*ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਅਤੇ 
ਹੋਰਨਾਂ ਪ੍ਰਸ਼ਾਸਕੀ ਅਧਿਕਾਰੀਆਂ ਦੇ ਲਗਾਏ ਗਏ ਝੰਡੇ*

ਨਵਾਂਸ਼ਹਿਰ, 7 ਦਸੰਬਰ : ਦੇਸ਼ ਦੀ ਰੱਖਿਆ ਲਈ ਬਹਾਦਰ ਫ਼ੌਜੀ ਜਵਾਨਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਉਨਾਂ ਦੇ ਟੋਕਨ ਫਲੈਗ ਲਗਾਏ ਜਾਣ ਮੌਕੇ ਕੀਤਾ। ਇਸ ਮੌਕੇ ਹਾਜ਼ਰ ਜੀ. ਓ. ਜੀਜ਼ ਅਤੇ ਹੋਰਨਾਂ ਸਾਬਕਾ ਸੈਨਿਕਾਂ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਦਿਲਾਂ ਅੰਦਰ ਵਸਾ ਕੇ ਰੱਖੀਏ, ਤਾਂ ਜੋ ਸਾਡੀਆ ਆਉਣ ਵਾਲੀਆਂ ਪੀੜੀਆਂ ਵੀ ਇਨਾਂ ਤੋਂ ਪ੍ਰੇਰਨਾ ਲੈ ਸਕਣ। ਡਿਪਟੀ ਕਮਿਸ਼ਨਰ, ਜਿਹੜੇ ਕਿ ਜ਼ਿਲਾ ਸੈਨਿਕ ਬੋਰਡ ਦੇ ਪ੍ਰ੍ਰਧਾਨ ਵੀ ਹਨ, ਨੇ ਕਿਹਾ ਕਿ ਇਸ ਦਿਨ ਸਮੂਹ ਦੇਸ਼ ਵਾਸੀ ਅਤੇ ਖਾਸ ਕਰ ਕੇ ਪੰਜਾਬ ਦੇ ਲੋਕ ਵੱਖ-ਵੱਖ ਜੰਗਾਂ ਅਤੇ ਓਪਰੇਸ਼ਨਾਂ ਦੌਰਾਨ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਅਤੇ ਜ਼ਖ਼ਮੀ ਹੋਏ ਸਾਬਕਾ ਸੈਨਿਕਾਂ ਦੀ ਮਦਦ ਲਈ ਦਿਲ ਖੋਲ ਕੇ ਝੰਡਾ ਦਿਵਸ ਫੰਡ ਵਿਚ ਸਹਿਯੋਗ ਦਿੰਦੇ ਹਨ। ਉਨਾਂ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮਹਾਨ ਕਾਰਜ ਲਈ ਵੱਧ ਤੋਂ ਵੱਧ ਯੋਗਦਾਨ ਦਿੱਤਾ ਜਾਵੇ, ਤਾਂ ਜੋ ਸਾਡੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਵਾਲਿਆਂ ਦੇ ਪਰਿਵਾਰਾਂ ਦੀ ਭਲਾਈ ਲਈ ਕੁਝ ਨਾ ਕੁਝ ਜ਼ਰੂਰ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਹਥਿਆਰਬੰਦ ਝੰਡਾ ਦਿਵਸ ਲਈ ਦਾਨ ਕੀਤੀ ਜਾਣ ਵਾਲੀ ਰਾਸ਼ੀ ਆਮਦਨ ਕਰ ਤੋਂ ਮੁਕਤ ਹੈ। ਇਸ ਮੌਕੇ ਉਨਾਂ ਹਥਿਆਰਬੰਦ ਝੰਡਾ ਦਿਵਸ ਨੂੰ ਸਮਰਪਿਤ 'ਰਣਯੋਧੇ' ਮੈਗਜ਼ੀਨ ਵੀ ਜਾਰੀ ਕੀਤਾ। ਇਸ ਦੌਰਾਨ ਹੋਰਨਾਂ ਪ੍ਰਸ਼ਾਸਕੀ ਅਧਿਕਾਰੀਆਂ ਦੇ ਵੀ ਝੰਡੇ ਲਗਾਏ ਗਏ। ਇਸ ਮੌਕੇ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵੱਲੋਂ ਜ਼ਿਲਾ ਸੈਨਿਕ ਬੋਰਡ ਦੇ ਸਕੱਤਰ ਕਰਨਲ (ਸੇਵਾਮੁਕਤ) ਦਲਵਿੰਦਰ ਸਿੰਘ ਦੀ ਤਰਫੋਂ ਦੱਸਿਆ ਗਿਆ ਕਿ ਇਸ ਸਾਲ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਝੰਡਾ ਦਿਵਸ ਫੰਡ ਇਕੱਤਰ ਕਰਨ ਲਈ 10 ਲੱਖ ਰੁਪਏ ਦਾ ਟੀਚਾ ਦਿੱਤਾ ਗਿਆ ਹੈ, ਜਿਹੜਾ ਕਿ ਜ਼ਿਲੇ ਦੇ ਸਮੂਹ ਸਾਬਕਾ ਸੈਨਿਕਾਂ/ਸਿਵਲੀਅਨਾਂ ਅਤੇ ਜ਼ਿਲੇ ਦੇ ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਸੈਨਿਕ ਬੋਰਡ ਦੇ ਉੱਪ ਪ੍ਰਧਾਨ ਕਰਨਲ (ਸੇਵਾਮੁਕਤ) ਐਸ. ਐਸ. ਸੇਖੋਂ, ਜੀ. ਓ. ਜੀਜ਼ ਦੇ ਜ਼ਿਲਾ ਇੰਚਾਰਜ ਕਰਨਲ (ਸੇਵਾਮੁਕਤ) ਚੂਹੜ ਸਿੰਘ, ਸੁਪਰਡੈਂਟ ਰਾਮ ਸਿੰਘ, ਭਲਾਈ ਪ੍ਰਬੰਧਕ ਇਕਬਾਲ ਸਿੰਘ, ਰੰਜੀਤਾ ਸਹੋਤਾ ਤੋਂ ਇਲਾਵਾ ਜੀ. ਓ. ਜੀਜ਼ ਅਤੇ ਹੋਰ ਸਾਬਕਾ ਸੈਨਿਕ ਹਾਜ਼ਰ ਸਨ। 
ਕੈਪਸ਼ਨ :-ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਜੀ. ਓ. ਜੀਜ਼ ਅਤੇ ਸਾਬਕਾ ਸੈਨਿਕਾਂ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ।