ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਤਿੰਨ ਮਹੀਨਿਆਂ ਦੌਰਾਨ 13 ਬੱਚਿਆਂ ਨੂੰ ਸੰਭਾਲਣ ਦੇ ਪ੍ਰਬੰਧ ਕੀਤੇ
3 ਬੱਚੇ ਵਾਰਸਾਂ ਦੇ ਸਪੁਰਦ ਕੀਤੇ,ਵੱਖ-ਵੱਖ ਸੰਸਥਾਵਾਂ 'ਚ ਰਹਿ ਰਹੇ 17 ਬੱਚਿਆਂ ਨੂੰ ਵੀ ਵਾਰਸਾਂ ਦੇ ਹਵਾਲੇ ਕੀਤਾ
ਪਟਿਆਲਾ, 8 ਦਸੰਬਰ: ਪਟਿਆਲਾ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਬਾਲਾਂ ਦੀ ਸੁਰੱਖਿਆ ਹਿਤ ਆਪਣੀ ਨਿਭਾਈ ਜਾ ਰਹੀ ਵਚਨਬੱਧਤਾ ਅਤੇ ਜਿੰਮੇਵਾਰੀ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ 0 ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਸੁਰੱਖਿਆ ਅਤੇ ਭਲਾਈ ਦੇ ਕਾਰਜ ਲਗਾਤਾਰ ਕੀਤੇ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦੀ ਅਗਵਾਈ ਹੇਠ ਪਿਛਲੇ ਤਿੰਨ ਮਹੀਨਿਆਂ ਦੌਰਾਨ 13 ਬੱਚਿਆਂ ਨੂੰ ਵੱਖ-ਵੱਖ ਸੰਸਥਾਵਾਂ ਵਿਖੇ ਰਖਵਾ ਕੇ ਉਨ੍ਹਾਂ ਦੀ ਸੰਭਾਲ, ਰਹਿਣ-ਸਹਿਣ ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਇਨ੍ਹਾਂ ਬੱਚਿਆਂ ਵਿੱਚ ਉਹ ਬੱਚੇ ਸ਼ਾਮਲ ਹਨ, ਜੋ ਕਿਸੇ ਕਾਰਨ ਆਪਣੇ ਘਰਾਂ ਵਿੱਚੋਂ ਚਲੇ ਜਾਂਦੇ ਹਨ, ਜਾਂ ਅਜਿਹੇ ਬੱਚੇ, ਜਿਹੜੇ ਕਿ ਲੋੜਵੰਦ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ 3 ਅਜਿਹੇ ਬੱਚੇ ਉਨ੍ਹਾਂ ਦੇ ਵਾਰਸਾਂ ਦੇ ਸਪੁਰਦ ਕੀਤੇ ਗਏ ਜੋ ਆਪਣੇ ਘਰਾਂ ਵਿੱਚੋਂ ਦੌੜ ਗਏ ਸਨ, ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ 'ਚ ਰਹਿ ਰਹੇ 17 ਬੱਚਿਆਂ ਦਾ ਪੁਨਰਵਾਸ ਕਰਦੇ ਹੋਏ ਉਨ੍ਹਾਂ ਨੂੰ ਉਨ੍ਹਾਂ ਦੇ ਵਾਰਸਾਂ ਦੇ ਸਪੁਰਦ ਵੀ ਕੀਤਾ ਗਿਆ। ਇਸੇ ਤਰ੍ਹਾਂ 2 ਸਾਲਾਂ ਤੋਂ ਬਾਲ ਸੰਭਾਲ ਸੰਸਥਾ ਵਿਖੇ ਰਹਿ ਰਹੀ ਇੱਕ ਲਗਪਗ 12 ਸਾਲਾਂ ਦੀ ਉਮਰ ਦੀ ਲੜਕੀ, ਜੋ ਕਿ ਆਪਣਾ ਪਤਾ ਦਿੱਲੀ ਦਾ ਦੱਸਦੀ ਸੀ, ਦੇ ਮਾਪਿਆਂ ਨੂੰ ਲੱਭ ਕੇ ਉਨ੍ਹਾਂ ਦੇ ਹਵਾਲੇ ਵੀ ਕੀਤਾ ਗਿਆ ਹੈ। ਇਸਦੇ ਨਾਲ ਹੀ 8 ਮਹੀਨੇ ਪਹਿਲਾਂ ਗੁੰਮਸ਼ੁਦਾ 9 ਸਾਲਾ ਲੜਕੀ ਨੂੰ ਬਾਲ ਭਲਾਈ ਕਮੇਟੀ ਪਟਿਆਲਾ ਦੇ ਹੁਕਮਾਂ ਮੁਤਾਬਕ ਬਾਲ ਸੰਭਾਲ ਸੰਸਥਾ ਵਿਖੇ ਰਖਵਾਇਆ ਗਿਆ ਅਤੇ ਇਸ ਬੱਚੀ ਦੀ ਲਗਾਤਾਰ ਕਾਉਂਸਲਿੰਗ ਕਰਕੇ ਬੱਚੀ ਦੇ ਵਾਰਸਾਂ ਨੂੰ ਲੱਭਕੇ ਉਸਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ। ਹਰਪ੍ਰੀਤ ਕੌਰ ਸੰਧੂ ਨੇ ਹੋਰ ਦੱਸਿਆ ਕਿ ਜਦੋਂਕਿ ਇੱਕ ਹੋਰ 9 ਮਹੀਨਿਆਂ ਦੇ ਬੱਚੇ ਦੇ ਗੁੰਮਸ਼ੁਦਾ ਬੱਚੇ ਦੇ ਵਾਰਸਾਂ ਨੂੰ ਲੱਭਕੇ 24 ਘੰਟਿਆਂ ਦੇ ਅੰਦਰ-ਅੰਦਰ ਹੀ ਬੱਚੇ ਦੇ ਵਾਰਸਾਂ ਦੇ ਸਪੁਰਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਪੁਲਿਸ ਅਤੇ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਬਾਲ ਭੀਖ ਨੂੰ ਰੋਕਣ ਲਈ ਲਗਾਤਾਰ ਛਾਪੇਮਾਰੀ ਵੀ ਕੀਤੀ ਜਾਂਦੀ ਹੈ, ਜਿਸ ਦੌਰਾਨ ਅਜਿਹੇ ਬੱਚਿਆਂ ਦੀ ਕਾਉਂਸਲਿੰਗ ਕਰਕੇ ਉਨ੍ਹਾਂ ਭੀਖ ਮੰਗਣ ਤੋਂ ਰੋਕ ਕੇ ਪੜ੍ਹਨ ਲਈ ਪ੍ਰੇਰਤ ਕਰਕੇ ਸਿੱਖਿਆ ਨਾਲ ਜੋੜਿਆ ਜਾ ਰਿਹਾ ਹੈ।