ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਸਵੈ ਰੁਜ਼ਗਾਰ ਸਬੰਧੀ ਇੱਕ ਕਰੋੜ ਰੁਪਏ ਦੀ ਸਬਸਿਡੀ ਜਾਰੀ

ਲਾਭਪਾਤਰੀਆਂ ਨੂੰ ਸਵੈ ਰੁਜ਼ਗਾਰ ਸਥਾਪਤ ਕਰਨ ਲਈ ਬੈਂਕਾਂ ਰਾਹੀਂ ਮੁਹੱਈਆ ਕਰਵਾਏ ਜਾਣਗੇ ਲਗਭਗ 8.25 ਕਰੋੜ ਰੁਪਏ ਦੇ ਕਰਜ਼ੇ
ਪਟਿਆਲਾ, 26 ਫਰਵਰੀ :- ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ, ਸ੍ਰੀ ਮੋਹਨ ਲਾਲ ਸੂਦ ਨੇ ਦੱਸਿਆ ਕਿ ਕਾਰਪੋਰੇਸ਼ਨ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ ਸਵੈ ਰੁਜਗਾਰ ਸਥਾਪਤ ਕਰਨ ਦੇ ਮੰਤਵ ਨਾਲ ਇਕ ਕਰੋੜ ਰੁਪਏ ਦੀ ਸਬਸਿਡੀ ਜਾਰੀ ਕਰ ਦਿੱਤੀ ਗਈ ਹੈ, ਜਿਸ ਸਬੰਧੀ ਵੱਖ-ਵੱਖ ਬੈਂਕਾਂ ਦੁਆਰਾ ਇਨ੍ਹਾਂ ਲਾਭਪਾਤਰੀਆਂ ਨੂੰ ਲਗਭਗ 8.25 ਕਰੋੜ ਰੁਪਏ ਦੇ ਕਰਜੇ ਉਪਲਬਧ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅਜਿਹਾ ਸ. ਸਾਧੂ ਸਿੰਘ ਧਰਮਸੋਤ, ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ,  ਮੰਤਰੀ ਦੇ ਯਤਨਾਂ ਸਦਕਾ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਸੰਭਵ ਹੋਇਆ ਹੈ, ਜਿਨਾਂ ਵਲੋਂ ਕੋਵਿਡ-19 ਦੀ ਮਹਾਂਮਾਰੀ ਦੇ ਦੌਰ ਦੌਰਾਨ ਕਾਰਪੋਰੇਸ਼ਨ ਨੂੰ ਚਾਲੂ ਮਾਲੀ ਸਾਲ ਦੌਰਾਨ ਸ਼ੇਅਰ ਕੈਪੀਟਲ ਅਤੇ ਸਬਸਿਡੀ ਦੇ ਕੁਲ 792.53 ਲੱਖ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਨੇੜਲੇ ਭਵਿੱਖ ਵਿਚ ਲਗਭਗ 170 ਲੱਖ ਰੁਪਏ ਹੋਰ ਜਾਰੀ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਨੁਸੂਚਿਤ ਜਾਤੀਆਂ ਦੇ 14,260 ਗਰੀਬ ਕਰਜ਼ਾ ਧਾਰਕਾਂ ਦੇ 50 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਮਾਫ ਕਰਦੇ ਹੋਏ 45.41 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਸੀ। ਚੇਅਰਮੈਨ ਵੱਲੋਂ ਲਾਭਪਾਤਰੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਲਾਭ ਪਹੁੰਚਾਉਣ ਹਿਤ ਲਾਲ ਲਕੀਰ ਦੇ ਅੰਦਰ ਦੀ ਜਾਇਦਾਦ ਦੀ ਮਾਲਕੀਅਤ ਸਬੰਧੀ ਹੱਕ ਲੋਕਾਂ ਨੂੰ ਦੇਣ ਬਾਰੇ ਮਾਲ ਵਿਭਾਗਾਂ ਨੂੰ ਹੁਕਮ ਕੀਤੇ ਹਨ। ਇਸ ਨਾਲ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਕਰਜਾ ਲੈਣ ਸਮੇਂ ਜਮਾਨਤ ਦੇਣ ਸਬੰਧੀ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵੱਲੋਂ ਇਸ ਤੋਂ ਇਲਾਵਾ ਹੋਰ ਵੱਖ-ਵੱਖ ਸਕੀਮਾਂ ਅਧੀਨ ਹੁਣ ਤੱਕ 405 ਲਾਭਪਾਤਰੀਆਂ ਨੂੰ 703.58 ਲੱਖ ਰੁਪਏ ਦਾ ਹੋਰ ਕਰਜਾ ਵੀ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਅਤੇ ਇਸ ਚਾਲ ਸਾਲ ਦੇ ਅੰਤ ਤੱਕ ਵੱਧ ਤੋਂ ਵੱਧ ਹੋਰ ਲਾਭਪਾਤਰੀਆਂ ਵੀ ਕਰਜਾ ਮੁਹੱਈਆ ਕਰਵਾ ਦਿੱਤਾ ਜਾਵੇਗਾ।  ਅੱਜ ਸ੍ਰੀ ਮੋਹਨ ਲਾਲ ਸੂਦ, ਚੇਅਰਮੈਨ ਵਲੋਂ ਜ਼ਿਲ੍ਹਾ ਪਟਿਆਲਾ ਵਿਚ ਅਨੁਸੂਚਿਤ ਜਾਤੀਆਂ ਦੇ 81 ਗਰੀਬ ਲਾਭਪਾਤਰੀਆਂ ਨੂੰ 8.10 ਰੁਪਏ ਦੀ ਸਬਸਿਡੀ ਦੇ ਮਨਜੂਰੀ ਪੱਤਰ ਵੰਡੇ ਗਏ। ਇਸ ਮੌਕੇ ਜ਼ਿਲ੍ਹਾ ਮੈਨੇਜਰ ਸ੍ਰੀ ਸੂਰਿਆ ਮੋਹਨ, ਜ਼ਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫ਼ਸਰ ਸੁਖਸਾਗਰ ਸਿੰਘ, ਸਹਾਇਕ ਮੈਨੇਜਰ ਹਰਪ੍ਰੀਤ ਕੌਰ ਵੀ ਮੌਜੂਦ ਸਨ।
ਕੈਪਸ਼ਨ: ਚੇਅਰਮੈਨ ਮੋਹਨ ਲਾਲ ਸੂਦ ਲਾਭਪਾਤਰੀਆਂ ਨੂੰ ਮਿਲਦੇ ਹੋਏ।