ਬੰਗਾ 25 ਫਰਵਰੀ :-(ਬਿਊਰੋ) ਬੰਗਾ ਨੇੜੇ ਪਿੰਡ ਮਜਾਰੀ ਵਿਖੇ ਬਾਹੜੋਵਾਲ ਮੋੜ 'ਤੇ ਰਾਤ ਕਰੀਬ 9.30 ਵੱਜੇ ਇਕ ਵਾਰ ਫਿਰ ਹਮਲਾਵਰਾਂ ਵੱਲੋਂ 4 -5 ਗੋਲੀਆਂ ਚਲਾਈਆਂ ਗਈਆਂ । ਇਸ ਗੋਲੀ ਕਾਂਡ ਵਿੱਚ ਦੇਸ ਰਾਜ ਪੁੱਤਰ ਜਗਤਰਾਮ ਵਾਸੀ ਮਜਾਰੀ ਉਮਰ 70 ਸਾਲ ਦੀ ਛਾਤੀ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਬੰਗਾ ਦੇ ਮੁੱਖ ਅਫਸਰ ਪਵਨ ਕੁਮਾਰ ਨੇ ਕਿਹਾ ਕਿ ਅਜੈ ਕੁਮਾਰ ਵਰਮਾ ਪੁੱਤਰ ਹਰਬੰਸ ਲਾਲ ਵਾਸੀ ਮਜਾਰੀ ਅਤੇ ਉਸ ਦੇ ਤਾਏ ਦਾ ਲੜਕਾ ਬਲਬੀਰ ਪੁੱਤਰ ਬਲਦੇਵ ਸਿੰਘ ਵਾਸੀ ਮਜਾਰੀ ਦੋਵੇਂ ਜਏ ਪੈਦਲ ਨੇੜੇ ਪਿੰਡ ਬਾਹੜੋਵਾਲ ਰਹਿੰਦੀ ਆਪਣੀ ਭੈਣ ਘਰੋਂ ਹੋ ਕੇ ਵਾਪਸ ਆਪਣੇ ਘਰ ਨੂੰ ਆ ਰਹੇ ਸਨ। ਜਦੋਂ ਹੀ ਇਹ ਦੋਵੇ ਜਣੇ ਨੈਸ਼ਨਲ ਹਾਈਵੇ 'ਤੇ ਪਿੰਡ ਮਜਾਰੀ ਲਾਗੇ ਪਹੁੰਚੇ ਤਾਂ ਦੋ ਮੋਟਰਸਾਈਕਲ ਸਵਾਰ ਜਿਹਨਾਂ ਵਿਚ ਪਿਛਲੀ ਸੀਟ 'ਤੇ ਬੈਠੇ ਹਮਲਾਵਰ ਨੇ ਇਹਨਾਂ ਤੇ ਗੋਲੀ ਚਲਾਈ, ਗੋਲੀ ਦੀ ਆਵਾਜ਼ ਸੁਣ ਕੇ ਅਜੈ ਕੁਮਾਰ ਤੇ ਉਸਦਾ ਰਿਸ਼ਤੇਦਾਰ ਬਲਬੀਰ ਸਿੰਘ ਪਿੰਡ ਮਜਾਰੀ ਵੱਲ ਨੂੰ ਦੌੜੇ । ਪਰ ਮੋਟਰਸਾਈਕਲ ਸਵਾਰ ਹਮਲਾਵਰਾਂ ਵਲੋਂ ਚਲਾਈ ਗੋਲੀ ਆਪਣੇ ਹੀ ਘਰ ਦੇ ਬਾਹਰ ਖੜ੍ਹੇ ਇਕ ਬਜ਼ਰੁਗ ਦੇਸ ਰਾਜ ਦੀ ਛਾਤੀ ਵਿੱਚ ਜਾ ਵੱਜੀ। ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲੀ ਦੀ ਅਵਾਜ਼ ਸੁਣ ਕੇ ਪਿੰਡ ਵਿਚ ਰੌਲਾ ਪੈ ਗਿਆ, ਦੁਬਾਰਾ ਫਿਰ ਹਮਲਾਵਰਾਂ ਨੇ 3-4 ਫਾਇਰ ਕੀਤੇ ਗਏ ਅਤੇ ਉਹ ਫਰਾਰ ਹੋ ਗਏ। ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ । ਉਧਰ ਮੌਕੇ ਤੇ ਪੁੱਜੇ ਐੱਸ.ਪੀ. ਵਜ਼ੀਰ ਸਿੰਘ ਖਹਿਰਾ, ਡੀ.ਐੱਸ.ਪੀ. ਹਰਜੀਤ ਸਿੰਘ, ਡੀ.ਐੱਸ.ਪੀ. ਬੰਗਾ ਗੁਰਿੰਦਰ ਪਾਲ ਸਿੰਘ, ਪੁਲਿਸ ਥਾਣਾ ਸਦਰ ਬੰਗਾ ਦੇ ਐੱਸ.ਐੱਚ.ਓ .ਪਵਨ ਕੁਮਾਰ, ਪੁਲਿਸ ਥਾਣਾ ਸਿਟੀ ਬੰਗਾ ਦੇ ਐੱਸ.ਐੱਚ.ਓ. ਵਿਜੇ ਕੁਮਾਰ ਘਟਨਾ ਸਥਾਨ 'ਤੇ ਪਹੁੰਚੇ । ਐੱਸ.ਐੱਚ.ਓ. ਪਵਨ ਕੁਮਾਰ ਨੇ ਦੱਸਿਆ ਕਿ ਹਮਲਾਵਰਾਂ ਖ਼ਿਲਾਫ਼ ਧਾਰਾ 302 -307 ਆਈ ਪੀ ਸੀ ਹੇਠਾਂ ਥਾਣਾ ਸਦਰ ਬੰਗਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਅਜੇ ਵਰਮਾ 'ਤੇ ਇਸੇ ਤਰ੍ਹਾਂ ਗੋਲੀਆਂ ਚਲਾ ਕੇ ਪਿੰਡ ਮਜਾਰੀ ਵਿਖੇ ਕਾਤਲਾਨਾ ਹਮਲਾ ਹੋਇਆ ਸੀ ਜਿਸ ਵਿੱਚ ਵੀ ਉਸਨੂੰ ਕੋਈ ਗੋਲੀ ਨਹੀਂ ਲੱਗੀ ਸੀ, ਅੱਜ ਦੂਜੀ ਵਾਰ ਵੀ ਉਹ ਵਾਲ ਵਾਲ ਇਸ ਹਮਲੇ ਵਿਚ ਬਚਿਆ ਹੈ।