ਲੋਕ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ-ਬੈਂਸ

ਨਵਾਂਸ਼ਹਿਰ 14 ਫਰਵਰੀ (ਐਨ ਟੀ ਟੀਮ) ਅੱਜ ਇੱਥੇ ਕਿਰਤੀ ਕਿਸਾਨ ਯੂਨੀਅਨ ਦੀ ਜਿਲਾ ਪੱਧਰੀ ਮੀਟਿੰਗ ਹੋਈ ਜਿਸ ਵਿਚ ਬੰਗਾ, ਔੜ, ਬਲਾਚੌਰ, ਬਹਿਰਾਮ ਅਤੇ ਨਵਾਂਸ਼ਹਿਰ ਇਲਾਕਿਆਂ ਦੀਆਂ ਕਮੇਟੀਆਂ ਸ਼ਾਮਲ ਹੋਈਆਂ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਲੀ ਕਿਸਾਨੀ ਮੋਰਚੇ ਤੋਂ ਪਰਤੇ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਮਾਸਟਰ ਭੁਪਿੰਦਰ ਸਿੰਘ ਵੜੈਚ, ਜਿਲਾ ਸਕੱਤਰ ਤਰਸੇਮ ਸਿੰਘ ਬੈਂਸ, ਬੂਟਾ ਸਿੰਘ, ਪਰਮਜੀਤ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਕਿਸਾਨੀ ਘੋਲ ਦੀ ਜੁੰਮੇਵਾਰੀ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਦੇ ਮੋਢਿਆਂ ਉੱਤੇ ਹੈ ਇਸ ਲਈ ਮੋਰਚੇ ਦੇ ਹਰ ਸੱਦੇ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਦਿੱਲੀ ਮੋਰਚੇ ਵਿਚ ਸ਼ਮੂਲੀਅਤ ਕਰਨ। ਆਪ ਮੁਹਾਰਾਪਣ ਕਿਸਾਨੀ ਘੋਲ ਦਾ ਨੁਕਸਾਨ ਕਰ ਸਕਦਾ ਹੈ। ਇਸ ਮੀਟਿੰਗ ਵਿਚ  ਕਿਸਾਨੀ ਘੋਲ ਨੂੰ ਹੋਰ ਤਕੜਾ ਕਰਨ ਲਈ ਪਿੰਡਾਂ ਵਿਚ ਰੈਲੀਆਂ ਮੀਟਿੰਗਾਂ ਦਾ ਅਗਲਾ ਗੇੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ 18 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ 12 ਵਜੇ ਤੋਂ 4 ਵਜੇ ਤੱ ਰੇਲ ਮਾਰਗ ਜਾਮ ਕਰਨ ਦੇ ਸੱਦੇ ਉੱਤੇ ਇਸ ਦਿਨ ਰੇਲਵੇ ਸਟੇਸ਼ਨ ਨਵਾਂਸ਼ਹਿਰ ਤੇ ਕਿਸਾਨ ਇਕੱਠੇ ਹੋਣ।
ਫੋਟੋ ਕੈਪਸ਼ਨ : ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਰਿੰਦਰ ਸਿੰਘ ਬੈਂਸ।