ਨਵਾਂਸ਼ਹਿਰ 21 ਫਰਵਰੀ (ਬਿਊਰੋ) ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ 24 ਫਰਵਰੀ ਨੂੰ ਸਵੇਰੇ 10:30 ਵਜੇ ਦੁਸਹਿਰਾ ਗਰਾਉਂਡ ਨਵਾਂਸ਼ਹਿਰ ਵਿਖੇ ਮੋਦੀ ਸਰਕਾਰ ਵੱਲੋਂ ਜੇਹਲਾਂ ਵਿਚ ਬੰਦ ਕਿਸਾਨਾਂ, ਨੌਜਵਾਨਾਂ, ਸਮਾਜਿਕ ਕਾਰਕੁਨਾਂ ਦੀ ਰਿਹਾਈ ਲਈ ਅਤੇ ਅੰਗਰੇਜ਼ ਹਕੂਮਤ ਵਿਰੁੱਧ 'ਪੱਗੜੀ ਸੰਭਾਲ ਜੱਟਾ' ਦੇ ਨਾਹਰੇ ਹੇਠ ਵਿਸ਼ਾਲ ਕਿਸਾਨ ਲਹਿਰ ਖੜੀ ਕਰਨ ਵਾਲੇ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਾਨਫਰੰਸ ਅਤੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਫੈਸਲਾ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਵੜੈਚ ਦੀ ਪ੍ਰਧਾਨਗੀ ਹੇਠ ਮੀਟਿੰਗ ਵਿਚ ਹੋਇਆ। ਮੀਟਿੰਗ ਵਿਚ ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ ਨੇ ਦੱਸਿਆ ਕਿ ਮੋਦੀ ਸਰਕਾਰ ਦਾ ਫਾਸ਼ੀਵਾਦੀ ਚਿਹਰਾ ਹਰ ਆਏ ਦਿਨ ਨੰਗਾ ਹੁੰਦਾ ਜਾ ਰਿਹਾ ਹੈ। ਆਰਥਿਕ ਨਾਕਾਮੀਆਂ ਵਿਚ ਬੁਰੀ ਤਰ੍ਹਾਂ ਘਿਰੀ ਇਹ ਕੇਂਦਰ ਸਰਕਾਰ ਮਹਿੰਗਾਈ ਦਾ ਬੋਝ ਝੱਲ ਰਹੇ, ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸ ਰਹੇ ਲੋਕਾਂ ਅਤੇ ਤਿੱਖੇ ਲੋਕ ਸ਼ੰਘਰਸ਼ਾਂ ਨੂੰ ਦਬਾਉਣ ਲਈ, ਕਾਲੇ ਕਾਨੂੰਨਾਂ, ਅਨਿਆਂ ਅਤੇ ਜਬਰ ਦਾ ਸਹਾਰਾ ਲੈ ਰਹੀ ਹੈ। ਸਰਕਾਰ ਦੀ ਅਲੋਚਨਾ ਕਰਨ ਵਾਲੀ ਹਰ ਆਵਾਜ਼ ਨੂੰ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ, ਕਿਸਾਨੀ ਘੋਲ ਦੇ ਹੱਕ ਵਿਚ ਨਿੱਤਰੇ ਕਵੀਆਂ, ਲੇਖਕਾਂ, ਪੱਤਰਕਾਰਾਂ, ਵਕੀਲਾਂ, ਆਗੂਆਂ, ਸਮਾਜਿਕ ਕਾਰਕੁਨਾਂ ਨੂੰ ਦੇਸ਼ ਧ੍ਰੋਹ ਦੀਆਂ ਸੰਗੀਨ ਧਾਰਾਵਾਂ ਲਾਕੇ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ। ਖੁਫੀਆ ਤੰਤਰ ਅਤੇ ਰਾਜ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਆਪਣੇ ਹਿੰਦੂਤਵੀ ਅਜੰਡੇ ਨੂੰ ਲਾਗੂ ਕਰਨ ਲਈ ਸਰਕਾਰ ਮਨੁੱਖੀ ਹੱਕਾਂ ਦਾ ਘਾਣ ਕਰ ਰਹੀ ਹੈ। ਇਹ ਸਰਕਾਰ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਮੌਜੂਦਾ ਕਿਸਾਨੀ ਘੋਲ ਨੂੰ ਢਾਹ ਲਾਉਣ ਲਈ ਘਟੀਆ ਹੱਥਕੰਡੇ ਵਰਤ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਸਿਰ ਝੂਠੇ ਪੁਲਿਸ ਕੇਸ ਪਾ ਰਹੀ ਹੈ । ਭਾਜਪਾ ਆਪਣੇ ਆਈ ਟੀ ਸੈੱਲ ਰਾਹੀਂ ਕਿਸਾਨ ਆਗੂਆਂ ਵਿਰੁੱਧ ਭੰਡੀ ਪ੍ਰਚਾਰ ਕਰ ਰਹੀ ਹੈ ਇੱਥੋਂ ਤੱਕ ਕਿ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਆਗੂਆਂ ਨੇ ਕਿਹਾ ਕਿ ਸਰਕਾਰ ਡਰ ਨੂੰ ਹਥਿਆਰ ਵਜੋਂ ਵਰਤ ਰਹੀ ਹੈ। ਮਜ਼ਦੂਰ ਆਗੂ ਨੌਦੀਪ ਕੌਰ, ਸਮਾਜਿਕ ਕਾਰਕੁੰਨ ਦਿਸ਼ਾ ਰਵੀ ਅਤੇ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਾਜ਼ਮਪੁਰ ਦੇ ਨੌਜਵਾਨ ਰਣਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਕਿਸਾਨ ਅਤੇ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ ਜਿਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨਾ ਚਾਹੀਦਾ ਹੈ। ਇਸ ਮੀਟਿੰਗ ਵਿਚ ਮੱਖਣ ਸਿੰਘ ਭਾਨਮਜਾਰਾ, ਸੁਰਿੰਦਰ ਸਿੰਘ ਮਹਿਰਮਪੁਰ, ਬੂਟਾ ਸਿੰਘ ਮਹਿਮੂਦ ਪੁਰ, ਪਰਮਜੀਤ ਸਿੰਘ ਸ਼ਹਾਬਪੁਰ, ਅਜਮੇਰ ਸਿੱਧੂ ਅਤੇ ਗੁਰਦਿਆਲ ਰੱਕੜ ਵੀ ਮੌਜੂਦ ਸਨ।
ਫੋਟੋ ਕੈਪਸ਼ਨ :- ਨਵਾਂਸ਼ਹਿਰ ਵਿਖੇ ਕਾਨਫਰੰਸ ਅਤੇ ਮੁਜਾਹਰਾ 24 ਫਰਵਰੀ ਨੂੰ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ
ਫੋਟੋ ਕੈਪਸ਼ਨ :- ਨਵਾਂਸ਼ਹਿਰ ਵਿਖੇ ਕਾਨਫਰੰਸ ਅਤੇ ਮੁਜਾਹਰਾ 24 ਫਰਵਰੀ ਨੂੰ ਕਰਨ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ