ਬਾਲ ਸੁਰੱਖਿਆ ਯੂਨਿਟ ਵੱਲੋਂ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ


ਨਵਾਂਸ਼ਹਿਰ, 13 ਫਰਵਰੀ : (ਬਿਊਰੋ) ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਪੱਤਰ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਲ ਸੁਰੱਖਿਆ ਯੂਨਿਟ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਬਾਲ ਸੁਰੱਖਿਆ ਅਫ਼ਸਰ ਸਮਾਇਲੀ ਥਿੰਦ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਕਰਮਚਾਰੀਆਂ ਤੇ ਕਮੇਟੀ ਮੈਂਬਰਾਂ ਵੱਲੋਂ ਅੱਜ ਨਵਾਂਸ਼ਹਿਰ ਵਿਖੇ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਸਮਾਇਲੀ ਥਿੰਦ ਨੇ ਦੱਸਿਆ ਕਿ  ਪਹਿਲਾਂ ਵੀ ਸਕੂਲੀ ਵਾਹਨਾਂ ਦੀ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਂਦੀ ਹੈ ਅਤੇ ਅੱਜ ਦੀ ਚੈਕਿੰਗ ਸੜਕ ਸੁਰੱਖਿਆ ਮਹੀਨੇ ਅਤੇ 'ਸੜਕ ਸੁਰੱਖਸ਼ਾ, ਜੀਵਨ ਰੱਖਸ਼ਾ' ਮੁਹਿੰਮ ਤਹਿਤ ਕੀਤੀ ਗਈ। ਉਨਾਂ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਅਨੁਸਾਰ ਅੱਜ ਸਕੂਲੀ ਬੱਸਾਂ ਵਿਚ ਔਰਤ ਅਟੈਂਡੈਂਟ, ਸਪੀਡ ਗਵਰਨਰ, ਸੀ. ਸੀ. ਟੀ. ਵੀ ਕੈਮਰੇ, ਫਸਟ ਏਡ ਕਿੱਟ ਅਤੇ ਅੱਗ ਬੁਝਾਊ ਯੰਤਰ ਆਦਿ ਸਬੰਧੀ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਵਾਹਨ ਡਰਾਈਵਰਾਂ ਦਾ ਫਿੱਟਨੈੱਸ ਸਰਟੀਫਿਕੇਟ, ਪੰਜ ਸਾਲ ਦਾ ਤਜ਼ਰਬਾ ਅਤੇ ਨਿਰਧਾਰਤ ਸੀਟਾਂ ਤੋਂ ਵੱਧ ਬੱਚੇ ਆਦਿ ਬਿਠਾਉਣ ਸਬੰਧੀ ਵੀ ਜਾਂਚ ਕੀਤੀ ਗਈ। ਉਨਾਂ ਸਕੂਲ ਪ੍ਰਬੰਧਕਾਂ ਨੂੰ ਤਾਕੀਦ ਕੀਤੀ ਕਿ ਉਹ ਸੇਫ ਸਕੂਲ ਵਾਹਨ ਪਾਲਿਸੀ ਨੂੰ ਪੂਰੀ ਤਰਾਂ ਲਾਗੂ ਕਰਨਾ ਯਕੀਨੀ ਬਣਾਉਣ। ਉਨਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।  
ਕੈਪਸ਼ਨ :- ਬਾਲ ਸੁਰੱਖਿਆ ਅਫ਼ਸਰ ਸਮਾਇਲੀ ਥਿੰਦ ਦੀ ਅਗਵਾਈ ਵਿਚ ਸਕੂਲੀ ਵਾਹਨਾਂ ਦੀ ਚੈਕਿੰਗ ਕਰਦੀ ਹੋਈ ਬਾਲ ਸੁਰੱਖਿਆ ਯੂਨਿਟ ਦੀ ਟੀਮ।