ਪਟਿਆਲਾ 21 ਫਰਵਰੀ (ਬਿਊਰੋ) ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਵਲੋਂ ਸ਼੍ਰੀਮਤੀ ਕਰਮਜੀਤ ਕੌਰ, ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਮੁੱਖ ਦਫ਼ਤਰ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਅੱਜ 'ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ' ਦੇ ਮੌਕੇ ਤੇ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਡਾ. ਦੀਪਕ ਮਨਮੋਹਨ ਸਿੰਘ, ਸਾਬਕਾ ਡਾਇਰੈਕਟਰ ਵਿਸ਼ਵ ਪੰਜਾਬੀ ਕੇਂਦਰ ਵੱਲੋਂ ਬਤੌਰ ਮੁਖ ਮਹਿਮਾਨ ਸ਼ਿਰਕਤ ਕੀਤੀ ਗਈ। ਸ੍ਰੀ ਓਮ ਪ੍ਰਕਾਸ਼ ਗਾਸੋ, ਪੰਜਾਬੀ ਸਾਹਿਤ ਰਤਨ ਵਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਗਈ ਜਦੋਂ ਕਿ ਡਾ. ਹਰਜਿੰਦਰਪਾਲ ਸਿੰਘ ਵਾਲੀਆ, ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ ਵਲੋਂ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਡਾ. ਧਨਵੰਤ ਕੌਰ, ਸ਼੍ਰੋਮਣੀ ਪੰਜਾਬੀ ਆਲੋਚਕ ਵਲੋਂ ਪੰਜਾਬੀ ਮਾਤ ਭਾਸ਼ਾ ਸਬੰਧੀ ਆਪਣਾ ਖੋਜ ਪੱਤਰ ਸਰੋਤਿਆਂ ਨਾਲ ਸਾਂਝਾ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ਼ ਵਿਭਾਗੀ ਧੁਨੀ ਨਾਲ ਕੀਤਾ ਗਿਆ। ਇਸ ਉਪਰੰਤ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਕਰਮਜੀਤ ਕੌਰ ਨੇ ਆਏ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ ਅਤੇ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਡਾ. ਧਨਵੰਤ ਕੌਰ ਵਲੋਂ ਆਪਣੇ ਭਾਸ਼ਣ ਵਿੱਚ ਪੰਜਾਬੀ ਭਾਸ਼ਾ ਦੀ ਅਜੋਕੀ ਦਸ਼ਾ ਅਤੇ ਦਿਸ਼ਾ ਸਬੰਧੀ ਭਰਪੂਰ ਚਰਚਾ ਕੀਤੀ ਗਈ। ਉਹਨਾਂ ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਮਾਤ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਕੀਤਾ। ਸਮਾਗਮ ਦੇ ਦੂਜੇ ਪੜਾਅ ਵਿਚ ਨਾਮਵਰ ਕਵੀਆਂ ਵਲੋਂ ਪੰਜਾਬੀ ਮਾਤ ਭਾਸ਼ਾ ਬਾਰੇ ਆਪਣੀਆਂ ਕਵਿਤਾਵਾਂ ਪੜੀਆਂ ਗਈਆਂ । ਜਿਨ੍ਹਾਂ ਵਿੱਚ ਨਾਮਵਰ ਕਵੀ ਸ੍ਰੀ ਦਰਸ਼ਨ ਬੁੱਟਰ, ਸ੍ਰੀ ਧਰਮ ਕੰਮੇਆਣਾ, ਸ੍ਰੀ ਬਲਵਿੰਦਰ ਸੰਧੂ, ਮੈਡਮ ਸੰਦੀਪ ਕੌਰ, ਸ੍ਰੀ ਪਵਨ ਹਰਚੰਦਪੁਰੀ, ਸ੍ਰੀ ਬਲਬੀਰ ਜਲਾਲਾਬਾਦੀ, ਸ੍ਰੀ ਸਿਰੀ ਰਾਮ ਅਰਸ਼, ਡਾ. ਗੁਰਚਰਨ ਕੌਰ ਕੋਚਰ, ਡਾ. ਪੁਸ਼ਵਿੰਦਰ ਕੌਰ, ਸ. ਗੁਲਜਾਰ ਸਿੰਘ ਸ਼ੌਂਕੀ ਆਦਿ ਸ਼ਾਮਿਲ ਸਨ। ਪੰਜਾਬੀ ਸਾਹਿਤ ਰਤਨ ਡਾ. ਰਤਨ ਸਿੰਘ ਜੱਗੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪੂਰੀ ਸ਼ਿੱਦਤ ਨਾਲ ਕਾਰਜ ਕਰਨਾ ਚਾਹੀਦਾ ਹੈ।