ਬੰਗਾ : 19 ਫਰਵਰੀ (ਬਿਊਰੋ) ਗੜ੍ਹਸ਼ੰਕਰ ਰੋਡ ਬੰਗਾ ਸਥਿਤ ਨਾਭੀ ਅੰਮਿ੍ਤ ਨਾਮੀ ਆਯੁਰਵੈਦਿਕ ਦਵਾਈ ਵੇਚਣ ਵਾਲੇ ਕੰਪਨੀ 'ਤੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਨਿਰਪਾਲ ਸ਼ਰਮਾ ਦੀ ਟੀਮ ਵੱਲੋਂ ਛਾਪਾ ਮਾਰਨ ਦਾ ਸਮਾਚਾਰ ਹੈ। ਡਾ. ਨਿਰਪਾਲ ਸਰਮਾ ਨੇ ਦੱਸਿਆ ਕਿ ਸੂਬਾ ਲੈਵਲ ਲਾਇਸੈਂਸਿੰਗ ਅਥਾਰਟੀ ਨੂੰ ਸ਼ਿਕਾਇਤ ਮਿਲੀ ਸੀ ਕਿ ਨਾਭੀ ਅੰਮਿ੍ਤ ਅਤੇ ਡੈਟਾ ਅੰਮਿ੍ਤ ਨਾਮਕ ਨਕਲੀ ਉਤਪਾਦ ਗੜ੍ਹਸ਼ੰਕਰ ਰੋਡ ਬੰਗਾ ਵਿਖੇ ਹਰਦੀਪ ਸਿੰਘ ਪੁੱਤਰ ਬਲਬੀਰ ਸਿੰਘ ਵੱਲੋਂ ਵੇਚੇ ਜਾ ਰਹੇ ਹਨ। ਚੈੱਕ ਕਰਨ 'ਤੇ ਪਾਇਆ ਗਿਆ ਹੈ ਕਿ ਇਸ ਫਰਮ ਕੋਲ ਕੋਈ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਨਹੀਂ ਹੈ ਅਤੇ ਨਾ ਹੀ ਇਸ ਮਾਲ ਨੂੰ ਖਰੀਦਣ ਦਾ ਬਿਲ ਇਸ ਫਰਮ ਦਾ ਮਾਲਕ ਦਿਖਾ ਸਕਿਆ। ਇਹ ਸਾਰੀ ਕਾਰਵਾਈ ਕਰਨ ਉਪਰੰਤ ਰਿਪੋਰਟ ਉੱਚ ਅਫ਼ਸਰਾਂ ਨੂੰ ਪੰਜਾਬ ਦਫ਼ਤਰ ਵਿਖੇ ਭੇਜ ਦਿੱਤੀ। ਤਿੰਨ ਦਿਨ ਸਮਾਂ ਦੇਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਜਦੋਂ ਨਾਭੀ ਅੰਮਿ੍ਤ ਦਵਾਈ ਵੇਚਣ ਵਾਲੇ ਫਰਮ ਦੇ ਮਾਲਕ ਹਰਦੀਪ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਇਸ ਦਵਾਈ ਨੂੰ ਤਿਆਰ ਨਹੀਂ ਕਰਦੇ ਅਤੇ ਸਿਰਫ ਮਾਰਕੀਟਿੰਗ ਕਰਦੇ ਹਨ। ਇਸ ਨੂੰ ਵੇਚਣ ਲਈ ਸਾਡੇ ਕੋਲ ਜ਼ਰੂਰੀ ਲਾਇਸੰਸ ਅਤੇ ਪੇਪਰ ਹਨ। ਉਨ੍ਹਾਂ ਕਿਹਾ ਕਿ ਇਹ ਨਾਭੀ ਅੰਮਿ੍ਤ ਟਰੇਡ ਮਾਰਕ ਪਹਿਲਾਂ ਉਨ੍ਹਾਂ ਵੱਲੋਂ ਰਜਿਸਟਰਡ ਕਰਾਇਆ ਗਿਆ ਸੀ। ਜਿਸ ਨੇ ਉਨ੍ਹਾਂ ਦੇ ਖਿਲਾਫ਼ ਸ਼ਿਕਾਇਤ ਕੀਤੀ ਹੈ ਉਸ ਨੇ ਸਰਕਾਰੀ ਵਿਭਾਗ ਨੂੰ ਧੋਖੇ ਵਿਚ ਰੱਖ ਕੇ ਆਪਣੇ ਨਾਂ 'ਤੇ ਰਜਿਸਟਰਡ ਕਰਵਾ ਲਿਆ ਹੈ। ਜਿਸ ਲਈ ਹੁਣ ਉਹ ਮਾਣਯੋਗ ਅਦਾਲਤ ਵਿਚ ਜਾਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਛਾਪਾ ਮਰਨ ਵਾਲੇ ਅਫਸਰਾਂ ਦੀ ਤਸੱਲੀ ਲਈ ਲੋੜੀਂਦੇ ਲਾਈਸੈਂਸ ਅਤੇ ਦਸਤਾਵੇਜ਼ ਹਨ, ਜਿਸ ਨਾਲ ਉਹ ਅਧਿਕਾਰੀਆਂ ਦੀ ਤਸੱਲੀ ਕਰਵਾਉਣਗੇ। ਉਨ੍ਹਾਂ ਦੇ ਕੰਮ ਵਿਚ ਕੁਝ ਵੀ ਗਲਤ ਨਹੀਂ ਹੋ ਰਿਹਾ ਹੈ। ਇਸ ਮੌਕੇ ਛਾਪਾ ਮਾਰਨ ਵਾਲੀ ਟੀਮ ਵਿਚ ਡਾ. ਨਿਰਪਾਲ ਸ਼ਰਮਾ ਡੀਏਯੂਓ ਤੋਂ ਇਲਾਵਾ ਡਾ. ਪ੍ਰਦੀਪ ਅਰੋਡਾ ਏ ਐੱਮ ਓ, ਡਾ. ਰਮਜੀਤ ਕੁਮਾਰੀ ਏ ਐੱਮ ਓ, ਡਾ. ਜਤਿੰਦਰ ਕੁਮਾਰ ਏ ਐਮ ਓ ਅਤੇ ਵਿਨੋਦ ਕੁਮਾਰ ਸੁਪਰਡੈਂਟ ਆਦਿ ਵੀ ਹਾਜ਼ਰ ਸਨ।