ਸਮੂਹ ਡਾਕਟਰਾਂ ਅਤੇ ਹਸਪਤਾਲਾਂ ਨੇ ਆਪਣੀਆਂ ਉ.ਪੀ.ਡੀ. ਸੇਵਾਵਾਂ
ਮਿਕਸੋਪੈਥੀ ਬਿੱਲ ਦੇ ਵਿਰੋਧ ਵਿਚ ਬੰਦ ਰੱਖੀਆਂ

ਮਿਕਸੋਪੈਥੀ ਮਰੀਜ਼ਾਂ ਲਈ ਬਹੁਤ ਹਾਨੀਕਾਰਕ
ਅਤੇ ਜਾਨਲੇਵਾ ਸਿੱਧ ਹੋਵੇਗੀ -ਡਾ. ਪਰਮਜੀਤ ਮਾਨ

 

ਨਵਾਂਸ਼ਹਿਰ : 11 ਦੰਸਬਰ : ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਇੰਡੀਅਨ ਡੈਂਟਲ ਐਸੋਸੀਏਸ਼ਨ, ਪੰਜਾਬ ਵਲੋਂ ਪੋਸਟ ਗਰੈਜੂਏਟ ਆਯੂਰਵੇਦ ਸਿੱਖਿਆ ਵਿੱਚ ਸੈਂਟਰਲ ਕੌਸਲ ਆਫ ਇੰਡੀਅਨ ਸਿਸਟਮ ਆਫ ਮੈਡੀਸਨ ਵਲੋਂ ਲਾਗੂ ਕੀਤੇ ਜਾ ਰਹੇ ਮਿਕਸੋਪੈਥੀ ਬਿੱਲ ਦੇ ਵਿਰੋਧ ਵਿਚ ਅੱਜ ਪੰਜਾਬ ਭਰ ਵਿਚ ਸਮੂਹ ਡਾਕਟਰਾਂ ਅਤੇ ਹਸਪਤਾਲਾਂ ਨੇ ਆਪਣੀਆਂ ਉ.ਪੀ.ਡੀ. ਸੇਵਾਵਾਂ ਬੰਦ ਰੱਖੀਆਂ । ਕੇਂਦਰ ਸਰਕਾਰ ਵੱਲ਼ੋਂ ਬਣਾਏ ਮਿਕਸੋਪੈਥੀ ਬਿੱਲ/ਕਾਨੂੰਨ ਬਾਰੇ ਡਾ. ਪਰਮਜੀਤ ਮਾਨ ਸਕੱਤਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਰਕਾਰ ਵੱਲੋਂ ਧੱਕੇ ਨਾਲ ਲਾਗੂ ਕੀਤੇ ਜਾ ਰਹੇ ਮਿਕਸੋਪੈਥੀ  ਬਿੱਲ  ਵਿਗਿਆਨਿਕ ਤੌਰ ਉੱਤੇ ਵੱਖ-ਵੱਖ ਮੈਡੀਕਲ ਇਲਾਜ਼ ਪ੍ਰਣਾਲੀਆਂ ਦਾ ਘਾਲਾ- ਮਾਲਾ ਹੈ ਅਤੇ ਉਹਨਾਂ ਨੇ ਇਸ ਗਲਤ ਕਾਨੂੰਨ ਨੂੰ ਤੁਰੰਤ ਵਾਪਸ ਲਏ ਜਾਣ ਦੀ ਪੁਰਜ਼ੋਰ ਮੰਗ ਕੀਤੀ ਹੈ । ਡਾ. ਮਾਨ ਨੇ ਕਿਹਾ ਕਿ  ਸਰਕਾਰ ਦੀ ਇਸ ਨਵੀਂ ਨੀਤੀ ਨਾਲ ਐਲੋਪੈਥੀ ਅਤੇ ਆਯੁਰਵੈਦ ਪੈਥੀਆਂ ਦਾ ਜਿਹੜਾ ਘਾਲਾ-ਮਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਮਰੀਜ਼ਾਂ ਲਈ ਬਹੁਤ ਹਾਨੀਕਾਰਕ ਅਤੇ ਜਾਨਲੇਵਾ ਸਿੱਧ ਹੋਵੇਗੀ । ਕਿਉਂਕਿ ਐਲੋਪੈਥੀ ਅਤੇ ਆਯੁਰਵੈਦ ਪੈਥੀਆਂ ਬਿਲਕੁੱਲ ਅਲੱਗ-ਅਲੱਗ ਪ੍ਰਕਾਰ ਦੀ ਇਲਾਜ ਪੈਥੀਆਂ ਹਨ । ਐਲੋਪੈਥੀ ਵਿਚ ਹੋ ਰਹੀਆਂ ਨਿੱਤ ਨਵੀਆਂ ਖੋਜਾਂ ਕਰਕੇ  ਇਹ ਮਰੀਜ਼ਾਂ ਨੂੰ ਛੇਤੀ ਤੰਦਰੁਸਤ ਕਰਨ ਵਾਲੀ ਵਿਗਿਆਨਕ ਇਲਾਜ ਪੈਥੀ ਹੈ। ਸਰਕਾਰ ਦੇ ਇਸ ਨਵੇਂ ਕਾਨੂੰਨ ਨਾਲ ਆਯੁਰਵੈਦਿਕ,  ਯੂਨਾਨੀ ਅਤੇ ਹੋਰ ਪੁਰਾਤਨ ਇਲਾਜ ਪੈਥੀਆਂ ਨਾਲ ਮਰੀਜ਼ਾਂ ਦਾ ਇਲਾਜ ਕਰਨ ਵਾਲਿਆਂ ਨੂੰ ਅਪਰੇਸ਼ਨ  ਕਰਨ ਦੀ ਮਾਨਤਾ ਦੇਣਾ ਮਨੁੱਖੀ ਜੀਵਨ ਨਾਲ ਵੱਡਾ ਖਿਲ਼ਵਾੜ ਹੋਵੇਗਾ । ਇਸੇ ਲਈ ਮਿਕਸੋਪੈਥੀ ਬਿੱਲ ਦੇ ਵਿਰੋਧ ਵਿਚ ਅੱਜ ਪੰਜਾਬ ਭਰ ਵਿਚ ਸਮੂਹ ਡਾਕਟਰਾਂ ਅਤੇ ਹਸਪਤਾਲਾਂ ਵੱਲੋਂ ਆਪਣੀਆਂ ਉ.ਪੀ.ਡੀ. ਸੇਵਾਵਾਂ ਬੰਦ ਰੱਖੀਆਂ ਗਈਆਂ ਹਨ| ਇਹ ਜਾਣਕਾਰੀ ਦੇਣ ਮੌਕੇ ਡਾ. ਪਰਮਜੀਤ ਮਾਨ ਸਕੱਤਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ  ਡਾ. ਜਸਵਿੰਦਰ  ਸਿੰਘ ਸੈਣੀ, ਡਾ. ਜਗਮੋਹਨ ਪੁਰੀ, ਡਾ. ਦੀਪਇੰਦਰ  ਸਿੰਘ ਸੰਧੂ, ਡਾ. ਜੇ.ਐਸ. ਸੰਧੂ,  ਡਾ. ਬਲਰਾਜ ਚੌਧਰੀ, ਡਾ. ਬਚਿੱਤਰ ਸਿੰਘ, ਡਾ. ਅਮਨਦੀਪ ਸਿੰਘ ਅਤੇ ਆਈ.ਐਮ.ਏ. ਅਤੇ ਆਈ.ਡੀ.ਏ. ਦੇ ਹੋਰ ਮੈਂਬਰ ਵੀ ਹਾਜ਼ਰ ਸਨ ।