ਨਵਾਂਸ਼ਹਿਰ 19 ਫਰਵਰੀ (ਬਿਊਰੋ) ਅੱਜ ਫਾਸ਼ੀਵਾਦ ਵਿਰੋਧੀ ਫਰੰਟ ਵਲੋਂ ਨਵਾਂਸ਼ਹਿਰ ਵਿਚ ਕਾਨਫਰੰਸ ਅਤੇ ਮੁਜਾਹਰਾ ਕੀਤਾ ਗਿਆ। ਮੁਜਾਹਰੇ ਤੋਂ ਪਹਿਲਾਂ ਸਥਾਨਕ ਬੱਸ ਅੱਡੇ ਉੱਤੇ ਕੀਤੀ ਗਈ ਕਾਨਫਰੰਸ ਨੂੰ ਸੀ.ਪੀ-ਆਈ ਦੇ ਸੂਬਾ ਸਕੱਤਰ ਬੰਤ ਬਰਾੜ, ਆਰ.ਐਮ. ਪੀ.ਆਈ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਮਹੀਂਪਾਲ, ਸੀ.ਪੀ.ਆਈ (ਐਮ ਐਲ) ਦੇ ਆਗੂਆਂ ਕੁਲਵਿੰਦਰ ਸਿੰਘ ਵੜੈਚ, ਦਲਜੀਤ ਸਿੰਘ ਐਡਵੋਕੇਟ ਅਤੇ ਜਸਬੀਰ ਦੀਪ ਨੇ ਕਿਹਾ ਕਿ ਮੋਦੀ ਸਰਕਾਰ ਦਾ ਫਾਸ਼ੀਵਾਦੀ ਚਿਹਰਾ ਹਰ ਆਏ ਦਿਨ ਨੰਗਾ ਹੁੰਦਾ ਜਾ ਰਿਹਾ ਹੈ। ਆਰਥਿਕ ਨਾਕਾਮੀਆਂ ਵਿਚ ਬੁਰੀ ਤਰ੍ਹਾ ਘਿਰੀ ਇਹ ਸਰਕਾਰ ਮਹਿੰਗਾਈ ਦਾ ਬੋਝ ਝੱਲ ਰਹੇ , ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸ ਰਹੇ ਲੋਕਾਂ ਅਤੇ ਤਿੱਖੇ ਲੋਕ ਘੋਲਾਂ ਨੂੰ ਦਬਾਉਣ ਲਈ ਕਾਲੇ ਕਾਨੂੰਨਾਂ, ਅਨਿਆਂ ਅਤੇ ਜਬਰ ਦਾ ਸਹਾਰਾ ਲੈ ਰਹੀ ਹੈ। ਸਰਕਾਰ ਦੀ ਅਲੋਚਨਾ ਕਰਨ ਵਾਲੀ ਹਰ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਸੱਚ ਲਿਖਦੀ ਹਰ ਕਲਮ ਨੂੰ ਰੋਕਿਆ ਜਾ ਰਿਹਾ ਹੈ। ਬੁਲਾਰਿਆਂ ਕਿਹਾ ਕਿ ਸਮਾਜਿਕ ਕਾਰਕੁਨਾਂ ਨੂੰ ਦੇਸ਼ ਧ੍ਰੋਹ ਦੀਆਂ ਸੰਗੀਨ ਧਾਰਾਵਾਂ ਲਾਕੇ ਜੇਹਲਾਂ ਵਿਚ ਸੁੱਟਿਆ ਜਾ ਰਿਹਾ ਹੈ। ਖੁਫੀਆ ਤੰਤਰ ਅਤੇ ਰਾਜ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਆਪਣੇ ਹਿੰਦੂਤਵੀ ਅਜੰਡੇ ਨੂੰ ਲਾਗੂ ਕਰਨ ਲਈ ਸਰਕਾਰ ਮਨੁੱਖੀ ਹੱਕਾਂ ਦਾ ਘਾਣ ਕਰ ਰਹੀ ਹੈ। ਇਹ ਸਰਕਾਰ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਮੌਜੂਦਾ ਕਿਸਾਨੀ ਘੋਲ ਨੂੰ ਢਾਹ ਲਾਉਣ ਲਈ ਘਟੀਆ ਹੱਥਕੰਡਿਆਂ ਉੱਤੇ ਉੱਤਰ ਆਈ ਹੈ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਸਿਰ ਝੂਠੇ ਪੁਲਿਸ ਕੇਸ ਮੜ੍ਹ ਰਹੀ ਹੈ। ਭਾਜਪਾ ਸਰਕਾਰ ਆਪਣੇ ਆਈ ਟੀ ਸੈੱਲ ਰਾਹੀਂ ਕਿਸਾਨ ਆਗੂਆਂ ਵਿਰੁੱਧ ਭੰਡੀ ਪ੍ਰਚਾਰ ਕਰ ਰਹੀ ਹੈ ਇੱਥੋਂ ਤੱਕ ਕਿ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਉਹਨਾਂ ਮੋਦੀ ਸਰਕਾਰ ਦੇ ਇਸ ਬੇਰਹਿਮ ਅਤੇ ਭਾਈਚਾਰਕ ਸਾਂਝ ਤੋੜਨ ਵਾਲੇ ਧੱਕੜ ਰਵੱਈਏ ਵਿਰੁੱਧ ਉਠ ਖਲੋਣ ਦਾ ਸੱਦਾ ਦਿੱਤਾ ਹੈ। ਇਸ ਕਾਨਫਰੰਸ ਨੂੰ ਕਾਮਰੇਡ ਸੁਤੰਤਰ ਕੁਮਾਰ, ਗੁਰਬਖਸ਼ ਕੌਰ ਸੰਘਾ, ਧਰਮਿੰਦਰ,ਕੁਲਦੀਪ ਸਿੰਘ ਸੁੱਜੋਂ,ਜਰਨੈਲ ਸਿੰਘ ਜਾਫਰ ਪੁਰ ਅਤੇ ਪਰਮਿੰਦਰ ਮੇਨਕਾ ਨੇ ਵੀ ਸੰਬੋਧਨ ਕੀਤਾ। ਇਸ ਕਾਨਫਰੰਸ ਦੀ ਪ੍ਰਧਾਨਗੀ ਮੁਕੰਦ ਲਾਲ, ਅਵਤਾਰ ਸਿੰਘ ਤਾਰੀ ਅਤੇ ਸਤਨਾਮ ਸਿੰਘ ਗੁਲਾਟੀ ਨੇ ਕੀਤੀ। ਕਾਨਫਰੰਸ ਬਾਅਦ ਵਿਚ ਸ਼ਹਿਰ ਵਿਚ ਮੁਜਾਹਰਾ ਵੀ ਕੀਤਾ ਗਿਆ।