ਪਿੰਡ ਹੀਓ 'ਚ ਦੋ ਧੜਿਆਂ ’ਚ ਹੋਈ ਫਾਇਰਿੰਗ, ਇਕ ਹਮਲਾਵਰ ਦੀ ਮੌਤ

ਬੰਗਾ :  16 ਫਰਵਰੀ (ਬਿਊਰੋ)  ਬੰਗਾ ਦੇ ਪਿੰਡ ਹੀਓ ਵਿਖੇ ਬੀਤੀ ਦੇਰ ਰਾਤ ਦੋ ਧੜਿਆਂ 'ਚ ਝਗੜੇ ਦੌਰਾਨ ਫਾਇਰਿੰਗ ਹੋਈ। ਇਸ ਝਗੜੇ 'ਚ ਨਵਾਂਸ਼ਹਿਰ ਦੇ ਕਥਿਤ ਗੈਂਗਸਟਰ ਸੁਰਜੀਤ ਸਿੰਘ ਗੋਬਿੰਦਪੁਰ ਦੀ ਮੌਤ ਹੋ ਗਈ। ਪਿੰਡ ਦੇ ਸਾਬਕਾ ਸਰਪੰਚ ਤਰਸੇਮ ਲਾਲ ਨੇ ਦੱਸਿਆ ਜਾ ਰਿਹਾ ਹੈ ਕਿ ਸੁਰਜੀਤ ਸਿੰਘ ਨੇ ਪਿੰਡ ਹੀਓ ਦੇ ਲਖਵਿੰਦਰ ਸਿੰਘ ਉਰਫ ਮਟਰੂ ਦੇ ਘਰ ਰਾਤ ਲਗਭਗ ਢਾਈ ਵਜੇ ਆਪਣੇ ਸਾਥੀਆਂ ਸਮੇਤ ਹਮਲਾ ਕੀਤਾ। ਇਸ ਦੌਰਾਨ ਦੋਵਾਂ ਧੜਿਆਂ ਵਿਚਾਲੇ ਲਗਪਗ 10 ਮਿੰਟ ਤਕ ਫਾਇਰਿੰਗ ਹੋਈ। ਇਸ ਦੌਰਾਨ ਉਕਤ ਮੁਲਜ਼ਮ ਨੇ ਜਦ ਕੰਧ ਟੱਪ ਕੇ ਘਰ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੋਵਾਂ ਧੜਿਆਂ ਦੀ ਪਿਛਲੇ ਕੁਝ ਸਮੇਂ ਤੋਂ ਰੰਜਿਸ਼ ਚੱਲਦੀ ਆ ਰਹੀ ਸੀ। ਲਖਵਿੰਦਰ ਸਿੰਘ ਉਰਫ ਮਟਰੂ ਅਤੇ ਮਿ੍ਤਕ ਸੁਰਜੀਤ ਸਿੰਘ 'ਤੇ ਕਈ ਅਪਰਾਧਕ ਮਾਮਲੇ ਦਰਜ ਹਨ। ਸੂਤਰਾਂ ਮੁਤਾਬਕ ਮਟਰੂ ਨੇ ਪਹਿਲਾਂ ਦੂਜੀ ਧਿਰ ਨੂੰ ਧਮਕਾਇਆ ਸੀ, ਜਿਸ ਕਾਰਨ ਉਕਤ ਲੋਕਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਵਾਰਦਾਤ ਤੋਂ ਬਾਅਦ ਪਿੰਡ ਹੀਓ ਵਿਚ ਵੱਡੀ ਗਿਣਤੀ ਵਿਚ ਪੁਲਸ ਫੋਰਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ਤੇ  ਫੋਰੈਂਸਿਕ ਲੈਬ ਵਲੋਂ ਛਾਣਬੀਣ ਕੀਤੀ ਜਾ ਰਹੀ ਹੈ।