ਐਨ. ਆਰ. ਆਈ. ਕੁਆਰਡੀਨੇਟਰ ਗੁਰਮੀਤ ਸਿੰਘ ਵੱਲੋਂ ਰਾਣਾ ਸੋਢੀ ਨਾਲ ਵਿਦੇਸ਼ੀ ਮਾਮਲਿਆਂ ਬਾਰੇ ਵਿਚਾਰ-ਚਰਚਾ

ਪੰਜਾਬ ਸਰਕਾਰ ਦੀਆਂ ਨੀਤੀਆਂ ਨਾਲ ਰਾਜ ਦੀ ਆਰਥਿਕਤਾ ਲੀਹ ਉਤੇ ਆਈ-ਬਾਵਾ
ਅੰਮਿ੍ਰਤਸਰ, 14 ਫਰਵਰੀ (ਬਿਊਰੋ )-ਖੇਡਾਂ ਅਤੇ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਸ. ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਨਿਯੁਕਤ ਕੀਤੇ ਗਏ ਆਨਰੇਰੀ ਕੁਆਰਡੀਨੇਟਰ ਸ੍ਰੀ ਗੁਰਮੀਤ ਸਿੰਘ ਵੱਲੋਂ ਅੱਜ ਅੰਮਿ੍ਰਤਸਰ ਵਿਚ ਸ੍ਰੀ ਰਾਣਾ ਸੋਢੀ ਨਾਲ ਪ੍ਰਵਾਸੀ ਮਾਮਲਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਰਸਾਨੀ ਬਿੱਲਾਂ ਨੂੰ ਰਾਜ ਵਿਚ ਲਾਗੂ ਕਰਨ ਤੋਂ ਰੋਕਣ ਲਈ ਜੋ ਬਿਲ ਪਾਸ ਕੀਤੇ ਗਏ ਹਨ, ਉਨਾਂ ਤੋਂ ਪ੍ਰਵਾਸੀ ਪੰਜਾਬੀ ਡਾਢੇ ਉਤਸ਼ਾਹ ਵਿਚ ਹਨ। ਉਨਾਂ ਦੱਸਿਆ ਕਿ ਚਾਹੇ ਇਹ ਪੰਜਾਬੀ ਕਿਸੇ ਵੀ ਦੇਸ਼ ਵਿਚ ਵੱਸਦੇ ਹਨ, ਪਰ ਇੰਨਾਂ ਦਾ ਮਨ ਪੰਜਾਬ ਨਾਲ ਜੁੜਿਆ ਹੋਇਆ ਹੈ ਅਤੇ ਪੰਜਾਬ ਵਿਚ ਹੰੁਦੀ ਹਰ ਹਲਚਲ ਉਤੇ ਇੰਨਾਂ ਦੀ ਬਰਾਬਰ ਨਜ਼ਰ ਰਹਿੰਦੀ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਨੂੰ ਕੋਵਿਡ ਸੰਕਟ ਤੋਂ ਬਚਾਉਣ ਲਈ ਕੀਤੇ ਗਏ ਉਪਰਾਲਿਆਂ ਤੋਂ ਬਾਅਦ ਕਿਰਸਾਨੀ ਮੁੱਦਿਆਂ ਉਤੇ ਹਿੱਕ ਠੋਕ ਕੇ ਕੀਤੀ ਗਈ ਕਾਰਵਾਈ ਉਤੇ ਹਰੇਕ ਪ੍ਰਵਾਸੀ ਮਾਣ ਕਰ ਰਿਹਾ ਹੈ। ਇਸ ਮੌਕੇ ਪੰਜਾਬ ਸਟੇਟ ਇੰਡਸਟਰੀਅਲ ਡਿਵਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਕਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਨਾਲ ਜਿੱਥੇ ਰਾਜ ਦੀ ਆਰਥਿਕਤਾ ਮੁੜ ਲੀਹ ਉਤੇ ਆਈ ਹੈ, ਉਥੇ ਕੋਰੋਨਾ ਸੰਕਟ ਦੇ ਬਾਵਜੂਦ ਸਰਕਾਰ ਨਵੀਂਆਂ ਭਰਤੀਆਂ ਕਰ ਰਹੀ ਹੈ। ਉਨਾਂ ਕਿਹਾ ਕਿ ਸਨਅਤ ਦੇ ਵਿਕਾਸ ਲਈ ਰਾਜ ਸਰਕਾਰ ਵੱਲੋਂ ਸਨਅਤਾਕਰਾਂ ਦੀ ਸਲਾਹ ਨਾਲ ਜੋ ਨੀਤੀਆਂ ਅਮਲ ਵਿਚ ਲਿਆਂਦੀਆਂ ਗਈਆਂ ਹਨ ਅਤੇ ਜਿਸ ਤਰਾਂ ਬਿਨਾਂ ਕਿਸੇ ਵਿਘਨ ਦੇ ਨਵੀਂ ਸਨਅਤ ਨੂੰ ਪ੍ਰਵਾਨਗੀ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਉਸ ਨਾਲ ਸਨਅਤ ਵੀ ਵਿਕਾਸ ਕਰੇਗੀ। ਇਸ ਮੌਕੇ ਸ੍ਰੀ ਰਾਣਾ ਸੋਢੀ ਨੇ ਪ੍ਰਵਾਸੀ ਪੰਜਾਬੀਆਂ ਦੇ ਵੱਢਮੁੱਲੇ ਯੋਗਦਾਨ ਦੀ ਸਰਾਹਨਾ ਕਰਦੇ ਰਾਜ ਦੀ ਤਰੱਕੀ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸ੍ਰੀ ਮਨਜੀਤ ਸਿੰਘ ਨਿੱਝਰ, ਜਿਲਾ ਖੇਡ ਅਧਿਕਾਰੀ ਸ. ਗੁਰਲਾਲ ਸਿੰਘ ਰਿਆੜ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਕੈਪਸ਼ਨ:-ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕਰਦੇ ਸ੍ਰੀ ਗੁਰਮੀਤ ਸਿੰਘ ਅਤੇ ਸ੍ਰੀ ਕਿਸ਼ਨ ਕੁਮਾਰ ਬਾਵਾ।