ਚੰਡੀਗੜ, 15 ਫਰਵਰੀ: (ਬਿਊਰੋ) ਰਾਜ ਚੋਣ ਕਮਿਸ਼ਨ ਵਲੋਂ ਅੱਜ ਪਟਿਆਲਾ ਦੇ ਨਗਰ ਕੌਸਲ, ਪਾਤੜਾਂ ਅਤੇ ਸਮਾਣਾ ਦੇ 3 ਬੂਥਾਂ ਤੇ ਦੁਬਾਰਾ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਜਿ਼ਲੇ ਦੇ ਪਾਤੜਾਂ ਦੇ ਰਿਟਰਨਿੰਗ ਅਫਸਰ ਵਲੋਂ ਵਾਰਡ ਨੰ: 8 ਦੇ ਬੂਥ ਨੰ: 11 ਵਿੱਚ ਵੋਟਾਂ ਦੌਰਾਨ ਈ.ਵੀ.ਐਮ. ਨੂੰ ਨੁਕਸਾਨ ਪਹੁੰਚਾਉਣ ਸਬੰਧੀ ਸੂਚਨਾ ਭੇਜੀ ਗਈ ਸੀ । ਇਸੇ ਤਰਾਂ ਪਟਿਆਲਾ ਜਿ਼ਲੇ ਦੇ ਸਮਾਣਾ ਹਲਕੇ ਦੇ ਰਿਟਰਨਿੰਗ ਅਫਸਰ ਵਲੋਂ ਵੀ ਸਮਾਣਾ ਦੇ ਵਾਰਡ ਨੰ: 11 ਦੇ ਬੂਥ ਨੰ: 22 ਅਤੇ 23 ਵਿੱਚ ਈ.ਵੀ.ਐਮ. ਨੂੰ ਨੁਕਸਾਨ ਪਹੁੰਚਾਉਣ ਸਬੰਧੀ ਸੂਚਨਾ ਭੇਜੀ ਗਈ ਸੀ । ਬੁਲਾਰੇ ਨੇ ਦੱਸਿਆ ਕਿ ਇਸਤੇ ਤੁਰੰਤ ਕਾਰਵਾਈ ਕਰਦਿਆਂ ਕਮਿਸ਼ਨ ਵਲੋਂ ਇਨਾਂ ਤਿੰਨਾਂ ਬੂਥਾਂ ਤੇ ਸਟੇਟ ਇਲੇੈਕਸ਼ਨ ਕਮਿਸ਼ਨ ਐਕਟ, 1994 ਦੀ ਧਾਰਾ 59(2)(ਏ) ਅਧੀਨ ਇਨਾਂ ਤਿੰਨਾਂ ਬੂਥਾਂ ਤੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਹਨ। ਬੁਲਾਰੇ ਨੇ ਦੱਸਿਆ ਕਿ ਇਨਾਂ ਤਿੰਨਾਂ ਬੂਥਾਂ ਤੇ ਹੁਣ ਮਿਤੀ 16 ਫਰਵਰੀ, 2021 ਨੂੰ ਸਵੇਰੇ 8.00 ਵਜੇ ਤੋ 4.00 ਵਜੇ ਤੱਕ ਮੁੜ ਤੋਂ ਵੋਟਾਂ ਪੈਣਗੀਆਂ ਅਤੇ ਗਿਣਤੀ 17 ਫਰਵਰੀ, 2021 ਨੂੰ ਹੋਵੇਗੀ।