ਨਵਾਂਸ਼ਹਿਰ 27 ਫਰਵਰੀ (ਐਨ ਟੀ ਟੀਮ) ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜਦੂਰ ਯੂਨੀਅਨ ਵਲੋਂ ਸਥਾਨਕ ਰਿਲਾਇੰਸ ਸਟੋਰ ਅੱਗੇ ਚੱਲਦੇ ਕਿਸਾਨੀ ਦੇ ਧਰਨਾ ਸਥਾਨ ਉੱਤੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਅਤੇ ਦੇਸ਼ ਦੀ ਆਜਾਦੀ ਦੇ ਮਹਾਨ ਸ਼ਹੀਦ ਚੰਦਰ ਸ਼ੇਖਰ ਦੇ ਸ਼ਹੀਦੀ ਦਿਹਾੜੇ ਨੂੰ ਸਾਮਰਾਜੀ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਅਰਦਾਸ ਕਰਨ ਉਪਰੰਤ ਬੁਲਾਰਿਆਂ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਅਤੇ ਸੰਘਰਸ਼ ਉੱਤੇ ਚਾਨਣਾ ਪਾਇਆ। ਉਹਨਾਂ ਕਿਹਾ ਕਿ ਅੱਜ ਜਦੋਂ ਦੇਸ਼ ਦਾ ਅੰਨਦਾਤਾ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦਿੱਲੀ ਦੀਆਂ ਹੱਦਾਂ ਉੱਤੇ ਧਰਨੇ ਮਾਰੀ ਬੈਠਾ ਹੈ ਅਜਿਹੇ ਸਮੇਂ ਸਾਨੂੰ ਗੁਰੂ ਸਾਹਿਬ ਦੇ ਦਿਖਾਏ ਸੱਚ ਦੇ ਮਾਰਗ ਉੱਤੇ ਜੂਝਣ ਦਾ ਪ੍ਰਣ ਕਰਨਾ ਚਾਹੀਦਾ ਹੈ। ਕਿਉਂਕਿ ਕਿ ਇਹ ਕਾਨੂੰਨ ਕਿਸਾਨਾਂ ਦੇ ਨਾਲ ਨਾਲ ਮਜਦੂਰ ਵਰਗ ਲਈ ਵੀ ਘਾਤਕ ਹਨ। ਬੁਲਾਰਿਆਂ ਨੇ ਕਿਹਾ ਕਿ ਅੱਜ ਸਾਨੂੰ ਚੰਦਰ ਸ਼ੇਖਰ ਆਜ਼ਾਦ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸਾਮਰਾਜੀ ਤਾਕਤਾਂ ਵਿਰੁੱਧ ਸੰਘਰਸ਼ ਤਿੱਖਾ ਕਰਨਾ ਚਾਹੀਦਾ ਹੈ। ਜਿਸ ਢੰਗ ਨਾਲ਼ ਸਾਮਰਾਜੀ ਤਾਕਤਾਂ ਨੇ ਸਾਡੇ ਦੇਸ਼ ਦੇ ਵਿਕਾਸ ਨੂੰ ਬੰਨ੍ਹ ਮਾਰਿਆ ਹੋਇਆ ਹੈ ਅਤੇ ਸਾਡੇ ਦੇਸ਼ ਦੇ ਹਾਕਮ ਸਾਮਰਾਜੀ ਤਾਕਤਾਂ ਦੀ ਕੱਠਪੁਤਲੀ ਬਣਕੇ ਦੇਸ਼ ਦੇ ਕੁਦਰਤੀ ਸੋਮੇ ਅਤੇ ਲੋਕਾਂ ਦੀ ਕਿਰਤ ਸ਼ਕਤੀ ਉਹਨਾਂ ਨੂੰ ਲੁਟਾ ਰਹੇ ਹਨ ਸਾਡਾ ਫਰਜ ਬਣਦਾ ਹੈ ਕਿ ਅਸੀਂ ਇਹਨਾਂ ਦੇ ਨਾਪਾਕ ਗੱਠਜੋੜ ਨੂੰ ਨੰਗਾ ਕਰੀਏ। ਇਸ ਮੌਕੇ ਜਸਬੀਰ ਦੀਪ, ਬੂਟਾ ਸਿੰਘ, ਅਜਮੇਰ ਸਿੱਧੂ, ਗੁਰਬਖਸ਼ ਕੌਰ ਸੰਘਾ, ਹਰੀ ਰਾਮ ਰਸੂਲਪੁਰੀ, ਸੋਹਣ ਸਿੰਘ ਅਟਵਾਲ, ਪਰਮਜੀਤ ਸਿੰਘ ਸ਼ਹਾਬਪੁਰ, ਰਣਜੀਤ ਕੌਰ ਮਹਿਮੂਦ ਪੁਰ ਅਤੇ ਜਸਵੀਰ ਕੌਰ ਭੰਗਲ ਨੇ ਵੀ ਸੰਬੋਧਨ ਕੀਤਾ।
ਕੈਪਸ਼ਨ: ਵਿਚਾਰ ਪੇਸ਼ ਕਰਦੇ ਹੋਏ ਬੁਲਾਰੇ ਅਤੇ ਸਮਾਗਮ ਵਿਚ ਸ਼ਾਮਲ ਲੋਕ।
ਕੈਪਸ਼ਨ: ਵਿਚਾਰ ਪੇਸ਼ ਕਰਦੇ ਹੋਏ ਬੁਲਾਰੇ ਅਤੇ ਸਮਾਗਮ ਵਿਚ ਸ਼ਾਮਲ ਲੋਕ।