ਐਸ. ਸੀ. ਸਿਖਿਆਰਥੀਆਂ ਲਈ ਮੁਫ਼ਤ ਡੇਅਰੀ ਸਿਖਲਾਈ ਕੋਰਸ 1 ਮਾਰਚ ਤੋਂ

*24 ਫਰਵਰੀ ਤੱਕ ਜਮਾ ਹੋਣਗੇ ਫਾਰਮ
ਨਵਾਂਸ਼ਹਿਰ, 19 ਫਰਵਰੀ : (ਬਿਊਰੋ) ਪੰਜਾਬ ਸਰਕਾਰ ਵੱਲੋਂ ਸੂਬੇ ਦੇ ਖੇਤੀ ਖੇਤਰ ਵਿਚ ਵਿਭਿੰਨਤਾ ਲਿਆਉਣ ਦੇ ਮਕਸਦ ਨਾਲ ਅਨੁਸੂੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨ ਲਈ 'ਸਕੀਮ ਫਾਰ ਪ੍ਰਮੋਸ਼ਨ ਆਫ ਡੇਅਰੀ ਫਾਰਮਿੰਗ ਐਜ਼ ਲਿਵਲੀਹੁੱਡ ਫਾਰ ਐਸ. ਸੀ ਬੈਨੀਫਿਸ਼ਰੀਜ਼' ਦੀ ਸ਼ੁਰੂਆਤ ਪੂਰੇ ਪੰਜਾਬ ਵਿਚ ਕੀਤੀ ਗਈ ਹੈ। ਇਸ ਤਹਿਤ ਡੇਅਰੀ ਵਿਕਾਸ ਵਿਭਾਗ ਵੱਲੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਐਸ. ਸੀ. ਸਿਖਿਆਰਥੀਆਂ ਵਾਸਤੇ ਮੁਫ਼ਤ ਡੇਅਰੀ ਸਿਖਲਾਈ ਕੋਰਸ 1 ਮਾਰਚ 2021ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ ਦੋ ਹਫ਼ਤੇ ਦੀ ਮੁਫ਼ਤ ਡੇਅਰੀ ਸਿਖਲਾਈ ਦੇ ਨਾਲ-ਨਾਲ ਫ਼ਜੀਫਾ ਵੀ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਲਾਭਪਾਤਰੀ ਦਫ਼ਤਰ ਡੇਅਰੀ ਵਿਕਾਸ ਅਫ਼ਸਰ, ਵੈਟਰਨਰੀ ਪੋਲੀਕਲੀਨਿਕ, ਬੰਗਾ ਰੋਡ, ਮਹਾਲੋਂ ਵਿਖੇ 24 ਫਰਵਰੀ 2021 ਤੱਕ ਆਪਣੇ ਫਾਰਮ ਜਮਾ ਕਰਵਾ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੇਅਰੀ ਵਿਕਾਸ ਅਫ਼ਸਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਡੇਅਰੀ ਦਾ ਕਿੱਤਾ ਕਰਨ ਦੇ ਚਾਹਵਾਨ ਅਨੁਸੂਚਿਤ ਜਾਤੀ ਨਾਲ ਸਬੰਧਤ ਉਮੀਦਵਾਰ 18 ਤੋਂ 50 ਸਾਲ ਤੱਕ ਦੀ ਉਮਰ ਦੇ, ਪੰਜਾਬ ਦੇ ਵਸਨੀਕ, ਪੇਂਡੂ ਪਿਛੋਕੜ ਵਾਲੇ ਅਤੇ ਘੱਟੋ-ਘੱਟ ਪੰਜਵੀਂ ਪਾਸ ਹੋਣੇ ਚਾਹੀਦੇ ਹਨ ਅਤੇ ਉਨਾਂ ਕੋਲ ਘੱਟੋ-ਘੱਟ ਦੋ ਦੁਧਾਰੂ ਪਸ਼ੂ ਰੱਖਣ ਦਾ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਟ੍ਰੇਨਿੰਗ ਕਰਨ ਉਪਰੰਤ ਲਾਭਪਾਤਰੀ ਡੇਅਰੀ ਯੂਨਿਟ ਸਥਾਪਿਤ ਕਰਨ ਲਈ ਕਰਜ਼ੇ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ। ਉਨਾਂ ਕਿਹਾ ਕਿ ਚਾਹਵਾਨ ਉਮੀਦਵਾਰ ਉਪਰੋਕਤ ਮਿਤੀ ਤੋਂ ਪਹਿਲਾਂ-ਪਹਿਲਾਂ ਪੜਾਈ ਸਬੰਧੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ ਅਤੇ ਤਾਜ਼ਾ ਪਾਸਪੋਰਟ ਸਾਈਜ਼ ਫੋਟੋ ਸਮੇਤ ਦਫ਼ਤਰ ਡੇਅਰੀ ਵਿਕਾਸ ਅਫ਼ਸਰ ਵਿਖੇ ਟ੍ਰੇਨਿੰਗ ਸਬੰਧੀ ਕਾਗਜ਼ਾਤ ਜਮਾਂ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਫੋਨ ਨੰ:  01823-225050 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।