ਕਿਸਾਨਾਂ ਦੀ ਹਮਾਇਤ ਵਿੱਚ ਜਿਲਾ ਨਵਾਂਸ਼ਹਿਰ ਮੁਕੰਮਲ ਬੰਦ, ਲੰਗੜੋਆ ਬਾਈਪਾਸ ਉੱਤੇ ਲੱਗਾ ਜ਼ਿਲ੍ਹਾ ਪੱਧਰੀ ਜਾਮ
ਨਵਾਂਸ਼ਹਿਰ 8 ਦਸੰਬਰ  :- ਅੱਜ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਦੇਸ਼ ਵਿਆਪੀ ਬੰਦ ਦੇ ਸੱਦੇ ਉੱਤੇ ਕਿਰਤੀ ਕਿਸਾਨ ਯੂਨੀਅਨ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਲੰਗੜੋਆ ਬਾਈਪਾਸ ਉੱਤੇ  ਜ਼ਿਲ੍ਹਾ  ਪੱਧਰੀ ਜਾਮ ਲਾਇਆ ਗਿਆ । ਵਿਸ਼ਾਲ ਰੈਲੀ ਦਾ ਰੂਪ ਧਾਰੇ ਧਰਨੇ ਦੀ ਪ੍ਰਧਾਨਗੀ ਮੱਖਣ ਸਿੰਘ ਭਾਨਮਜਾਰਾ, ਰਘਵੀਰ ਸਿੰਘ ਉਸਮਾਨਪੁਰ, ਬਿੱਕਰ ਸਿੰਘ , ਕੈਪਟਨ ਰਘਬੀਰ ਸਿੰਘ ਅਤੇ ਸੁਰਿੰਦਰ ਸਿੰਘ ਮੱਲ ਪੁਰੀ ਨੇ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਭੁਪਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ , ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਬੀਬੀ ਗੁਰਬਖਸ਼ ਕੌਰ ਸੰਘਾ,ਟਰੱਕ ਯੂਨੀਅਨ ਟਰੱਕ ਯੂਨੀਅਨ ਨਵਾਂਸ਼ਹਿਰ ਦੇ ਪ੍ਰਧਾਨ ਇਕਬਾਲ ਸਿੰਘ, ਜਮਹੂਰੀ ਅਧਿਕਾਰ ਸਭਾ ਦੇ  ਜ਼ਿਲ੍ਹਾ  ਸਕੱਤਰ ਜਸਬੀਰ ਦੀਪ, ਜਰਨੈਲ ਸਿੰਘ ਖਾਲਸਾ, ਇੰਡੀਅਨ ਮੈਡੀਕਲ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਸਕੱਤਰ ਡਾਕਟਰ ਪਰਮਜੀਤ ਮਾਨ, ਡਾਕਟਰ ਪਰਮਿੰਦਰ ਸਿੰਘ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਜਿਲਾ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ ,ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ ,ਪੇਂਡੂ ਮਜਦੂਰ ਯੂਨੀਅਨ ਆਗੂ ਹਰੀ ਰਾਮ ਰਸੂਲਪੁਰੀ ਆਦਿ ਬੁਲਾਰਿਆਂ ਨੇ ਆਖਿਆ ਕਿ ਇਹ ਲੜਾਈ ਹੁਣ ਸਿਰਫ ਕਿਸਾਨਾਂ ਦੀ ਹੀ ਨਹੀਂ ਸਗੋਂ ਮੋਦੀ ਸਰਕਾਰ ਵਿਰੁੱਧ ਸਮੁੱਚੇ ਦੇਸ਼ ਦੀ ਲੜਾਈ ਬਣ ਗਈ ਹੈ ਜਿਸਦਾ ਅੰਤ ਸਰਕਾਰ ਦੀ ਹਾਰ ਵਿਚ ਹੋਵੇਗਾ । ਇਹ ਖੇਤੀ ਕਾਨੂੰਨ ਕਿਸਾਨੀ ਨੂੰ ਬਰਬਾਦ ਕਰਕੇ ਕਾਰਪੋਰੇਟਰਾਂ ਨੂੰ ਲਾਭ ਦੇਣ ਵਾਲੇ ਹਨ । ਸਮੁੱਚਾ ਦੇਸ਼ ਇਸ ਗੱਲ ਨੂੰ ਸਮਝ ਚੁੱਕਾ ਹੈ ਕਿ ਜੇਕਰ ਦੇਸ਼ ਦਾ ਅੰਨਦਾਤਾ ਬਰਬਾਦ ਹੁੰਦਾ ਹੈ ਤਾਂ ਦੇਸ਼ ਬਰਬਾਦ ਹੋ ਜਾਵੇਗਾ । ਮੋਦੀ ਸਰਕਾਰ ਦੇਸ਼ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ।ਲੋਕਾਂ ਦੇ ਹੜ੍ਹ ਅੱਗੇ ਜਾਲਮ ਮੋਦੀ ਸਰਕਾਰ ਟਿਕ ਨਹੀਂ ਸਕੇਗੀ । ਕਿਸਾਨਾਂ ਦੇ ਸੰਘਰਸ਼ ਵਿਚ ਮਜਦੂਰ, ਟਰਾਂਸਪੋਰਟਰ , ਮੁਲਾਜ਼ਮ, ਨੌਜਵਾਨ, ਔਰਤਾਂ, ਬੱਚੇ, ਪ੍ਰਵਾਸੀ ਮਜਦੂਰ, ਵਿਦਿਆਰਥੀ ਸਭ ਸੰਘਰਸ਼ ਦੇ ਪਿੜ ਵਿਚ ਹਨ , ਪਿੰਡਾਂ ਦੇ ਪਿੰਡ ਉੱਠ ਖਲੋਤੇ ਹਨ। ਇਸ ਸ਼ੰਘਰਸ਼ ਵਿਚ ਜਿੱਤ ਦਾ ਪਰਚਮ ਲਹਿਰਾਉਣ ਲਈ ਵਿਦੇਸ਼ਾਂ ਵਿਚ ਵਸੇ ਭਾਰਤੀ ਵੀ ਕੁੱਦ ਪਏ ਹਨ । ਇਸ ਮੌਕੇ ਡੀ.ਟੀ ਐਫ ਦੇ ਮੁਲਖ ਰਾਜ, ਆਸ਼ਾ ਵਰਕਰ ਯੂਨੀਅਨ ਆਗੂ ਸ਼ਕੁੰਤਲਾ ਦੇਵੀ , ਆਟੋ ਵਰਕਰ ਯੂਨੀਅਨ ਆਗੂ ਪੁਨੀਤ ਕਲੇਰ, ਬਿੱਲਾ ਗੁੱਜਰ, ਟੈਕਸੀ ਯੂਨੀਅਨ ਦੇ ਚਰਨਜੀਤ ਸਿੰਘ ਰਾਣਾ, ਪ੍ਰਵਾਸੀ ਮਜਦੂਰ ਯੂਨੀਅਨ ਦੇ ਪ੍ਰਵੀਨ ਕੁਮਾਰ ਨਿਰਾਲਾ, ਰੇਹੜੀ ਵਰਕਰ ਯੂਨੀਅਨ ਦੇ ਆਗੂ ਹਰੇ ਰਾਮ , ਭੱਠਾ ਵਰਕਰ ਯੂਨੀਅਨ ਆਗੂ ਗੁਰਦਿਆਲ ਰੱਕੜ, ਪਰਮਜੀਤ ਸੰਘਾ, ਪਾਖਰ ਸਿੰਘ ਉਸਮਾਨ ਪੁਰ ਨੇ ਵੀ ਵਿਚਾਰ ਪ੍ਰਗਟ ਕੀਤੇ । ਅੱਜ ਦੇ ਇਕੱਠ ਵਿਚ ਲੋਕ ਵੱਡੇ ਵੱਡੇ ਕਾਫਲਿਆਂ ਦੇ ਰੂਪ ਵਿਚ ਜਾਮ ਵਿਚ ਪਹੁੰਚੇ ਜਿਹਨਾਂ ਨੇ ਮੋਦੀ ਸਰਕਾਰ ਨੂੰ ਕੰਬਣੀ ਛੇੜ ਦਿੱਤੀ । ਇਸ ਮੌਕੇ ਲੰਗੜੋਆ ਵਾਸੀਆਂ ,ਧਾਰਮਿਕ ਤੇ ਸਿਆਸੀ ਜਥੇਬੰਦੀਆਂ ਨੇ ਦਿੱਲ ਖੋਹਲ ਕੇ ਲੰਗਰ ਅਤੇ ਚਾਹ ਪਾਣੀ ਦੀ ਸੇਵਾ ਕੀਤੀ ।
ਫੋਟੋ ਕੈਪਸ਼ਨ :- ਲੰਗੜੋਆ ਬਾਈਪਾਸ ਉੱਤੇ ਲੱਗਾ ਜ਼ਿਲ੍ਹਾ ਪੱਧਰੀ ਜਾਮ ਦੀਆਂ ਤਸਵੀਰਾਂ