ਨਵਾਂਸ਼ਹਿਰ ਦੇ 19 ਵਾਰਡਾਂ ਵਿਚੋਂ ਕਾਂਗਰਸ ਦੇ 11, ਸ਼੍ਰੋਮਣੀ ਅਕਾਲੀ ਦਲ ਦੇ 3, ਬਸਪਾ ਦਾ 1 ਅਤੇ 4 ਆਜ਼ਾਦ ਉਮੀਦਵਾਰ ਜੇਤੂ

ਨਵਾਂਸ਼ਹਿਰ, 17 ਫਰਵਰੀ : (ਬਿਊਰੋ) ਜ਼ਿਲੇ ਵਿਚ ਨਗਰ ਕੌਂਸਲ ਚੋਣਾਂ ਲਈ ਅੱਜ ਹੋਈ ਵੋਟਾਂ ਦੀ ਗਿਣਤੀ ਦਾ ਕੰਮ ਪੂਰੇ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ ਗਿਆ ਅਤੇ ਗਿਣਤੀ ਤੋਂ ਬਾਅਦ ਮੌਕੇ 'ਤੇ ਹੀ ਨਤੀਜਿਆਂ ਦਾ ਵੀ ਐਲਾਨ ਕਰ ਦਿੱਤਾ ਗਿਆ। ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੀਆਂ ਨਵਾਂਸ਼ਹਿਰ, ਬੰਗਾ ਅਤੇ ਰਾਹੋਂ ਨਗਰ ਕੌਂਸਲਾਂ ਲਈ 14 ਫਰਵਰੀ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਕ੍ਰਮਵਾਰ ਆਰ. ਕੇ ਆਰੀਆ ਕਾਲਜ ਨਵਾਂਸ਼ਹਿਰ, ਗੁਰੂ ਨਾਨਕ ਕਾਲਜ (ਲੜਕੀਆਂ) ਬੰਗਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰਾਹੋਂ ਵਿਖੇ ਸਖ਼ਤ ਸੁਰੱਖਿਆ ਪ੍ਰਬੰਧਾਂ ਅਧੀਨ ਕੀਤੀ ਗਈ।
ਚੋਣ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਨਗਰ ਕੌਂਸਲ ਨਵਾਂਸ਼ਹਿਰ ਦੇ 19 ਵਾਰਡਾਂ ਵਿਚੋਂ ਕਾਂਗਰਸ ਦੇ 11, ਸ਼੍ਰੋਮਣੀ ਅਕਾਲੀ ਦਲ ਦੇ 3, ਬਹੁਜਨ ਸਮਾਜ ਪਾਰਟੀ ਦਾ 1 ਅਤੇ 4 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ।  ਉਨਾਂ ਦੱਸਿਆ ਕਿ ਨਗਰ ਕੌਂਸਲ ਨਵਾਂਸ਼ਹਿਰ ਦੇ ਵਾਰਡ 1 ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਕੌਰ, ਵਾਰਡ 2 ਤੋਂ ਕਾਂਗਰਸ ਦੇ ਬਲਵਿੰਦਰ ਕੁਮਾਰ, ਵਾਰਡ 3 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਜਿੰਦਰਜੀਤ ਕੌਰ, ਵਾਰਡ 4 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪਰਮ ਸਿੰਘ, ਵਾਰਡ 5 ਤੋਂ ਕਾਂਗਰਸ ਦੀ ਪਰਮਜੀਤ ਕੌਰ, ਵਾਰਡ 6 ਤੋਂ ਕਾਂਗਰਸ ਦੇ ਸਚਿਨ ਦੀਵਾਨ, ਵਾਰਡ 7 ਤੋਂ ਕਾਂਗਰਸ ਦੀ ਕੁਲਵੰਤ ਕੌਰ, ਵਾਰਡ 8 ਤੋਂ ਕਾਂਗਰਸ ਦੇ ਪਰਵੀਨ ਕੁਮਾਰ, ਵਾਰਡ 9 ਤੋਂ ਕਾਂਗਰਸ ਦੀ ਮੋਨਿਕਾ ਗੋਗਾ, ਵਾਰਡ 10 ਤੋਂ ਆਜ਼ਾਦ ਉਮੀਦਵਾਰ ਮੱਖਣ ਸਿੰਘ, ਵਾਰਡ 11 ਤੋਂ ਕਾਂਗਰਸ ਦੀ ਨਿਸ਼ੂ, ਵਾਰਡ 12 ਤੋਂ ਆਜ਼ਾਦ ਉਮੀਦਵਾਰ ਲਲਿਤ ਮੋਹਨ, ਵਾਰਡ 13 ਤੋਂ ਆਜ਼ਾਦ ਉਮੀਦਵਾਰ ਜਸਪ੍ਰੀਤ ਕੌਰ ਬਕਸ਼ੀ, ਵਾਰਡ 14 ਤੋਂ ਕਾਂਗਰਸ ਦੇ ਪਿ੍ਰਥਵੀ ਚੰਦ, ਵਾਰਡ 15 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੀਸ ਕੌਰ, ਵਾਰਡ 16 ਤੋਂ ਕਾਂਗਰਸ ਦੇ ਕਮਲਜੀਤ ਲਾਲ, ਵਾਰਡ 17 ਤੋਂ ਕਾਂਗਰਸ ਦੇ ਚੇਤ ਰਾਮ ਰਤਨ, ਵਾਰਡ 18 ਤੋਂ ਬਹੁਜਨ ਸਮਾਜ ਪਾਰਟੀ ਦੇ ਗੁਰਮੁਖ ਸਿੰਘ ਅਤੇ ਵਾਰਡ 19 ਤੋਂ ਕਾਂਗਰਸ ਦੀ ਜਸਵੀਰ ਕੌਰ ਜੇਤੂ ਰਹੇ ਹਨ।
ਜ਼ਿਲਾ ਚੋਣ ਅਫ਼ਸਰ ਡਾ. ਸ਼ੇਨਾ ਅਗਰਵਾਲ ਅਤੇ ਵਧੀਕ ਜ਼ਿਲਾ ਚੋਣ ਅਫ਼ਸਰ ਅਮਰਦੀਪ ਸਿੰਘ ਬੈਂਸ ਨੇ ਸਮੁੱਚੀ ਚੋਣ ਪ੍ਰਕਿਰਿਆ ਨੂੰ ਸੁਚਾਰੂ ਅਤੇ ਸ਼ਾਂਤਮਈ ਢੰਗ ਨਾਲ ਨੇਪਰੇ ਚਾੜਨ ਲਈ ਚੋਣ ਪ੍ਰਕਿਰਿਆ ਨਾਲ ਜੁੜੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਉਨਾਂ ਤਿੰਨਾਂ ਨਗਰ ਕੌਂਸਲਾਂ ਦੇ ਵੋਟਰਾਂ, ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦਾ ਧੰਨਵਾਦ ਵੀ ਕੀਤਾ, ਜਿਨਾਂ ਦੇ ਸਹਿਯੋਗ ਸਦਕਾ ਇਸ ਸਮੁੱਚੀ ਚੋਣ ਪ੍ਰਕਿਰਿਆ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾ ਸਕਿਆ।  ਇਸ ਦੌਰਾਨ ਚੋਣ ਆਬਜ਼ਰਵਰ ਡੀ. ਪੀ. ਐਸ ਖਰਬੰਦਾ, ਆਈ. ਏ. ਐਸ ਵੱਲੋਂ ਤਿੰਨੋਂ ਗਿਣਤੀ ਕੇਂਦਰਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨਾਂ ਨਗਰ ਕੌਂਸਲ ਨਵਾਂਸ਼ਹਿਰ ਦੇ ਰਿਟਰਨਿੰਗ ਅਫ਼ਸਰ ਜਗਦੀਸ਼ ਸਿੰਘ ਜੌਹਲ, ਨਗਰ ਕੌਂਸਲ ਬੰਗਾ ਦੇ ਰਿਟਰਨਿੰਗ ਅਫ਼ਸਰ ਵਿਰਾਜ ਤਿੜਕੇ ਅਤੇ ਨਗਰ ਕੌਂਸਲ ਰਾਹੋਂ ਦੇ ਰਿਟਰਨਿੰਗ ਅਫ਼ਸਰ ਦੀਪਕ ਰੁਹੇਲਾ ਸਮੇਤ ਹੋਰਨਾਂ ਅਧਿਕਾਰੀਆਂ, ਕਰਮਚਾਰੀਆਂ ਅਤੇ ਗਿਣਤੀ ਸਟਾਫ ਦੀ ਹੌਸਲਾ ਅਫ਼ਜ਼ਾਈ ਕੀਤੀ। ਵੋਟਾਂ ਦੀ ਗਿਣਟੀ  ਮੌਕੇ ਐੱਸ ਐੱਸ ਪੀ ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਐੱਸਪੀ ਵਜ਼ੀਰ ਸਿੰਘ ਖਹਿਰਾ ਦੀ ਅਗਵਾਈ ਹੇਠ ਸੁਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ।
ਕੈਪਸ਼ਨ :- ਆਰ. ਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਗਿਣਤੀ ਸਟਾਫ ਨਾਲ ਗੱਲਬਾਤ ਕਰਦੇ ਹੋਏ ਚੋਣ ਆਬਜ਼ਰਵਰ ਡੀ. ਪੀ. ਐਸ ਖਰਬੰਦਾ।
ਕੈਪਸ਼ਨ :- ਆਰ. ਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਗਿਣਤੀ ਮੌਕੇ ਰਿਟਰਨਿੰਗ ਅਫ਼ਸਰ ਜਗਦੀਸ਼ ਸਿੰਘ ਜੌਹਲ, ਐਸ. ਪੀ (ਜਾਂਚ) ਵਜੀਰ ਸਿੰਘ, ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ ਤੇ ਹੋਰ ਅਧਿਕਾਰੀ।