ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਮੂਹ ਯੋਗ ਲਾਭਪਾਤਰੀਆਂ ਦੇ ਬਣਾਏ ਜਾਣ ਕਾਰਡ-ਏ. ਡੀ. ਸੀ

*ਯੋਜਨਾ ਤਹਿਤ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਮਿਲਦੀ ਹੈ ਸੁਵਿਧਾ
ਨਵਾਂਸ਼ਹਿਰ, 19 ਫਰਵਰੀ : (ਬਿਊਰੋ) ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ ਨੇ ਅਧਿਕਾਰੀਆਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲੇ ਦੇ ਸਮੂਹ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਏ ਜਾਣੇ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨਾਂ ਹਦਾਇਤ ਕੀਤੀ ਕਿ ਇਸ ਯੋਜਨਾ ਤਹਿਤ ਉਨਾਂ ਸਾਰੇ ਯੋਗ ਲਾਭਤਾਰੀਆਂ ਨੂੰ ਜਲਦ ਤੋਂ ਜਲਦ ਕਵਰ ਕੀਤਾ ਜਾਵੇ, ਜਿਨਾਂ ਹਾਲੇ ਤੱਕ ਇਸ ਸਕੀਮ ਦੇ ਲਾਭ ਹਿੱਤ ਕਾਰਡ ਨਹੀਂ ਬਣਵਾਏ। ਉਨਾਂ ਦੱਸਿਆ ਕਿ ਲੋੜਵੰਦ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਇਸ ਯੋਜਨਾ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਲੈਣ ਲਈ ਰਜਿਸਟਰਡ ਲਾਭਪਾਤਰੀਆਂ ਨੂੰ ਆਪਣਾ ਅਤੇ ਆਪਣੇ ਪਰਿਵਾਰ ਦੇ ਹਰੇਕ ਮੈਂਬਰ ਦਾ ਵੱਖਰਾ ਕਾਰਡ ਬਣਵਾਉਣਾ ਜ਼ਰੂਰੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਧਾਰਕ, ਕਿਰਤ ਵਿਭਾਗ ਨਾਲ ਰਜਿਸਟਰਡ ਕਾਮੇ, 'ਜੇ' ਫਾਰਮ ਧਾਰਕ ਕਿਸਾਨ, ਐਕਰੀਡੇਟਿਡ ਤੇ ਯੈਲੋ ਕਾਰਡ ਧਾਰਕ ਪੱਤਰਕਾਰ ਅਤੇ ਆਬਕਾਰੀ ਤੇ ਕਰ ਵਿਭਾਗ ਨਾਲ ਰਜਿਸਟਰਡ ਛੋਟੇ ਵਪਾਰੀ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿਚ ਪ੍ਰਤੀ ਪਰਿਵਾਰ 5 ਲੱਖ ਰੁਪਏ ਪ੍ਰਤੀ ਸਾਲ ਮੁਫ਼ਤ ਇਲਾਜ ਦਾ ਲਾਭ ਲੈਣ ਲਈ ਇਹ ਕਾਰਡ ਬਣਵਾ ਸਕਦੇ ਹਨ। ਉਨਾਂ ਦੱਸਿਆ ਕਿ ਜ਼ਿਲੇ ਵਿਚ ਇਸ ਯੋਜਨਾ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦੇਣ ਲਈ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀਆਂ ਹਦਾਇਤਾਂ 'ਤੇ ਵੱਡੀ ਪੱਧਰ 'ਤੇ ਗਤੀਵਿਧੀਆਂ ਚਲਾਈਆਂ ਗਈਆਂ ਹਨ, ਜਿਨਾਂ ਤਹਿਤ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣ ਲਈ ਪਿੰਡ ਪੱਧਰ 'ਤੇ ਕੈਂਪ ਲਗਾਏ ਜਾ ਰਹੇ ਹਨ। ਇਸੇ ਤਰਾਂ ਸਾਰੀਆਂ ਮਾਰਕੀਟ ਕਮੇਟੀਆਂ ਵਿਚ ਵੀ 'ਜੇ' ਫਾਰਮ ਵਾਲੇ ਕਿਸਾਨਾਂ ਦੇ ਕਾਰਡ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲੇ ਦੇ 170 ਕਾਮਨ ਸਰਵਿਸ ਸੈਂਟਰਾਂ 'ਤੇ ਵੀ ਇਹ ਸੇਵਾ ਸ਼ੁਰੂ ਕੀਤੀ ਗਈ ਹੈ, ਜਿਥੇ 30 ਰੁਪਏ ਪ੍ਰਤੀ ਕਾਰਡ ਫੀਸ ਨਾਲ ਰਜਿਸਟਰਡ ਲਾਭਪਾਤਰੀ ਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦੇ ਕਾਰਡ ਬਣਾਏ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਹੁਣ ਇਹ ਸੇਵਾ ਜ਼ਿਲੇ ਦੇ ਸਮੂਹ ਸੇਵਾ ਕੇਂਦਰਾਂ ਵਿਚ ਵੀ ਸ਼ੁਰੂ ਕੀਤੀ ਜਾ ਰਹੀ ਹੈ, ਜਿਥੋਂ ਇਸ ਯੋਜਨਾ ਦੇ ਲਾਭਪਾਤਰੀ ਪ੍ਰਤੀ ਕਾਰਡ 30 ਰੁਪਏ ਦੀ ਫੀਸ ਦੇ ਕੇ ਇਹ ਕਾਰਡ ਬਣਵਾ ਸਕਦੇ ਹਨ। ਉਨਾਂ ਦੱਸਿਆ ਕਿ ਟਾਇਪ-1 ਸੇਵਾ ਕੇਂਦਰਾਂ ਤੋਂ ਇਹ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਜਦਕਿ ਟਾਈ-2 ਸੇਵਾ ਕੇਂਦਰਾਂ ਤੋਂ 22 ਫਰਵਰੀ ਅਤੇ ਟਾਈਪ-3 ਸੇਵਾ ਕੇਂਦਰਾਂ ਤੋਂ ਇਹ ਸੇਵਾ 26 ਫਰਵਰੀ ਤੋਂ ਉਪਲਬੱਧ ਹੋਵੇਗੀ। ਉਨਾਂ ਸਾਰੇ ਅਜਿਹੇ ਲਾਭਤਾਰੀਆਂ ਨੂੰ ਅਪੀਲ ਕੀਤੀ ਕਿ ਜਿਨਾਂ ਨੇ ਅਜੇ ਕਾਰਡ ਨਹੀਂ ਬਣਵਾਏ, ਉਹ ਬਿਨਾਂ ਦੇਰੀ ਤੋਂ ਇਹ ਕਾਰਡ ਬਣਵਾ ਲੈਣ। ਉਨਾਂ ਕਿਹਾ ਕਿ ਕਾਰਡ ਤੋਂ ਬਿਨਾਂ ਸਰਕਾਰੀ ਤੇ ਸੂਚੀਬੱਧ ਹਸਪਤਾਲ ਵਿਚ ਮਰੀਜ਼ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲ ਸਕੇਗਾ। ਉਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯੋਗ ਲਾਭਪਾਤਰੀਆਂ ਨੂੰ ਕਾਰਡ ਜਾਰੀ ਕਰਨ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ, ਤਾਂ ਜੋ ਜਲਦ ਤੋਂ ਜਲਦ ਸਮੂਹ ਰਜਿਸਟਰਡ ਲਾਭਪਾਤਰੀਆਂ ਨੂੰ ਕਵਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਕਾਰਡ ਬਣਾਉਣ ਦੀ ਪ੍ਰਕਿਰਿਆ ਵਿਚ ਕਿਸੇ ਵੀ ਤਰਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਰੋਜ਼ਾਨਾ ਆਧਾਰ 'ਤੇ ਸਮੀਖਿਆ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਯੋਜਨਾ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ, ਜ਼ਿਲਾ ਮੰਡੀ ਅਫ਼ਸਰ ਸਵਰਨ ਸਿੰਘ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਈ. ਟੀ. ਓ ਸੁਖਵਿੰਦਰ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਲੇਬਰ ਇਨਫੋਰਸਮੈਂਟ ਅਫ਼ਸਰ ਰਣਦੀਪ ਸਿੰਘ ਸਿੱਧੂ, ਜ਼ਿਲਾ ਇੰਚਾਰਜ ਸੀ. ਐਸ. ਸੀ ਰਵਿੰਦਰ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ :- ਸਰਬੱਤ ਸਿਹਤ ਬੀਮਾ ਯੋਜਨਾ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ।