ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨ੍ਰਿਤ ਵਿਭਾਗ ਵੱਲੋਂ ਵੈਬੀਨਾਰ

ਮ੍ਰਿਦੰਗ ਅਤੇ ਪਖਾਵਜ ਬਾਰੇ ਸੰਗੀਤ ਸੈਮੀਨਾਰ 'ਚ ਗੁਰੂ ਤੇਗ਼ ਬਾਹਦਰ ਜੀ ਦੇ ਗੁਰਮਤਿ ਸੰਗੀਤ, ਪਖਾਵਜ਼ ਵਾਦਨ ਬਾਰੇ ਵਡਮੁਲੀ ਜਾਣਕਾਰੀ ਸਾਂਝੀ ਕੀਤੀ
ਪਟਿਆਲਾ, 18 ਫਰਵਰੀ: (ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਨ੍ਰਿਤ ਵਿਭਾਗ ਨੇ ਪੰਜਾਬ ਸਰਕਾਰ ਵੱਲੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਲੀਕੇ ਪ੍ਰੋਗਰਾਮਾਂ ਦੀ ਲੜੀ ਤਹਿਤ ਅੱਜ ਇੱਕ ਅੰਤਰ-ਰਾਸ਼ਟਰੀ ਵੈਬੀਨਾਰ ਕਰਵਾਇਆ। ਉਪਕੁਲਪਤੀ ਰਵਨੀਤ ਕੌਰ ਦੀ ਅਗਵਾਈ ਵਿਚ ਨ੍ਰਿਤ ਵਿਭਾਗ ਵੱਲੋਂ ਕਰਵਾਇਆ ਗਿਆ ਇਹ ਕੌਮਾਂਤਰੀ ਵੈਬੀਨਾਰ ਆਪਣੇ ਆਪ ਵਿੱਚ ਵਿਲੱਖਣ ਮ੍ਰਿਦੰਗ ਅਤੇ ਪਖਾਵਜ ਬਾਰੇ ਸੰਗੀਤ ਸੈਮੀਨਾਰ/ਵੈਬੀਨਾਰ ਸੀ ਕਿਉਂਕਿ ਇਸ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ ਅਜੀਜ਼ ਸਾਜ਼ ਪਖਾਵਜ਼ ਦੇ ਬਾਰੇ ਵਿਲੱਖਣ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਡੀਨ, ਫੈਕਲਟੀ ਆਫ ਆਰਟਸ ਐਂਡ ਕਲਚਰ ਡਾ. ਯਸ਼ਪਾਲ ਸ਼ਰਮਾ ਸ਼ਮੂਲੀਅਤ ਕਰਨਾ ਵਾਲੇ ਵਿਦਵਾਨਾਂ ਦਾ ਸੁਆਗਤ ਕੀਤਾ। ਪ੍ਰਧਾਨਗੀ ਸ਼ਬਦ ਡੀਨ ਰਿਸਰਚ ਡਾ. ਜੀ.ਐਸ. ਬੱਤਰਾ ਨੇ ਬੋਲਦਿਆਂ 'ਗੁਰੂ ਤੇਗ਼ ਬਹਾਦਰ ਜੀ ਹਿੰਦ ਦੀ ਚਾਦਰ' ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮਗਰੋਂ ਸੰਗੀਤ ਨਾਟਕ ਅਕਾਦਮੀ ਅਵਾਰਡੀ ਪ੍ਰਸਿੱਧ ਅਧਿਆਪਕ, ਵਿਦਵਾਨ, ਗਾਇਕ ਤੇ ਕੀਰਤਨਕਾਰ ਪ੍ਰੋ. ਗੁਰਨਾਮ ਸਿੰਘ ਨੇ ਗੁਰੂ ਤੇਗ਼ ਬਾਹਦਰ ਜੀ ਦੇ ਗੁਰਮਤਿ ਸੰਗੀਤ, ਪਖਾਵਜ਼ ਵਾਦਨ ਦੇ ਸੰਦਰਭ ਵਿੱਚ ਵਡਮੁਲੀ ਜਾਣਕਾਰੀ ਦਿੱਤੀ । ਨ੍ਰਿਤ ਵਿਭਾਗ ਦੇ ਉੱਘੇ ਪਖਾਵਜ਼ ਕਲਾਕਾਰ ਸ੍ਰੀ ਅਰੁਣ ਕੁਮਾਰ ਝਾਅ, ਅਮਤਾ ਦਰਭੰਗਾ ਘਰਾਣੇ ਦੇ ਪਖਾਵਜ਼ ਕਲਾਕਾਰ, ਡਾਂਸ ਵਿਭਾਗ ਨੇ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪੁਰਬ ਨੂੰ ਸਮਰਪਿਤ ਪਖਾਵਜ਼ ਦੀ ਪੇਸ਼ਕਾਰੀ ਦਿੱਤੀ। ਅੰਤ ਵਿੱਚ ਵੈਬੀਨਾਰ ਦੇ ਪ੍ਰਬੰਧਕੀ ਸਕੱਤਰ ਅਤੇ ਮੁਖੀ ਡਾਂਸ ਵਿਭਾਗ ਡਾ. ਇੰਦਰਾ ਬਾਲੀ ਨੇ ਵੈਬੀਨਾਰ ਵਿੱਚ ਸ਼ਿਰਕਤ ਕਰਨ ਵਾਲੇ ਸਭੇ ਪਤਵੰਤੇ ਸੱਜਣਾਂ, ਵਿਦਵਾਨਾਂ, ਅਧਿਆਪਕਾਂ, ਸਕਾਲਰਾਂ ਆਦਿ ਦਾ ਧੰਨਵਾਦ ਕੀਤਾ । ਮੁਖੀ ਡਾਂਸ ਵਿਭਾਗ ਡਾ. ਇੰਦਿਰਾ ਬਾਲੀ ਅਤੇ ਕੋਆਰਡੀਨੇਟਰ ਡਾ. ਸਿੰਮੀ ਵੱਲੋਂ ਸੁਚੱਜੇ ਤੇ ਸ਼ਲਾਗਾਯੋਗ ਢੰਗ ਨਾਲ ਉਲੀਕੇ ਅਤੇ ਗੁਰੂ ਤੇਗ਼ ਬਹਾਦਰ ਜੀ ਦੇ ਅਜੀਜ਼ ਸਾਜ਼ ਪਖਾਵਜ਼ ਦੇ ਬਾਰੇ ਵਿਲੱਖਣ ਜਾਣਕਾਰੀ ਸਾਂਝੀ ਕਰਨ ਵਾਲਾ ਇਹ ਵੈਬੀਨਾਰ ਆਪਣੇ ਆਪ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਲਈ ਵਧੇਰੇ ਢੁੱਕਵਾਂ ਤੇ ਵੱਖਰਾ ਰਿਹਾ।
ਫੋਟੋ ਕੈਪਸ਼ਨ-ਗੁਰੂ ਤੇਗ਼ ਬਹਾਦਰ ਜੀ ਦੇ ਅਜੀਜ਼ ਸਾਜ਼ ਪਖਾਵਜ਼ ਦੀ ਪੇਸ਼ਕਾਰੀ ਕਰਦੇ ਹੋਏ ਨ੍ਰਿਤ ਵਿਭਾਗ ਦੇ ਉੱਘੇ ਪਖਾਵਜ਼ ਕਲਾਕਾਰ ਸ੍ਰੀ ਅਰੁਣ ਕੁਮਾਰ ਝਾਅ, ਅਮਤਾ ਦਰਭੰਗਾ ਘਰਾਣੇ ਦੇ ਪਖਾਵਜ਼ ਕਲਾਕਾਰ।