਮੈਡੀਕਲ ਸੁਪਰਡੈਂਟ ਡਾ. ਐਚ.ਐਸ. ਰੇਖੀ, ਓ.ਐਸ.ਡੀ. ਸੰਜੀਵ ਸ਼ਰਮਾ, ਲੋਕ ਨਿਰਮਾਣ ਵਿਭਾਗ ਦੇ ਐਸ.ਈ. ਪਰਮਜੀਤ ਗੋਇਲ, ਐਕਸੀਐਨ ਐਸ. ਐਲ. ਗਰਗ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਕਸੀਐਨ ਕਰਨਦੀਪ ਸਿੰਘ ਚਾਹਲ, ਐਕਸੀਐਨ ਇਲੈਕਟ੍ਰੀਕਲ ਦਵਿੰਦਰ ਕੌਸ਼ਲ, ਜਨ ਸਿਹਤ ਵਿਭਾਗ ਦੇ ਐਕਸੀਐਨ ਅਮਰੀਕ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਡਾ. ਵਿਨੋਦ ਡੰਗਵਾਲ, ਡਾ. ਵਿਸ਼ਾਲ ਚੋਪੜਾ ਅਤੇ ਹੋਰ ਡਾਕਟਰ ਮੌਜੂਦ ਸਨ।
ਫੋਟੋ ਕੈਪਸ਼ਨ- ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਸ੍ਰੀ ਓ.ਪੀ. ਸੋਨੀ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਵਿਕਾਸ ਕਾਰਜਾਂ ਅਤੇ ਰਾਜਿੰਦਰਾ ਹਸਪਤਾਲ 'ਚ ਕੋਵਿਡ ਦੇ ਇਲਾਜ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ। ਉਨ੍ਹਾਂ ਨਾਲ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਡੀ.ਕੇ. ਤਿਵਾੜੀ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ