ਮਟਰਾਂ ਦੀ ਕਾਸ਼ਤ, ਪ੍ਰੋਸੈਸਿੰਗ ਤੇ ਮਾਰਕੀਟਿੰਗ ਨੂੰ ਦਿੱਤਾ ਜਾਵੇਗਾ ਹੁਲਾਰਾ  -ਡਾ. ਸ਼ੇਨਾ ਅਗਰਵਾਲ
ਨਵਾਂਸ਼ਹਿਰ, 11 ਦਸੰਬਰ : ਜ਼ਿਲੇ ਨਾਲ ਸਬੰਧਤ ਵੱਖ-ਵੱਖ ਉਤਪਾਦਾਂ ਦਾ ਨਿਰਯਾਤ ਵਧਾਉਣ ਲਈ ਆਉਂਦੇ ਸਮੇਂ ਵਿਚ ਅਹਿਮ ਕਦਮ ਚੁੱਕੇ ਜਾਣਗੇ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਹ ਪ੍ਰਗਟਾਵਾ ਅੱਜ ਇਥੇ ਜ਼ਿਲੇ ਦੀ ਐਕਸਪੋਰਟ ਪ੍ਰਮੋਸ਼ਨ ਕਮੇਟੀ ਦੇ ਮੈਂਬਰਾਂ ਅਤੇ ਵੱਖ-ਵੱਖ ਉਦਯੋਗਿਕ ਇਕਾਈਆਂ ਤੋਂ ਆਏ ਨੁਮਾਇੰਦਿਆਂ ਦੀ ਮੀਟਿੰਗ ਦੌਰਾਨ ਕੀਤਾ, ਜਿਸ ਵਿਚ ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਤੋਂ ਵਿਦੇਸ਼ੀ ਵਪਾਰ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਮਨਜੀਤ ਭਟੋਆ ਉਚੇਚੇ ਤੌਰ 'ਤੇ ਹਾਜ਼ਰ ਹੋਏ, ਜਿਨਾਂ ਵੱਲੋਂ ਐਕਸਪੋਰਟ ਕੀਤੇ ਜਾਂਦੇ ਉਤਪਾਦਾਂ ਬਾਰੇ ਜਾਣਕਾਰੀ ਲੈਂਦਿਆਂ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਉਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਭਾਰਤ ਵਿਚ ਐਕਸਪੋਰਟ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਵਿਚ ਐਕਸਪੋਰਟ ਹੱਬ ਸਥਾਪਿਤ ਕਰਨ ਲਈ ਸ਼ੁਰੂ ਕੀਤੇ ਪ੍ਰੋਗਰਾਮ ਤਹਿਤ ਦੇਸ਼ ਭਰ ਵਿਚ ਮੀਟਿੰਗਾਂ ਜਾਰੀ ਹਨ। ਇਸੇ ਦੌਰਾਨ ਫੂਡ ਪ੍ਰੋਸੈਸਿੰਗ ਵਿਭਾਗ ਪੰਜਾਬ ਅਤੇ ਪੰਜਾਬ ਐਗਰੋ ਇੰਡਸਟ੍ਰੀਜ਼ ਕਾਰਪੋਰੇਸ਼ਨ ਵੱਲੋਂ ਜ਼ਿਲੇ ਦੇ ਉੱਦਮੀਆਂ ਨਾਲ ਕੀਤੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲੇ ਵਿਚ ਮਟਰ ਦੀ ਕਾਸ਼ਤ ਨੂੰ ਹੋਰ ਹੁਲਾਰਾ ਦੇਣ ਦੇ ਨਾਲ-ਨਾਲ ਫ਼ਸਲ ਦੀ ਪ੍ਰੋਸੈਸਿੰਗ ਤੇ ਮਾਰਕੀਟਿੰਗ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਮਟਰ ਦੀ ਪ੍ਰੋਸੈਸਿੰਗ ਲਈ ਨਵੀਆਂ ਇਕਾਈਆਂ ਲਾਉਣ ਲਈ ਸਬਸਿਡੀ 'ਤੇ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਮੁੱਖ ਤੌਰ 'ਤੇ ਸ਼ਾਮਲ ਹੈ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਦੀ ਸਪਾਂਸਰਡ ਸਕੀਮ 'ਪ੍ਰਧਾਨ ਮੰਤਰੀ ਮਾਈਕ੍ਰੋ ਫੂਡ ਪ੍ਰੋਸੈਸਿੰਗ ਉਦਯੋਗਾਂ ਦੀ ਵਿਧੀਵਤ ਯੋਜਨਾ' ਵਿਚ ਪੰਜਾਬ ਨੂੰ ਵੱਡੀ ਸਟੇਟ ਦਾ ਦਰਜਾ ਦਿੱਤਾ ਗਿਆ ਹੈ ਅਤੇ ਸੂਬੇ ਲਈ 306 ਕਰੋੜ ਰੁਪਏ ਦੇ ਫੰਡ ਨਿਰਧਾਰਿਤ ਕੀਤੇ ਗਏ ਹਨ, ਜੋ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ 60:40 ਅਨੁਪਾਤ ਦੀ ਭਾਈਵਾਲੀ ਨਾਲ ਖ਼ਰਚੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਐਗਰੋ ਨੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਲਈ ਮਟਰ ਅਤੇ ਮਟਰ ਉਤਪਾਦਾਂ ਨੂੰ 'ਇਕ ਜ਼ਿਲਾ ਇਕ ਪ੍ਰੋਡਕਟ' (ਓ. ਡੀ. ਓ. ਪੀ) ਵਜੋਂ ਚੁਣਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿਚ 3100 ਹੈਕਟੇਅਰ ਰਕਬੇ ਵਿਚ ਮਟਰਾਂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਯੋਜਨਾ ਨਾਲ ਇਸ ਫ਼ਸਲ ਦੀ ਕਾਸ਼ਤ ਨੂੰ ਵੱਡਾ ਹੁਲਾਰਾ  ਮਿਲੇਗਾ। ਉਨਾਂ ਦੱਸਿਆ ਕਿ ਮਟਰਾਂ ਤੋਂ ਫਰੋਜ਼ਨ ਮਟਰ, ਮਟਰਾਂ ਦਾ ਆਚਾਰ ਅਤੇ ਮਟਰ ਪਾਊਡਰ ਜਿਹੇ ਉਤਪਾਦ ਤਿਆਰ ਕੀਤੇ ਜਾਣਗੇ। ਇਸ ਮੌਕੇ ਡੀ. ਜੀ. ਐਮ (ਉਤਪਾਦ) ਪੰਜਾਬ ਐਗਰੋ ਰਜਨੀਸ਼ ਤੁਲੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਵਿਅਕਤੀਗਤ ਇਕਾਈਆਂ ਲਈ 35 ਫੀਸਦੀ ਕ੍ਰੈਡਿਟ ਲਿੰਕਡ ਸਬਸਿਡੀ ਵਜੋਂ ਵੱਧ ਤੋਂ ਵੱਧ 10 ਲੱਖ ਰੁਪਏ ਦਿੱਤੇ ਜਾਣਗੇ। ਉਨਾਂ ਦੱਸਿਆ ਕਿ ਪੰਜਾਬ ਵਿਚ ਇਕ ਸਾਲ ਵਿਚ ਅਜਿਹੇ 167 ਯੂਨਿਟ ਸਥਾਪਿਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਇਸ ਮੌਕੇ ਜ਼ਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅਮਰਜੀਤ ਸਿੰਘ, ਫੰਕਸ਼ਨਲ ਮੈਨੇਜਰ ਅਰਸ਼ਜੀਤ ਸਿੰਘ, ਸਹਾਇਕ ਡਾਇਰੈਕਟਰ ਬਾਗਬਾਨੀ ਜਗਦੀਸ਼ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਗੁਰਚਰਨ ਅਰੋੜਾ ਤੋਂ ਇਲਾਵਾ ਜ਼ਿਲੇ ਦੇ ਉੱਦਮੀ ਅਤੇ ਸਵੈ-ਸਹਾਈ ਗਰੁੱਪਾਂ ਦੇ ਮੈਂਬਰ ਹਾਜ਼ਰ ਸਨ।
ਕੈਪਸ਼ਨ :-ਨਿਰਯਾਤ ਅਤੇ ਫੂਡ ਪ੍ਰੋਸੈਸਿੰਗ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ। ਨਾਲ ਹਨ ਵਿਦੇਸ਼ੀ ਵਪਾਰ ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਮਨਜੀਤ ਭਟੋਆ, ਡੀ. ਜੀ. ਐਮ ਪੰਜਾਬ ਐਗਰੋ ਰਜਨੀਸ਼ ਤੁਲੀ, ਡੀ. ਆਈ. ਸੀ ਦੇ ਜਨਰਲ ਮੈਨੇਜਰ ਅਮਰਜੀਤ ਸਿੰਘ ਤੇ ਹੋਰ।