ਟੀ ਬੀ ਵਿਰੁੱਧ ਲੜਾਈ ਵਿਚ ਸਮਾਜਿਕ ਭੇਦਭਾਵ ਸਭ ਤੋਂ ਵੱਡੀ ਰੁਕਾਵਟ : ਡਾ. ਗੁਰਦੀਪ ਸਿੰਘ ਕਪੂਰ

ਕੇਂਦਰੀ ਟੀਮ ਨੇ ਡਰੱਗ ਇੰਸਪੈਕਟਰ, ਪ੍ਰਾਈਵੇਟ ਡਾਕਟਰਾਂ ਅਤੇ ਕੈਮਿਸਟਾਂ ਨਾਲ ਮੁਲਾਕਾਤ ਕਰਕੇ ਟੀਬੀ ਡਾਟੇ ਅਤੇ ਟੀਬੀ ਦੀ ਦਵਾਈ ਦੀ ਖਪਤ ਦੇ ਰਿਕਾਰਡ ਦੀ ਡੂੰਘਾਈ ਨਾਲ ਕੀਤੀ ਜਾਂਚ

ਨਵਾਂਸ਼ਹਿਰ, 19 ਫਰਵਰੀ : (ਬਿਊਰੋ) ਭਾਰਤ ਸਰਕਾਰ ਦੇ ਤਪਦਿਕ (ਟੀਬੀ) ਦੀ ਬਿਮਾਰੀ ਨੂੰ ਸਾਲ 2025 ਤੱਕ ਖਤਮ ਕਰਨ ਦੇ ਟੀਚੇ ਵਿਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਯੋਗਦਾਨ ਦੀ ਨਿਰੰਤਰ ਸਮੀਖਿਆ ਹੋ ਰਹੀ ਹੈ। ਭਾਰਤ ਸਰਕਾਰ ਵੱਲੋਂ ਟੀਬੀ ਕੇਸਾਂ ਨੂੰ ਘਟਾਉਣ ਵਾਲੇ ਜ਼ਿਿਲ੍ਹਆਂ ਨੂੰ ਵਿੱਤੀ ਸਹਾਇਤਾ ਦੇ ਨਾਲ-ਨਾਲ ਪ੍ਰਸ਼ੰਸਾ ਪੱਤਰ ਦੇਣ ਦੇ ਐਲਾਨ ਦੇ ਨਾਲ ਹੀ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੇ ਸਾਲ 2015 ਦੇ ਮੁਕਾਬਲੇ ਸਾਲ 2020 ਵਿੱਚ ਜ਼ਿਲ੍ਹੇ ਵਿੱਚੋਂ 20 ਫੀਸਦੀ ਕੇਸ ਘਟਾਉਣ ਦੇ "ਉਪ ਕੌਮੀ ਪ੍ਰਮਾਣੀਕਰਨ" ਦਾਅਵੇ ਅਧੀਨ ਕਾਂਸੇ ਵਰਗ ਦੇ ਐਵਾਰਡ ਉੱਤੇ ਆਪਣਾ ਹੱਕ ਜਤਾਇਆ ਸੀ, ਜਿਸ ਦੀ ਜਾਂਚ ਵਿਸ਼ਵ ਸਿਹਤ ਸੰਸਥਾ (ਡਬਲਿਊ.ਐੱਚ.ਓ.), ਭਾਰਤੀ ਸਮਾਜਿਕ ਮੈਡੀਸਨ ਅਤੇ ਰੋਕਥਾਮ ਐਸੋਸੀਏਸ਼ਨ (ਆਈ.ਏ.ਪੀ.ਐੱਸ.ਐੱਮ.) ਅਤੇ ਕੇਂਦਰ ਸਰਕਾਰ ਦੀ ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ) ਦੀ ਕੇਂਦਰੀ ਟੀਮ ਕਰ ਰਹੀ ਹੈ। ਇਸ ਕੇਂਦਰੀ ਟੀਮ ਵਿਚ ਡਾ. ਹਾਰਦਿਕ ਸੋਲੰਕੀ ਡਬਲਿਊ.ਐੱਚ.ਓ. ਸੀ.ਟੀ.ਓ. ਨਵੀਂ ਦਿੱਲੀ ਤੇ ਡਾ. ਸੁਧਾ ਰਾਣੀ ਐਨ.ਆਈ.ਟੀ. (ਆਈ.ਏ.ਪੀ.ਐੱਸ.ਐੱਮ.), ਡਾ. ਅਨੁਰਾਗ ਚੌਧਰੀ, ਡਾ. ਸਾਰਿਤ ਸ਼ਰਮਾ., ਡਾ. ਮਹੇਸ਼ ਸਾਤਿਜਾ ਅਤੇ ਡਾ. ਪ੍ਰਭਲੀਨ ਕੌਰ ਡੀ.ਐਮ.ਸੀ.ਐੱਚ. ਲੁਧਿਆਣਾ ਸਮੇਤ ਡਬਲਿਊ.ਐੱਚ.ਓ. ਕੰਸਲਟੈਂਟ ਪੂਜਾ ਕਪੂਰ ਅਤੇ ਡਾ. ਸਵਾਤੀ ਅਈਅਰ ਸਮੇਤ ਨਵਾਂਸ਼ਹਿਰ ਦੇ ਕਾਰਜਕਾਰੀ ਜ਼ਿਲ੍ਹਾ ਟੀਬੀ ਅਫਸਰ ਡਾ. ਸਿਮਲ ਗਿੱਲ ਸ਼ਾਮਲ ਸਨ।  ਇਸੇ ਕੜੀ ਤਹਿਤ ਕੇਂਦਰੀ ਟੀਮ ਨੇ ਅੱਜ ਸਿਵਲ ਸਰਜਨ ਦਫਤਰ ਵਿਖੇ ਮੀਟਿੰਗ ਹਾਲ ਵਿਚ ਸਿਹਤ ਵਿਭਾਗ ਦੇ ਡਰੱਗ ਇੰਸਪੈਕਟਰ, ਪ੍ਰਾਈਵੇਟ ਡਾਕਟਰਾਂ ਅਤੇ ਕੈਮਿਸਟਾਂ ਨਾਲ ਮੁਲਾਕਾਤ ਕਰਕੇ ਟੀਬੀ ਡਾਟੇ ਅਤੇ ਟੀ ਬੀ ਦੀ ਦਵਾਈ ਦੀ ਖਪਤ ਦੇ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕੀਤੀ। ਇਸ ਮੌਕੇ ਉਨ੍ਹਾਂ ਦੇ ਬਿਆਨ ਵੀ ਰਿਕਾਰਡ ਕੀਤੇ ਗਏ। ਕੇਂਦਰੀ ਟੀਮ ਵੱਲੋਂ ਹੁਣ ਤੱਕ ਕੀਤੀ ਗਈ ਜਾਂਚ ਵਿਚ ਤਸੱਲੀਬਖਸ਼ ਤੇ ਸਾਰਥਕ ਨਤੀਜਾ ਮਿਲਣ ਦੀ ਆਸ ਜਤਾਈ ਜਾ ਰਹੀ ਹੈ।  ਇੱਥੇ ਵਰਣਨਯੋਗ ਹੈ ਕਿ ਭਾਰਤ ਸਰਕਾਰ ਨੇ 80 ਫੀਸਦੀ ਟੀਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ 10 ਲੱਖ ਰੁਪਏ ਦੇਣ ਦੇ ਨਾਲ-ਨਾਲ ਟੀਬੀ ਮੁਕਤ ਰੁਤਬੇ ਦਾ ਸਨਮਾਨ ਦਿੱਤਾ ਜਾਵੇਗਾ। 60 ਫੀਸਦੀ ਟੀਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ ਗੋਲਡ ਵਰਗ ਦੇ ਤੌਰ ਉੱਤੇ 5 ਲੱਖ ਰੁਪਏ, 40 ਫੀਸਦੀ ਟੀਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ ਸਿਲਵਰ ਵਰਗ ਦੇ ਤੌਰ ਉੱਤੇ 3 ਲੱਖ ਰੁਪਏ ਅਤੇ 20 ਫੀਸਦੀ ਟੀਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ ਬਰਾਊਂਜ ਵਰਗ ਦੇ ਤੌਰ ਉੱਤੇ 2 ਲੱਖ ਰੁਪਏ ਦਾ ਐਵਾਰਡ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਹ ਸਨਮਾਨ 24 ਮਾਰਚ ਨੂੰ ਵਿਸ਼ਵ ਟੀਬੀ ਦਿਵਸ ਮੌਕੇ ਰਾਸ਼ਟਰੀ ਪੱਧਰ ਉੱਤੇ ਦਿੱਤਾ ਜਾਂਦਾ ਹੈ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਪੰਜਾਬ ਦੇ ਤਿੰਨ ਜ਼ਿਲਿਆਂ ਵਿਚ ਟੀਬੀ ਕੇਸਾਂ ਦੇ ਨਿਰੀਖਣ ਲਈ ਸਰਵੇ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਸ਼ਹੀਦ ਭਗਤ ਸਿੰਘ ਨਗਰ ਵੀ ਸ਼ਾਮਲ ਹੈ। ਇਹ ਜਾਂਚ ਉਪ ਕੌਮੀ ਪ੍ਰਮਾਣੀਕਰਨ ਲਈ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਨੇ ਤਪਦਿਕ (ਟੀਬੀ) ਨੂੰ ਹਰਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ। ਭਾਰਤ ਸਰਕਾਰ ਦੇਸ਼ ਵਿੱਚੋਂ ਟੀਬੀ ਦੀ ਬਿਮਾਰੀ ਦੇ ਬੋਝ ਨੂੰ ਘਟਾਉਣ ਲਈ ਜ਼ਿਲਿਆਂ ਨੂੰ ਢੁੱਕਵੇਂ ਕਦਮ ਉਠਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਡਾ. ਕਪੂਰ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ (ਐੱਨ.ਟੀ.ਈ.ਪੀ.) ਤਹਿਤ ਦੇਸ਼ ਵਿਚੋਂ ਟੀਬੀ ਦੀ ਬਿਮਾਰੀ ਨੂੰ ਸਾਲ 2025 ਵਿਚ ਖਤਮ ਕਰਨ ਦਾ ਟੀਚਾ ਮਿਿਥਆ ਹੋਇਆ ਹੈ। ਭਾਰਤ ਵਿਚ ਅੰਦਾਜ਼ਨ 26 ਲੱਖ ਤੋਂ ਵੱਧ ਟੀਬੀ ਦੇ ਸਰਗਰਮ ਮਰੀਜ਼ ਹਨ, ਜਿਨ੍ਹਾਂ ਵਿਚੋਂ ਹਰ ਸਾਲ ਪੰਜ ਲੱਖ ਟੀਬੀ ਰੋਗੀਆਂ ਦੀ ਮੌਤ ਹੋ ਜਾਂਦੀ ਹੈ। ਤਪਦਿਕ (ਟੀਬੀ) ਛੂਤ ਦੀ ਬਿਮਾਰੀ ਹੈ ਜੋ ਖੰਘਣ, ਛਿੱਕਣ ਤੇ ਹਵਾ ਰਾਹੀਂ ਇਕ ਤੋਂ ਦੂਜੇ ਵਿਅਕਤੀ ਵਿਚ ਬੜੀ ਤੇਜ਼ੀ ਨਾਲੀ ਫੈਲਦੀ ਹੈ। ਜੇ ਦੋ ਹਫਤਿਆਂ ਤੋਂ ਜ਼ਿਆਦਾ ਲੰਮੀ ਖੰਘ ਹੈ ਤਾਂ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟੀਬੀ ਲਾਇਲਾਜ ਨਹੀਂ ਹੈ। ਮਰੀਜ਼ਾਂ ਨੂੰ ਟੀਬੀ ਦਾ ਇਲਾਜ ਪੂਰਾ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ। ਉਨ੍ਹਾਂ ਕਿਹਾ ਕਿ ਟੀਬੀ ਵਿਰੁੱਧ ਲੜਾਈ ਵਿਚ ਸਭ ਤੋਂ ਵੱਡੀ ਰੁਕਾਵਟ ਸਮਾਜਿਕ ਭੇਦਭਾਵ ਬਣੀ ਹੋਈ ਹੈ, ਜਿਸ ਕਾਰਨ ਮਰੀਜ਼ ਆਪਣੀ ਬਿਮਾਰੀ ਬਾਰੇ ਦੱਸਣ ਦੇ ਨਾਲ-ਨਾਲ ਦਵਾਈ ਖਾਣ ਤੋਂ ਪ੍ਰਹੇਜ ਵੀ ਕਰਦੇ ਹਨ ਅਤੇ ਉਹ ਬਿਮਾਰੀ ਨੂੰ ਛੁਪਾ ਕੇ ਰੱਖਦੇ ਹਨ। ਕੇਂਦਰੀ ਟੀਮ ਕਲੱਸਟਰ ਸੈਂਪਲਿੰਗ ਦੇ ਆਧਾਰ ਉੱਤੇ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਬਲਾਕਾਂ ਬਲਾਚੌਰ, ਮੁਜੱਫਰਪੁਰ, ਮੁਕੰਦਪੁਰ, ਸੁੱਜੋਂ ਅਤੇ ਸੜੋਆ ਦੇ ਪਿੰਡਾਂ ਵਿੱਚ ਟੀਬੀ ਦੀ ਬਿਮਾਰੀ ਦੀ ਸਥਿਤੀ ਜਾਨਣ ਲਈ ਸਰਵੇ ਕਰਵਾ ਰਹੀ ਹੈ।ਹਰ ਟੀਮ ਵਿਚ ਦੋ-ਦੋ ਮੈਂਬਰ ਸ਼ਾਮਲ ਹਨ। ਇਨ੍ਹਾਂ ਟੀਮਾਂ ਨੂੰ 30 ਨਵੇਂ ਮਰੀਜ਼ ਲੱਭਣ ਦਾ ਟੀਚਾ ਦਿੱਤਾ ਗਿਆ ਹੈ। ਹਾਲੇ ਤੱਕ ਪੂਰੇ ਜ਼ਿਲ੍ਹੇ ਵਿਚ ਇਕ ਹੀ ਨਵਾਂ ਮਰੀਜ਼ ਮਿਲਿਆ ਹੈ। ਰਾਸ਼ਟਰੀ ਟੀ.ਬੀ. ਖਾਤਮਾ ਪ੍ਰੋਗਰਾਮ ਅਧੀਨ ਕੰਮ ਕਰਦੇ ਟੀਮ ਮੈਂਬਰ ਵਿਕਾਸ ਅਗਰਵਾਲ, ਮੋਨਿਕਾ, ਅਰੁਣ, ਰਵੀ, ਗੁਰਪ੍ਰੀਤ ਸਿੰਘ ਅਤੇ ਨਵੀਨ ਸਮੇਤ ਸਬੰਧਤ ਪਿੰਡਾਂ ਦੀਆਂ ਆਸ਼ਾ ਵਰਕਰਾਂ ਨੂੰ ਪਿੰਡਾਂ ਵਿੱਚ ਸਰਵੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।  ਇਸ ਸਬੰਧ ਵਿਚ ਪੂਰੇ ਜ਼ਿਲ੍ਹੇ ਦਾ ਦੌਰਾ ਕਰਕੇ ਕੇਂਦਰੀ ਜਾਂਚ ਟੀਮ ਜ਼ਮੀਨੀ ਆਧਾਰ ਉੱਤੇ ਟੀਬੀ ਖਾਤਮੇ ਨੂੰ ਲੈ ਕੇ ਕੀਤੇ ਗਏ ਕੰਮਾਂ ਦੀ ਪੜਤਾਲ ਕਰ ਰਹੀ ਹੈ। ਇਸ ਸਰਵੇ ਤੋਂ ਇਲਾਵਾ ਇਹ ਜਾਂਚ ਟੀਮ ਕਈ ਪੈਮਾਨਿਆਂ ਦੀ ਵੀ ਬਾਰੀਕੀ ਨਾਲ ਘੋਖ ਕਰ ਰਹੀ ਹੈ, ਜਿਸ ਵਿਚ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ, ਪ੍ਰਾਈਵੇਟ ਪ੍ਰੈਕਟਿਸ਼ਨਰਾਂ, ਡਰੱਗ ਇੰਸਪੈਕਟਰਾਂ ਅਤੇ ਕੈਮਿਸਟਾਂ ਨਾਲ ਵਿਚਾਰ-ਚਰਚਾਵਾਂ, 2015 ਤੋਂ 2020 ਤੱਕ ਦੇ ਟੀਬੀ ਮਰੀਜ਼ਾਂ ਦੇ ਰਿਕਾਰਡ ਦੀ ਜਾਂਚ ਕਰਨ, ਸ਼ਹਿਰ ਵਿਚ ਟੀਬੀ ਦੀ ਦਵਾਈ ਦੀ ਖਪਤ, ਨੋਟੀਫਾਈਡ ਮਰੀਜ਼ਾਂ ਦੀ ਗਿਣਤੀ ਅਤੇ ਸਫਲ ਇਲਾਜ ਦਰ ਆਦਿ ਸੂਚਕਾਂ ਦਾ ਮਲਾਂਕਣ ਸ਼ਾਮਲ ਹੈ। ਇਨ੍ਹਾਂ ਦੇ ਆਧਾਰ ਉੱਤੇ ਹੀ ਉਪ ਕੌਮੀ ਪ੍ਰਮਾਣੀਕਰਨ ਪ੍ਰਦਾਨ ਕੀਤਾ ਜਾਵੇਗਾ। ਜੇਕਰ ਜ਼ਿਲ੍ਹੇ ਦੇ ਸਿਹਤ ਵਿਭਾਗ ਦਾ ਸਾਲ 2015 ਦੇ ਮੁਕਾਬਲੇ ਸਾਲ 2020 ਵਿਚ ਟੀ.ਬੀ. ਦੇ 20 ਫੀਸਦੀ ਕੇਸ ਘਟਾਉਣ ਦਾ ਦਾਅਵਾ ਸਹੀ ਪਾਇਆ ਗਿਆ ਤਾਂ ਜ਼ਿਲ੍ਹੇ ਨੂੰ ਵਿਸ਼ਵ ਟੀਬੀ ਦਿਵਸ ਮੌਕੇ ਰਾਸ਼ਟਰੀ ਪੱਧਰ ਉੱਤੇ ਸਨਮਾਨ ਨਾਲ ਨਵਾਜਿਆ ਜਾਵੇਗਾ।