ਗੁਰੂ ਤੇਗ਼ ਬਹਾਦਰ ਚੈਰੀਟੇਬਲ ਟਰੱਸਟ ਵੱਲੋਂ 10 ਲੱਖ ਰੁਪਏ ਦੀ ਲਾਗਤ ਨਾਲ ਬਣਵਾਏ ਘਰ ਦਾ ਉਦਘਾਟਨ

ਸਾਲ 'ਚ 10 ਤੇ ਪੰਜਾਬ ਵਿੱਚ ਦੂਜਾ ਘਰ ਬਣਵਾ ਕੇ ਲੋੜਵੰਦਾਂ ਦੀ ਕੀਤੀ ਮਦਦ-ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ
ਐਮ.ਐਲ.ਏ. ਰਜਿੰਦਰ ਸਿੰਘ ਵੱਲੋਂ ਪਾਪੜ ਵੜੀਆਂ ਵੇਚ ਕੇ ਗੁਜ਼ਾਰਾ ਕਰਨ ਵਾਲੀ ਲੜਕੀ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ

ਸਮਾਣਾ, 10 ਦਸੰਬਰ:
ਗੁਰੂ ਤੇਗ਼ ਬਹਾਦਰ ਚੈਰੀਟੇਬਲ ਟਰੱਸਟ, ਜਗਾਧਰੀ ਵੱਲੋਂ ਸਮਾਣਾ ਦੇ ਇੱਕ ਲੋੜਵੰਦ ਪਰਿਵਾਰ ਨੂੰ ਬਣਵਾ ਕੇ ਦਿੱਤੇ ਗਏ ਨਵੇਂ ਘਰ ਦਾ ਉਦਘਾਟਨ ਹਲਕਾ ਸਮਾਣਾ ਦੇ ਵਿਧਾਇਕ ਸ੍ਰੀ ਰਾਜਿੰਦਰ ਸਿੰਘ, ਚੈਰੀਟੇਬਲ ਟਰੱਸਟ ਦੇ ਮੁਖੀ ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ ਅਤੇ ਲੋਕ ਸਭਾ ਮੈਂਬਰ ਪਟਿਆਲਾ ਸ੍ਰੀਮਤੀ ਪਰਨੀਤ ਕੌਰ ਦਾ ਵਧਾਈ ਸੁਨੇਹਾ ਲੈ ਕੇ ਵਿਸ਼ੇਸ਼ ਤੌਰ 'ਤੇ ਪੁੱਜੇ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਨੇ ਸਾਂਝੇ ਤੌਰ 'ਤੇ ਕੀਤਾ। ਲਾਭਪਾਤਰੀ ਪਰਿਵਾਰ ਦੀ ਬੱਚੀ ਬੀਬਾ ਜਸਵਿੰਦਰ ਕੌਰ ਜਮਨਾ ਨੇ ਨਵਾਂ ਘਰ 'ਗੁਰੂ ਕਿਰਪਾ ਨਿਵਾਸ' ਮਿਲਣ 'ਤੇ ਭਾਵੁਕ ਹੁੰਦਿਆਂ ਸਾਰਿਆਂ ਦਾ ਧੰਨਵਾਦ ਕੀਤਾ। ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਰਾਹੀਂ ਭੇਜੇ ਵਧਾਈ ਸੰਦੇਸ਼ 'ਚ ਸ੍ਰੀਮਤੀ ਪਰਨੀਤ ਕੌਰ ਨੇ ਬਾਬਾ ਜਸਦੀਪ ਸਿੰਘ ਜਗਾਧਰੀ ਵਾਲਿਆਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਸੰਸਥਾਵਾਂ ਨੂੰ ਵੀ ਅਜਿਹੇ ਲੋਕ ਭਲਾਈ ਦੇ ਕਾਰਜ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਬਾਬਾ ਜਸਦੀਪ ਸਿੰਘ ਜਗਾਧਰੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਟਰਸਟ ਜਰੀਏ 10-10 ਲੱਖ ਰੁਪਏ ਦੀ ਲਾਗਤ ਨਾਲ ਹਰਿਆਣਾ 'ਚ 8 ਅਤੇ ਪੰਜਾਬ ਵਿੱਚ 2 ਘਰ ਬਣਵਾਏ ਹਨ ਅਤੇ ਇਸ ਮਹੀਨੇ ਦੇ ਅੰਤ ਤੱਕ ਪੰਜਾਬ 'ਚ ਇੱਕ ਹੋਰ ਘਰ ਲੋੜਵੰਦ ਪਰਿਵਾਰ ਨੂੰ ਬਣਵਾ ਕੇ ਦਿੱਤਾ ਜਾਵੇਗਾ। ਬਾਬਾ ਜਸਦੀਪ ਸਿੰਘ ਨੇ ਕਿਹਾ ਕਿ ਉਹ ਅਜਿਹਾ ਉਪਰਾਲਾ ਇਸ ਲਈ ਕਰ ਰਹੇ ਹਨ ਤਾਂ ਕਿ ਹੋਰ ਧਾਰਮਿਕ ਜਥੇਬੰਦੀਆਂ ਅਤੇ ਸੰਪਰਦਾਵਾਂ ਵੀ ਗੁਰੂ ਨਾਨਕ ਸਾਹਿਬ ਦੇ ਸਰਬੱਤ ਦੇ ਭਲੇ ਦੇ ਸੰਦੇਸ਼ 'ਤੇ ਚੱਲ ਕੇ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਆਉਣ। ਇਸ ਮੌਕੇ ਹਲਕਾ ਵਿਧਾਇਕ ਸ੍ਰੀ ਰਾਜਿੰਦਰ ਸਿੰਘ ਨੇ ਬਾਬਾ ਜਸਦੀਪ ਸਿੰਘ ਵੱਲੋਂ ਸਮਾਣਾ ਦੇ ਲੋੜਵੰਦ ਪਰਿਵਾਰ ਦੀ ਮਦਦ ਕਰਨ ਲਈ ਅੱਗੇ ਆਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਵੱਲੋਂ ਇਸ ਪਰਿਵਾਰ ਨੂੰ ਲੋੜੀਂਦਾ ਫਰਨੀਚਰ ਪ੍ਰਦਾਨ ਕਰਨਗੇ। ਉਨ੍ਹਾਂ ਕਿਹਾ ਕਿ ਜਸਵਿੰਦਰ ਕੌਰ ਜਮਨਾ, ਜੋ ਕਿ ਪਾਪੜ ਵੜੀਆਂ ਵੇਚਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ, ਦੀ ਸੱਤਵੀਂ ਤੋਂ ਅਗਲੇਰੀ ਪੜਾਈ ਦਾ ਖ਼ਰਚਾ ਵੀ ਉਹ ਕਰਨਗੇ। ਸ੍ਰੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਉਪਰਾਲੇ ਨਾਲ ਹਲਕਾ ਸਮਾਣਾ ਵਿਖੇ 270 ਪਰਿਵਾਰਾਂ ਨੂੰ ਡੇਢ-ਡੇਢ ਲੱਖ ਰੁਪਏ ਦੀ ਮੁਆਵਜਾ ਰਾਸ਼ੀ ਦੇ ਸਰਟੀਫਿਕੇਟ ਵੰਡੇ ਗਏ ਹਨ ਅਤੇ ਕੁਲ 800 ਪਰਿਵਾਰਾਂ ਨੂੰ ਸਮਾਣਾ ਵਿਖੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ਡੀ.ਐਸ.ਪੀ. ਸਮਾਣਾ ਜਸਵੰਤ ਸਿੰਘ ਮਾਂਗਟ, ਤਹਿਸੀਲਦਾਰ ਸੰਦੀਪ ਸਿੰਘ, ਪੀਏ ਸਚਿਨ ਕੁਮਾਰ, ਐਡਵੋਕੇਟ ਅਸ਼ਵਨੀ ਗੁਪਤਾ, ਸਰਪੰਚ ਗਾਜੀਸਲਾਰ ਕਰਮਜੀਤ ਸਿੰਘ, ਸ਼ੰਕਰ ਜਿੰਦਲ, ਲਖਵਿੰਦਰ ਸਿੰਘ ਜਵੰਧਾ, ਸੰਦੀਪ ਸਿੰਘ ਨਾਮਧਾਰੀ ਆਦਿ ਅਤੇ ਹੋਰ ਪਤਵੰਤੇ ਮੌਜੂਦ ਸਨ।
ਫੋਟੋ ਕੈਪਸ਼ਨ-ਗੁਰੂ ਤੇਗ਼ ਬਹਾਦਰ ਚੈਰੀਟੇਬਲ ਟਰੱਸਟ, ਜਗਾਧਰੀ ਵੱਲੋਂ ਸਮਾਣਾ ਦੇ ਇੱਕ ਲੋੜਵੰਦ ਪਰਿਵਾਰ ਨੂੰ ਬਣਵਾ ਕੇ ਦਿੱਤੇ ਗਏ ਨਵੇਂ ਘਰ 'ਗੁਰੂ ਕਿਰਪਾ ਨਿਵਾਸ' ਦਾ ਹਲਕਾ ਸਮਾਣਾ ਦੇ ਵਿਧਾਇਕ ਸ੍ਰੀ ਰਾਜਿੰਦਰ ਸਿੰਘ, ਚੈਰੀਟੇਬਲ ਟਰੱਸਟ ਦੇ ਮੁਖੀ ਬਾਬਾ ਜਸਦੀਪ ਸਿੰਘ ਜਗਾਧਰੀ ਵਾਲੇ ਅਤੇ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਸ੍ਰੀ ਰਾਜੇਸ਼ ਕੁਮਾਰ ਨੇ ਸਾਂਝੇ ਤੌਰ 'ਤੇ ਉਦਘਾਟਨ ਕਰਦੇ ਹੋਏ।