27 ਫਰਵਰੀ ਨੂੰ ਕਿਰਤੀ ਕਿਸਾਨ ਯੂਨੀਅਨ ਵਲੋਂ ਮਨਾਇਆ ਜਾਵੇਗਾ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ


ਨਵਾਂਸ਼ਹਿਰ 24 ਫਰਵਰੀ (ਬਿਊਰੋ)  ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤੇ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜਦੂਰ ਯੂਨੀਅਨ ਵਲੋਂ 27 ਫਰਵਰੀ ਨੂੰ ਨਵਾਂਸ਼ਹਿਰ ਦੇ ਰਿਲਾਇੰਸ ਕੰਪਨੀ ਦੇ ਸਟੋਰ ਅੱਗੇ ਧਰਨਾ ਸਥਾਨ ਉੱਤੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਵੇਗਾ। ਇਸ ਸਬੰਧੀ ਇੱਥੇ ਦੋਨਾਂ ਜਥੇਬੰਦੀਆਂ ਦੀ ਮੀਟਿੰਗ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਵੜੈਚ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਆਗੂ ਹਰੀ ਰਾਮ ਰਸੂਲਪੁਰੀ ਨੇ ਦੱਸਿਆ ਕਿ ਕਿਰਤ ਕਰਨ ਅਤੇ ਕਿਰਤ ਦੀ ਰਾਖੀ ਕਰਨ ਦਾ ਮਹੱਤਵਪੂਰਨ ਸੁਨੇਹਾ ਦੇਣ ਵਾਲੇ ਮਹਾਨ ਰਹਿਬਰ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਉੱਤੇ ਚੱਲਣਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ। ਇਸ ਸਮਾਗਮ ਵਿਚ ਬੁਲਾਰੇ ਗੁਰੂ ਸਾਹਿਬ ਦੀ ਵਿਚਾਰਧਾਰਾ ਉੱਤੇ ਚਾਨਣਾ ਪਾਉਣਗੇ। ਅੱਜ ਦੀ ਮੀਟਿੰਗ ਵਿਚ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਜਮਹੂਰੀ ਅਧਿਕਾਰ ਸਭਾ ਦੇ ਜਿਲਾ ਸਕੱਤਰ ਜਸਬੀਰ ਦੀਪ, ਮੱਖਣ ਸਿੰਘ ਭਾਨਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ,ਸੁਰਜੀਤ ਕੌਰ ਉਟਾਲ, ਰੁਪਿੰਦਰਪਾਲ ਕੌਰ ਦੁਰਗਾ ਪੁਰ ਅਤੇ ਭੱਠਾ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਗੁਰਦਿਆਲ ਰੱਕੜ ਵੀ ਮੌਜੂਦ ਸਨ।