ਪੁਲੀਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ ਪੰਜ ਕਥਿਤ ਦੋਸ਼ੀ ਕਾਬੂ

23 ਫੋਨ ਅਤੇ ਮੋਟਰਸਾਈਕਲ ਐਕਟਿਵਾ ਬਰਾਮਦ
ਬੰਗਾ : - 18 ਫਰਵਰੀ - ( ਬਿਊਰੋ)  ਬੰਗਾ ਹਲਕੇ ਵਿੱਚ ਪੈਂਦੇ  ਥਾਣਾ ਮੁਕੰਦਪੁਰ ਦੀ ਪੁਲੀਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋ ਉਹਨਾਂ ਲੁੱਟਾਂ ਖੋਹਾਂ ਅਤੇ ਮੋਬਾਈਲ ਖੋਹਣ ਦੇ ਮਾਮਲੇ ਵਿਚ 5 ਦੋਸ਼ੀਆਂ ਨੂੰ ਚੋਰੀ ਦੇ ਮੋਬਾਇਲਾਂ ਸਮੇਤ ਕਾਬੂ ਕੀਤਾ ਗਿਆ ਹੈ।  ਬੰਗਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ ਐੱਸ ਪੀ ਗੁਰਵਿੰਦਰਪਾਲ ਸਿੰਘ ਸਬ ਡਵੀਜਨ ਬੰਗਾ ਨੇ ਦੱਸਿਆ ਕਿ ਪੁਲਿਸ ਥਾਣਾ ਮੁਕੰਦਪੁਰ ਦੇ ਐੱਸ.ਐੱਚ.ਓ. ਗੁਰਮੁੱਖ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਇਨ੍ਹਾਂ ਦੋਸ਼ੀਆਂ ਨੂੰ ਫੜਿਆ ਹੈ। ਉਹਨਾਂ ਦੱਸਿਆ ਕਿ ਇਹ ਦੋਸ਼ੀ ਲੁਟੇਰੇ ਨਵਾਂਸਹਿਰ, ਗੜ੍ਹਸ਼ੰਕਰ, ਕੋਟ ਫਤੂਹੀ ਇਲਾਕੇ ਵਿਚ ਰਾਹਗੀਰਾਂ ਨੂੰ ਰੋਕ ਕੇ ਲੁੱਟਾਂ ਖੋਹਾਂ ਕਰਦੇ ਸਨ। ਡੀ ਐੱਸ ਪੀ ਗੁਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਦੋਸ਼ ਕੁਝ ਲੋਕਾਂ ਨੂੰ ਨਵੇਂ ਅਤੇ ਪੁਰਾਣੇ ਮੋਬਾਈਲ ਫ਼ੋਨ ਮਜ਼ਦੂਰਾਂ ਨੂੰ ਸਸਤੀ ਕੀਮਤ ਵਿਚ ਵੇਚਣ ਦੀ ਕੋਸ਼ਿਸ਼ ਕਰਦੇ ਕਾਬੂ ਕੀਤੇ ਗਏ, ਜਿਨ੍ਹਾਂ ਦੀ ਪਛਾਣ ਰਾਹੁਲ ਉਰਫ ਵਿੱਕੀ ਉਰਫ ਭੂੰਡੀ ਪੁੱਤਰ ਸੋਮਨਾਥ ਵਾਸੀ ਨਵਾਂਸ਼ਹਿਰ ਰੋਡ ਬੰਗਾ ਅਤੇ ਸਲਿੰਦਰ ਸੱਲਣ ਉਰਫ ਸਾਜਨ ਪੁੱਤਰ ਸੁਖਵੀਰ ਕੁਮਾਰ ਵਾਸੀ ਸਿੱਧ ਮੁਹੱਲਾ ਬੰਗਾ ਦੇ ਰੁਪ ਵਿਚ ਹੋਈ ਹੈ। ਇਨ੍ਹਾਂ ਪਾਸੋਂ 7 ਫ਼ੋਨ ਅਤੇ ਇੱਕ ਚੋਰੀ ਦਾ ਮੋਟਰ ਸਾਈਕਲ ਅਤੇ ਦਾਤਰ ਵੀ ਬਰਾਮਦ ਕੀਤਾ। ਜੋ ਕਿ ਸਾਜਨ ਨੇ ਫਤਿਹਗੜ੍ਹ ਸਾਹਿਬ ਤੋਂ ਕਰੀਬ ਡੇਢ ਸਾਲ ਪਹਿਲਾ ਚੋਰੀ ਕੀਤਾ ਸੀ। ਡੀ ਐੱਸ ਪੀ ਗੁਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੂਸਰੇ ਪਾਸੇ ਇਨ੍ਹਾਂ ਦੇ ਸਾਥੀ ਬਲਬੀਰ ਸਿੰਘ ਵਾਸੀ ਭੀਮ ਰਾਉ ਕਾਲੋਨੀ ਨੇੜੇ ਗੁਰਦੁਆਰਾ ਸ੍ਰੀ ਗੁਰੂ ਰਵੀਦਾਸ ਬੰਗਾ, ਏਵਨਜੋਤ ਵਾਸੀ ਤੁੰਗਲ ਗੇਟ ਬੰਗਾ, ਅਜੈ ਕੁਮਾਰ ਵਾਸੀ ਸਿੱਧ ਮੁੱਹਲਾ ਗਲੀ ਗੁਲਾਮੀ ਸਾਹ ਬੰਗਾ ਵੀ ਫੜੇ ਹਨ। ਜਿਨ੍ਹਾਂ ਦੋਸ਼ੀਆਂ ਪਾਸੋਂ 16 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਬਰਾਮਦ ਕੀਤੇ ਇਹਨਾਂ  ਮੋਬਾਇਲ ਫੋਨਾਂ ਦੀ ਕੀਮਤ ਲਗਪਗ ਤਿੰਨ ਲੱਖ ਰੁਪਏ ਬਣਦੀ ਹੈ। ਪੁਲਿਸ ਵੱਲੋਂ ਇੰਨ੍ਹਾਂ ਮੁਲਜ਼ਮਾਂ ਤੋਂ ਇਕ ਐਕਟਿਵਾ ਸਕੂਟਰੀ ਅਤੇ ਲੋਕਾਂ ਨੂੰ ਡਰਾਉਣ ਲਈ ਵਰਤੇ ਜਾਂਦੇ ਦਾਤਰ ਵੀ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਇਹਨਾਂ ਖਿਲਾਫ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਫੋਟੋ ਕੈਪਸ਼ਨ : - ਬੰਗਾ ਵਿਖੇ ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦਿੰਦੇ ਡੀ ਐਸ ਪੀ ਬੰਗਾ  ਗੁਰਵਿੰਦਰਪਾਲ ਸਿੰਘ , ਨਾਲ ਹਨ ਐੱਸ.ਐੱਚ.ਓ. ਗੁਰਮੁੱਖ ਸਿੰਘ ਅਤੇ ਹੋਰ ਪੁਲੀਸ ਅਫਸਰ