ਅੰਮ੍ਰਿਤਸਰ 25 ਫਰਵਰੀ :- ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸ: ਇੰਦਰਜੀਤ ਸਿੰਘ ਵਲੋਂ ਅੱਜ ਅਚਾਨਕ ਸਿਵਲ ਹਸਪਤਾਲ ਸ੍ਰੀ ਬਾਬਾ ਬਕਾਲਾ ਸਾਹਿਬ ਦਾ ਦੌਰਾ ਕੀਤਾ ਗਿਆ ਅਤੇ ਆਪਣੇ ਦੌਰੇ ਦੌਰਾਨ ਉਨਾਂ ਵਲੋਂ ਸਫ਼ਾਈ ਦੇ ਕੰਮਕਾਜ ਨੂੰ ਦੇਖਿਆ ਗਿਆ ਅਤੇ ਆਪਣੀ ਤਸੱਲੀ ਦਾ ਇਜ਼ਹਾਰ ਕੀਤਾ। ਸ: ਇੰਦਰਜੀਤ ਸਿੰਘ ਵਲੋਂ ਸਫ਼ਾਈ ਸੇਵਕਾਂ ਨਾਲ ਗਲਬਾਤ ਕਰਨ ਤੇ ਪਤਾ ਲੱਗਾ ਕਿ ਉਨਾਂ ਨੂੰ ਬਹੁਤ ਹੀ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਜਿਸ ਤੇ ਸਖ਼ਤ ਰੁਖ ਅਪਣਾਉਂਦੇ ਹੋਏ ਉਨਾਂ ਨੇ ਐਸ.ਐਮ.ਓ. ਬਾਬਾ ਬਕਾਲਾ ਨੂੰ ਹਦਾਇਤਾਂ ਦਿੱਤੀਆਂ ਕਿ ਸਫ਼ਾਈ ਸੇਵਕਾਂ ਨੂੰ ਤਨਖਾਵਾਂ ਡੀਸੀ ਰੇਟਾਂ ਤੇ ਦਿੱਤੀਆਂ ਜਾਣ ਅਤੇ ਸਿੱਧੀ ਉਨਾਂ ਦੇ ਬੈਂਕ ਖਾਤਿਆਂ ਵਿੱਚ ਤਨਖਾਹ ਪਾਈ ਜਾਵੇ। ਉਨਾਂ ਕਿਹਾ ਕਿ ਸਫ਼ਾਈ ਸੇਵਕਾਂ ਦੇ ਈ.ਪੀ.ਐਫ਼ ਅਕਾਉਂਟ ਵੀ ਉਨਾਂ ਨੂੰ ਦਿੱਤੇ ਜਾਣ ਅਤੇ ਉਨਾਂ ਦੇ ਈ.ਪੀ.ਐਫ਼ ਅਕਾਉਂਟ ਦੇ ਨਾਲ ਉਨਾਂ ਦੇ ਆਧਾਰ ਕਾਰਡ ਅਤੇ ਮੋਬਾਇਲ ਨੰਬਰ ਵੀ ਅਪਡੇਟ ਕੀਤੇ ਜਾਣ ਤਾਂ ਜੋ ਉਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਪੇਸ਼ ਨਾ ਆਵੇ। ਕਮਿਸ਼ਨ ਦੇ ਮੈਂਬਰ ਸ: ਇੰਦਰਜੀਤ ਸਿੰਘ ਨੇ ਕਿਹਾ ਕਿ ਜਿਹੜੇ ਵਿਭਾਗ ਸਫਾਈ ਸੇਵਕਾਂ ਨੂੰ ਡੀ.ਸੀ. ਰੇਟਾਂ ਤੋਂ ਤਨਖਾਹ ਘੱਟ ਦਿੰਦੇ ਹਨ ਉਨਾਂ ਦੇ ਖਿਲਾਫ਼ ਕਾਨੂੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਫ਼ਾਈ ਸੇਵਕਾਂ ਨੂੰ ਉਨਾਂ ਦਾ ਬਣਦਾ ਹੱਕ ਦਵਾਇਆ ਜਾਵੇਗਾ ਅਤੇ ਉਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਸਫ਼ਾਈ ਸੇਵਕਾਂ ਨੂੰ ਭਰੋਸਾ ਦਵਾਇਆ ਕਿ ਤੁਹਾਨੂੰ ਡੀਸੀ ਰੇਟਾਂ ਅਨੁਸਾਰਾ ਹੀ ਤਨਖਾਵਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਸ: ਸੁਖਵਿੰਦਰ ਸਿੰਘ ਘੁੰਮਣ ਜ਼ਿਲਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ, ਸ: ਹਰਦੇਵ ਸਿੰਘ ਤਹਿਸੀਲ ਭਲਾਈ ਅਫ਼ਸਰ, ਸ੍ਰੀਮਤੀ ਕੁਲਵੰਤ ਕੌਰ ਜ਼ਿਲਾ ਮੈਨੇਜਰ ਐਸ.ਸੀ. ਕਾਰਪੋਰੇਸ਼ਨ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ: ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸ: ਇੰਦਰਜੀਤ ਸਿੰਘ ਸਿਵਲ ਹਸਪਤਾਲ ਸ੍ਰੀ ਬਾਬਾ ਬਕਾਲਾ ਸਾਹਿਬ ਦਾ ਦੌਰਾ ਕਰਦੇ ਹੋਏ।
ਕੈਪਸ਼ਨ: ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਸ: ਇੰਦਰਜੀਤ ਸਿੰਘ ਸਿਵਲ ਹਸਪਤਾਲ ਸ੍ਰੀ ਬਾਬਾ ਬਕਾਲਾ ਸਾਹਿਬ ਦਾ ਦੌਰਾ ਕਰਦੇ ਹੋਏ।