ਭੋਜਨ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਢੁੱਕਵੇਂ ਉਪਰਾਲੇ ਕਰ ਰਿਹਾ ਸਿਹਤ ਵਿਭਾਗ : ਡਾ. ਗੁਰਦੀਪ ਸਿੰਘ ਕਪੂਰ

ਸਿਵਲ ਸਰਜਨ ਨੇ ਮੌਕੇ 'ਤੇ ਗੁਣਵੱਤਾ ਜਾਂਚ ਕਰਨ ਵਾਲੀ ਭੋਜਨ ਸੁਰੱਖਿਆ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਨਵਾਂਸ਼ਹਿਰ, 15 ਫਰਵਰੀ : ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੀ ਅਗਵਾਈ ਹੇਠ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਲੋਕਾਂ ਨੂੰ ਮਿਆਰੀ ਭੋਜਨ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਭੋਜਨ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਢੁੱਕਵੇਂ ਉਪਰਾਲੇ ਕਰ ਰਿਹਾ ਹੈ। ਇਸੇ ਕੜੀ ਤਹਿਤ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਨੇ ਅੱਜ ਅਤਿ ਆਧੁਨਿਕ ਉਪਕਰਣਾਂ ਨਾਲ ਲੈਸ ਖੁਰਾਕ ਸੁਰੱਖਿਆ ਵੈਨ ਨੂੰ ਜ਼ਿਲ੍ਹੇ ਵਿਚ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਵੈਨ ਵਿੱਚ ਮੌਕੇ ਉੱਤੇ ਹੀ ਭੋਜਨ ਦੇ ਗੁਣਵੱਤਾ ਮਾਪਦੰਡਾਂ ਦੀ ਜਾਂਚ ਕਰਨ ਦੀ ਸਮਰੱਥਾ ਹੈ। ਇਹ ਵੈਨ 15 ਫਰਵਰੀ ਤੋਂ 12 ਮਾਰਚ ਤੱਕ ਜ਼ਿਲ੍ਹੇ ਅੰਦਰ ਭੋਜਨ ਪਦਾਰਥਾਂ ਦੇ ਸੈਂਪਲ ਲੈ ਕੇ ਉਨ੍ਹਾਂ ਦੀ ਗੁਣਵੱਤਾ ਬਾਰੇ ਲੋਕਾਂ ਨੂੰ ਜਾਣੂ ਕਰਵਾਏਗੀ। ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੁਹਿੰਮ ਵੱਡੇ ਪੱਧਰ ਉੱਤੇ ਮਿਲਾਵਟਖੋਰਾਂ ਪਰਦਾਫਾਸ਼ ਕਰਨ ਲਈ ਕਾਰਗਰ ਸਿੱਧ ਹੋਵੇਗੀ, ਕਿਉਂਕਿ ਇਸ ਮੁਹਿੰਮ ਰਾਹੀਂ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਉਹ ਮਿਲਾਵਟੀ ਭੋਜਨ ਖਾ ਰਹੇ ਹਨ ਜਾਂ ਨਹੀਂ ਅਤੇ ਇਸ ਤਰ੍ਹਾਂ ਜ਼ਿਲ੍ਹੇ ਦੇ ਲੋਕ ਸੁਰੱਖਿਅਤ ਅਤੇ ਮਿਆਰੀ ਭੋਜਨ ਪ੍ਰਾਪਤ ਕਰ ਸਕਣਗੇ। ਸਿਹਤ ਵਿਭਾਗ ਕੋਰੋਨਾ ਮਹਾਂਮਾਰੀ ਦੌਰਾਨ ਵੀ ਜ਼ਿਲੇ੍ਹ ਭਰ ਦੇ ਲੋਕਾਂ ਨੂੰ ਸਾਫ ਸੁਥਰਾ ਅਤੇ ਮਿਆਰੀ ਖਾਣਾਂ, ਖਾਦ -ਪਦਾਰਥ ,ਫਲ –ਸਬਜੀਆਂ, ਦੁੱਧ ਅਤੇ ਦੁੱਧ ਦੇ ਪਦਾਰਥ ਆਦਿ ਮੁਹੱਈਆਂ ਕਰਵਾਉਣ ਲਈ ਵਚਨਬੱਧ ਹੈ। ਇਸ ਵੈਨ ਦੀ ਮਦਦ ਨਾਲ ਲੋਕਾਂ ਨੂੰ ਮੌਕੇ ਉੱਤੇ ਹੀ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਅਤੇ ਮਿਆਰ ਦਾ ਪਤਾ ਲੱਗ ਸਕਦਾ ਹੈ। ਉਨ੍ਹਾ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਧਿਆਨ ਭੋਜਨ ਸੁਰੱਖਿਆ ਉੱਤੇ ਕੇਂਦਰਿਤ ਹੈ, ਇਸ ਲਈ ਜ਼ਿਲ੍ਹੇ ਵਿਚ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਾਲ-ਨਾਲ ਵੈਨ ਰਾਹੀਂ ਭੋਜਨ ਪਦਾਰਥਾਂ ਦੇ ਨਮੂਨੇ ਲੈ ਕੇ ਗੁਣਵੱਤਾ ਦੀ ਚੈਕਿੰਗ ਕੀਤੀ ਜਾ ਰਹੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫਸਰ ਜਗਤ ਰਾਮ, ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ, ਭੋਜਨ ਸੁਰੱਖਿਆ ਅਫਸਰ ਬਿਕਰਮਜੀਤ ਸਿੰਘ, ਦਿਨੇਸ਼ਜੋਤ ਸਿੰਘ ਅਤੇ ਹੈਲਥ ਇੰਸਪੈਕਟਰ ਸਲੰ‍ਦਿਰ ਸਿੰਘ, ਹਾਜ਼ਰ ਸਨ।