ਡਾ. ਅੰਬੇਡਕਰ ਪਰਿਨਿਰਵਾਣ ਦਿਵਸ ਮੌਕੇ ਸੰਤੋਖ ਸਿੰਘ ਜੱਸੀ ਦੀ 
ਪਲੇਠੀ ਪੁਸਤਕ ''ਯੂ.ਐਨ.ਓ. ਤੱਕ...'' ਰਿਲੀਜ਼
 
ਬੰਗਾ : 8 ਦਸੰਬਰ -  ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 64ਵੇਂ ਪਰਿਨਿਰਵਾਣ ਦਿਵਸ ਮੌਕੇ ਸਾਹਿਤਕ ਪ੍ਰੇਮੀ ਅਤੇ ਪੰਜਾਬ ਸਰਕਾਰ ਤੋਂ ਸਨਮਾਨਿਤ ਸਰਪੰਚ ਸ਼੍ਰੀ ਸੰਤੋਖ ਸਿੰਘ ਜੱਸੀ ਦੀ ਪਲੇਠੀ ਪੁਸਤਕ ''ਯੂ.ਐਨ.ਓ. ਤੱਕ...''  ਦਾ ਰਿਲੀਜ਼ ਸਮਾਰੋਹ ਕੀਤਾ ਗਿਆ। ਇਸ ਸਮਾਗਮ ਵਿੱਚ ਉੱਘੇ ਸਾਹਿਤਕਾਰ,  ਖੋਜੀ, ਖੇਤੀ ਵਿਗਿਆਨੀ ਅਤੇ ਯੂ.ਐਨ.ਓ. ਤੋਂ ਸਨਮਾਨਿਤ ਸ਼ਖਸੀਅਤ ਸ੍ਰ: ਮਹਿੰਦਰ ਸਿੰਘ ਦੁਸਾਂਝ ਨੇ ਸ਼੍ਰੀ ਜੱਸੀ ਨੂੰ ਵਧਾਈ ਤੇ ਸ਼ੁੱਭਇੱਛਾਵਾਂ ਦਿੰਦਿਆਂ ਕਿਹਾ ਕਿ ਅੰਬੇਡਕਰੀ ਸਾਹਿਤ ਵਿੱਚ ਉਹਨਾਂ ਦੀ ਇਹ ਕਿਤਾਬ ਅੰਬੇਡਕਰੀ ਪੈਰੋਕਾਰਾਂ ਅਤੇ ਸਾਹਿਤ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲਿਆਂ ਲਈ ਨਵੀਂਆਂ ਜਾਣਕਾਰੀਆਂ ਮੁਹੱਈਆ ਕਰਵਾਉਣ ਵਾਲਾ ਦਸਤਾਵੇਜ਼ ਸਾਬਿਤ ਹੋਵੇਗੀ। ਇਸ ਕਿਤਾਬ ਵਿੱਚ ਸ਼੍ਰੀ ਜੱਸੀ ਨੇ ਡਾ. ਅੰਬੇਡਕਰ ਦੇ ਬਹੁਤ ਸਾਰੇ ਅਣਛੂਹੇ ਪੱਖਾਂ ਅਤੇ ਪੰਜਾਬ ਯਾਤਰਾ ਨੂੰ ਵਿਸ਼ੇਸ਼ ਤੌਰ 'ਤੇ ਵਰਣਨ ਕੀਤਾ ਹੈ। ਇਸ ਮੌਕੇ ਸ਼੍ਰੀ ਜੱਸੀ ਨੇ ਕਿਹਾ ਕਿ ਇਹ ਕਿਤਾਬ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਸੰਘਰਸ਼ਮਈ ਜੀਵਨ ਅਤੇ ਸਮੁੱਚੀ ਮਾਨਵਤਾ ਨੂੰ ਉਹਨਾਂ ਦੀ ਦੇਣ ਵਜੋਂ ਇੱਕ ਸ਼ਰਧਾਂਜਲੀ ਮਾਤਰ ਹੈ। ਉਹਨਾਂ ਨੇ ਕਿਤਾਬ ਛਪਵਾਉਣ ਵਿੱਚ ਸਹਿਯੋਗ ਕਰਨ ਵਾਲੀਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮਿਸ਼ਨਰੀ ਕਵੀ ਅਤੇ ਉੱਘੇ ਲੇਖਕ ਸੋਹਣ ਸਹਿਜਲ ਫਗਵਾੜਾ ਅਤੇ ਡਾ. ਕਸ਼ਮੀਰ ਚੰਦ ਨੇ ਕਿਹਾ ਕਿ ਇਸ ਕਿਤਾਬ ਵਿੱਚ ਬਾਬਾ ਸਾਹਿਬ ਜੀ ਦੀਆਂ ਬਹੁਪੱਖੀ, ਸੰਸਾਰ ਪੱਧਰੀ ਪ੍ਰਾਪਤੀਆਂ ਅਤੇ ਪੰਜਾਬੀਆਂ ਨੂੰ ਦੇਣ ਬਾਰੇ ਵਿਸ਼ੇਸ਼ ਉਲੇਖ ਕੀਤਾ ਗਿਆ ਹੈ। ਇਸ ਮੌਕੇ ਉੱਘੇ ਗ਼ਜ਼ਲਗੋ ਅਮਰੀਕ ਗ਼ਾਫ਼ਿਲ, ਦੀਪ ਕਲੇਰ, ਗਾਇਕ ਅਮਰਿੰਦਰ ਬੌਬੀ ਪਟਿਆਲਾ, ਡਾ. ਨਰੰਜਣ ਪਾਲ, ਡਾ. ਸੁਖਵਿੰਦਰ ਹੀਰਾ, ਪ੍ਰਿੰਸੀਪਲ ਜਸਵੀਰ ਸਿੰਘ ਖਾਨਖਾਨਾਂ, ਹਰਬੰਸ ਹੀਉਂ, ਰੇਸ਼ਮ ਕਰਨਾਣਵੀ, ਮੋਹਣ ਬੀਕਾ, ਸ਼ਿੰਗਾਰਾ ਰਾਮ ਲੰਗੇਰੀ, ਉੱਘੇ ਐਂਕਰ ਸੰਜੀਵ ਕੁਮਾਰ ਐਮਾਂ ਜੱਟਾਂ, ਕਿਸ਼ਨ ਖਟਕੜ੍ਹ, ਬਿੰਦਰ ਝਿੰਗੜਾਂ ਵਾਲਾ, ਰਾਜ ਹੀਉਂ, ਦਵਿੰਦਰ ਬੇਗ਼ਮਪੁਰੀ, ਚਰਨਜੀਤ ਸੱਲਾਂ ਆਦਿ ਹਾਜ਼ਰ ਸਨ।
 ਕੈਪਸ਼ਨ: ਲੇਖਕ ਸੰਤੋਖ ਸਿੰਘ ਜੱਸੀ ਦੀ ਪਲੇਠੀ ਪੁਸਤਕ ''ਯੂ.ਐਨ.ਓ. ਤੱਕ...'' ਨੂੰ ਰਿਲੀਜ਼ ਕਰਦੇ ਹੋਏ ਉੱਘੇ ਸਾਹਿਤਕਾਰ, ਵਿਸ਼ਵ ਪੱਧਰੀ ਸ਼ਖਸੀਅਤ ਸ੍ਰ. ਮਹਿੰਦਰ ਸਿੰਘ ਦੁਸਾਂਝ, ਲੇਖਕ ਸੋਹਣ ਸਹਿਜਲ, ਡਾ. ਕਸ਼ਮੀਰ ਚੰਦ, ਡਾ. ਬਖਸ਼ੀਸ਼ ਸਿੰਘ, ਡਾ. ਸੁਖਵਿੰਦਰ ਹੀਰਾ, ਰਸ਼ਪਾਲ ਕੌਰ ਬੀਕਾ ਆਦਿ ਸ਼ਖਸੀਅਤਾਂ। ਇਨਸੈੱਟ ਪੁਸਤਕ ਦਾ ਕਵਰ ਪੇਜ਼।