ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਜਿਲ੍ਹੇ ਵਿਚ 350 ਮਿੰਨੀ ਬੱਸਾਂ ਦੇ ਪਰਮਿਟ ਵੰਡੇ

ਡਰਾਈਵਿੰਗ ਕਾਰਡ ਦੇ ਆਰ. ਸੀ. ਹੁਣ ਸਿੱਧੇ ਤੁਹਾਡੇ ਘਰ ਡਾਕ ਰਾਹੀਂ ਪਹੁੰਚਣਗੇ

ਅੰਮਿ੍ਰਤਸਰ, 24 ਫਰਵਰੀ ( ਬਿਊਰੋ) - ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਦੀ ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਦੇ ਮੌਕੇ ਦਿਵਾਉਣ ਲਈ ਵਿੱਢੀ ਗਈ ਰਾਜ ਪੱਧਰੀ ਮੁਹਿੰਮ ਤਹਿਤ ਅੱਜ ਅੰਮਿ੍ਰਤਸਰ ਜਿਲ੍ਹੇ ਵਿਚ 350 ਮਿੰਨੀ ਬੱਸਾਂ ਦੇ ਪਰਮਿਟ ਵੰਡੇ ਗਏ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਨੌਜਵਾਨਾਂ ਤੇ ਮੁਟਿਆਰਾਂ ਜਿੰਨਾ ਨੂੰ ਇਹ ਪਰਮਿਟ ਦਿੱਤੇ ਗਏ ਹਨ, ਨੂੰ ਮੁਬਾਰਕਬਾਦ ਦਿੱਤੀ। ਸ. ਖਹਿਰਾ ਨੇ ਅੰਮਿ੍ਰਤਸਰ ਵਿਚ ਨੌਜਵਾਨਾਂ ਨੂੰ ਪਰਮਿਟਾਂ ਦੀ ਵੰਡ ਕੀਤੀ ਅਤੇ ਕਿਹਾ ਕਿ ਸਾਡੇ ਜਿਲ੍ਹੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ 350 ਉਮੀਦਵਾਰਾਂ ਨੂੰ ਯੋਗ ਸਮਝਦੇ ਹੋਏ ਮਿੰਨੀ ਬੱਸਾਂ ਦੇ ਪਰਮਿਟ ਦਿੱਤੇ ਗਏ ਹਨ ਅਤੇ ਸੰਕੇਤਕ ਤੌਰ ਤੇ 6 ਲਾਭਪਾਤਰੀਆਂ ਨੂੰ ਪਰਮਿਟਾਂ ਦੀ ਵੰਡ ਕੀਤੀ ਗਈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਅੱਜ ਤੋਂ ਟਰਾਂਸਪਰੋਟ ਵਿਭਾਗ ਵੱਲੋਂ ਬਣਾਏ ਜਾਂਦੇ ਗੱਡੀਆਂ ਦੇ ਰਜਿਸਟਰੇਸ਼ਨ ਕਾਰਡ ਅਤੇ ਡਰਾਈਵਿੰਗ ਲਾਇਸੈਂਸ ਲੈਣ ਲਈ ਵੀ ਹੁਣ ਲੋਕਾਂ ਨੂੰ ਕਿਸੇ ਦਫਤਰ ਨਹੀਂ ਆਉਣਾ ਪਵੇਗਾ, ਬਲਕਿ ਇਹ ਕਾਰਡ ਹੁਣ ਉਨਾਂ ਵੱਲੋਂ ਦਿੱਤੇ ਗਏ ਪਤੇ ਉਤੇ ਡਾਕ ਵਿਭਾਗ ਵੱਲੋਂ ਰਜਿਸਟਰਡ ਡਾਕ ਰਾਹੀਂ ਭੇਜੇ ਜਾਣਗੇ। ਉਨਾਂ ਕਿਹਾ ਕਿ ਇਸ ਤਰਾਂ ਲੋਕਾਂ ਦੀ ਖੱਜ਼ਲਖੁਆਰੀ ਘਟੇਗੀ । ਸ. ਖਹਿਰਾ ਨੇ ਦੱਸਿਆ ਕਿ ਹੁਣ ਰਾਜ ਭਰ ਤੋਂ ਇਹ ਕਾਰਡ ਚੰਡੀਗੜ੍ਹ ਵਿਖੇ ਕੇਂਦਰੀਕ੍ਰਿਤ ਕਾਰਡ ਪਿ੍ਰੰਟਿੰਗ ਕੇਂਦਰ ਤੋਂ ਹੀ ਬਣਨਗੇ ਅਤੇ ਉਥੋਂ ਹੀ ਸਿੱਧਾ ਲੋਕਾਂ ਦੇ ਘਰਾਂ ਵਿਚ ਪਹੁੰਚਣਗੇ। ਇਸ ਮੌਕੇ ਮਿੰਨੀ ਬੱਸ ਦਾ ਪਰਮਿਟ ਲੈਣ ਲਈ ਰਸਮੀ ਤੌਰ ਉਤੇ ਬੁਲਾਏ ਗਏ ਨੌਜਵਾਨ ਵਿਚ ਖੁਸ਼ੀ ਦਾ ਆਲਮ ਵੇਖਣ ਨੂੰ ਮਿਲਿਆ। ਇਨਾਂ ਨੌਜਵਾਨਾਂ ਨੇ ਪੰਜਾਬ ਸਰਕਾਰ ਦੀ ਇਸ ਪਹਿਲ ਕਦਮੀ ਦਾ ਦਿਲੋਂ ਸਵਾਗਤ ਕਰਦੇ ਕਿਹਾ ਕਿ ਸਾਡੇ ਵਰਗੇ ਲੋਕ ਜਿੰਨਾ ਦਾ ਇਸ ਕਾਰੋਬਾਰ ਨਾਲ ਦੂਰ ਦਾ ਵਾਸਤਾ ਨਹੀਂ ਸੀ, ਕਦੇ ਬੱਸ ਦਾ ਮਾਲਕ ਬਣਨ ਦੀ ਸੋਚ ਵੀ ਨਹੀਂ ਸੀ ਸਕਦੇ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਸਦਕਾ ਸਾਨੂੰ ਬਿਨਾਂ ਕਿਸੇ ਸਿਫਾਰਸ਼ ਤੇ ਪੈਸੇ ਦੇ ਇਹ ਪਰਮਿਟ ਮਿਲੇ ਹਨ।  ਸ: ਖਹਿਰਾ ਨੇ ਦਸਿਆ ਕਿ ਸਰਕਾਰ ਵਲੋਂ ਸਰਕਾਰੀ ਬੱਸਾਂ ਵਿੱਚ ਵਹਿਕਲ ਟਰੈਕਿੰਗ ਸਿਸਟਮ ਵੀ ਲਗਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਪਰਮਿਟਾਂ ਦੀ ਵੰਡ ਨਾਲ ਲੋਕਾਂ ਨੂੰ ਇਕ ਪਿੰਡ ਤੋਂ ਦੂੁਜੇ ਪਿੰਡ ਤੱਕ ਜਾਣ ਦੀ ਕਾਫ਼ੀ ਆਸਾਨੀ ਹੋਵੇਗੀ ਅਤੇ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਦੇ ਸਾਧਨ ਵੀ ਮੁਹੱਈਆ ਹੋਣਗੇ। ਜਿਸ ਨਾਲ ਗਲਤ ਡਰਾਈਵਿੰਗ ਅਤੇ ਦੁਰਘਟਨਾਵਾਂ ਤੇ ਰੋਕ ਲਗੇਗੀ। ਉਨਾਂ ਕਿਹਾ ਕਿ ਸਰਕਾਰ ਵਲੋਂ ਛੇਤੀ ਹੀ ਸਿਸਟਮ ਪਰਾਈਵੇਟ ਬੱਸਾਂ ਵਿਚ ਵੀ ਲਗਾਇਆ ਜਾਵੇਗਾ। ਸ: ਖਹਿਰਾ ਨੇ ਦੱਸਿਆ ਕਿ ਹੁਣ ਵਿਅਕਤੀ ਘਰ ਬੈਠੇ ਹੀ ਫੈਂਸੀ ਨੰਬਰ ਲੈਣ ਲਈ ਆਨਲਾਈਨ ਅਪਲਾਈ ਕਰ ਸਕੇਗਾ ਅਤੇ ਆਨਲਾਈਨ ਹੀ ਇਸਦੀ ਬੋਲੀ ਹੋਵੇਗੀ। ਉਨਾਂ ਕਿਹਾ ਕਿ ਇਸ ਨਾਲ ਵਿਅਕਤੀ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਐਸ ਡੀ ਐਮ ਸ੍ਰੀਮਤੀ ਅਨਾਇਤ ਗੁਪਤਾ, ਸੈਕਟਰੀ ਆਰ. ਟੀ. ਏ ਸ੍ਰੀਮਤੀ ਜੋਤੀ ਬਾਲਾ, ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਅਰੁਣ ਪੱਪਲ,ਚੇਅਰਮੈਨ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਸ੍ਰੀ ਪ੍ਰਗਟ ਸਿੰਘ ਧੁੰਨਾ ਵਾਇਸ ਚੇਅਰਮੈਨ ਸਮਾਲ ਇੰਡਸਟਰੀ ਬੋਰਡ ਸ੍ਰੀ ਪਰਮਜੀਤ ਸਿੰਘ ਬਤਰਾ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।
ਕੈਪਸ਼ਨ : ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਲਾਭਪਾਤਰੀਆਂ ਨੂੰ ਬੱਸ ਪਰਮਿਟਾਂ ਦੀ ਵੰਡ ਕਰਦੇ ਹੋਏ।