ਪੰਜਾਬ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਈ-ਕਾਰਡ ਬਣਾਉਣ ਲਈ ਚਲਾਈ ਵਿਸ਼ੇਸ਼ ਮੁਹਿੰਮ-ਡਿਪਟੀ ਕਮਿਸ਼ਨਰ

ਯੋਜਨਾ ਤਹਿਤ ਯੋਗ ਲਾਭਪਾਤਰੀ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਮਿਲਦੀ ਹੈ ਸੁਵਿਧਾ
ਅੰਮ੍ਰਿਤਸਰ, 25 ਫਰਵਰੀ :- (ਬਿਊਰੋ) ਪੰਜਾਬ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਾਤਰੀਆ ਦੇ ਈ-ਕਾਰਡ ਬਣਾਉਣ ਲਈ 28 ਫਰਵਰੀ ਤੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਜਿਸ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਇਸ ਯੋਜਨਾ ਤਹਿਤ ਲਾਭਪਾਤਰੀ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਅਤੇ  ਇਸ ਯੋਜਨਾ ਦ ਲਾਭ ਲੈਣ ਲਈ ਰਜਿਸਟਰਡ ਲਾਭਪਾਤਰੀਆਂ ਨੂੰ ਆਪਣਾ ਅਤੇ ਆਪਣੇ ਪਰਿਵਾਰ ਦੇ ਹਰੇਕ ਮੈਂਬਰ ਦਾ ਵੱਖਰਾ ਕਾਰਡ ਬਣਵਾਉਣਾ ਜ਼ਰੂਰੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਗੁਰਪੀ੍ਰਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ  ਯੋਗ ਲਾਭਪਾਤਰੀ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ (ਸੀ. ਐਸ. ਸੀ), ਸੇਵਾ ਕੇਂਦਰ ਜਾਂ ਮਾਰਕੀਟ ਕਮੇਟੀਆਂ ਵਿਚ 30 ਰੁਪਏ ਪ੍ਰਤੀ ਕਾਰਡ ਦੀ ਫੀਸ ਨਾਲ ਜ਼ਰੂਰੀ ਦਸਤਾਵੇਜਾਂ ਨਾਲ ਪੁੱਜ ਕੇ ਆਪਣਾ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰਾਂ ਦੀ ਸੂਚੀ ਅਤੇ ਆਪਣੀ ਪਾਤਰਤਾ ਜਾਂਚਣ ਲਈ www.sha.punjab.gov.in ਵੈੱਬਸਾਈਟ 'ਤੇ ਜਾ ਕੇ ਚੈੱਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਅਧੀਨ ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਜੇ ਫਾਰਮ ਅਤੇ ਗੰਨਾ ਤੋਲ ਪਰਚੀ ਧਾਰਕ ਕਿਸਾਨ, ਕਿਰਤ ਵਿਭਾਗ ਨਾਲ ਰਜਿਸਟਰਡ ਕਾਮੇ, ਐਕਰੀਡੇਟਿਡ ਅਤੇ ਯੈਲੋ ਕਾਰਡ ਧਾਰਕ ਪੱਤਰਕਾਰ ਅਤੇ ਆਬਕਾਰੀ ਤੇ ਕਰ ਵਿਭਾਗ ਨਾਲ ਰਜਿਸਟਰਡ ਛੋਟੇ ਵਪਾਰੀ ਸਰਕਾਰੀ ਅਤੇ ਸੂਚੀਬੱਧ ਹਸਪਤਾਲਾਂ ਵਿਚ 5 ਲੱਖ ਰੁਪਏ ਪ੍ਰਤੀ ਸਾਲ ਮੁਫ਼ਤ ਇਲਾਜ ਦਾ ਲਾਭ ਲੈਣ ਲਈ ਇਹ ਕਾਰਡ ਬਣਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਰਡ ਬਣਵਾਉਣ ਲਈ ਲਾਭਪਾਤਰੀ ਕੋਲ ਆਧਾਰ ਕਾਰਡ, ਪਰਿਵਾਰ ਪਹਿਚਾਣ ਪੱਤਰ, ਰਾਸ਼ਨ ਕਾਰਡ (ਜੇਕਰ ਰਾਸ਼ਨ ਕਾਰਡ ਨਹੀਂ ਹੈ ਤਾਂ ਪਰਿਵਾਰ ਘੋਸ਼ਣਾ ਫਾਰਮ, ਜੋ ਕਿ ਸਰਪੰਚ ਜਾਂ ਕੌਂਸਲਰ ਤੋਂ ਤਸਦੀਕ ਕੀਤਾ ਹੋਵੇ) ਅਤੇ ਉਸਾਰੀ ਕਿਰਤੀ ਦਾ ਰਜਿਸਟ੍ਰੇਸ਼ਨ ਕਾਰਡ ਹੋਣਾ ਲਾਜ਼ਮੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਯੋਜਨਾ ਤਹਿਤ ਜ਼ਿਲ੍ਹੇ ਦੇ ਸਮੂਹ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣੇ ਯਕੀਨੀ ਬਣਾਏ ਜਾਣ ਅਤੇ ਉਨ੍ਹਾਂ ਸਾਰੇ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਕਵਰ ਕੀਤਾ ਜਾਵੇ, ਜਿਨ੍ਹਾਂ ਨੇ ਹਾਲੇ ਤੱਕ ਇਸ ਸਕੀਮ ਦੇ ਲਾਭ ਹਿੱਤ ਕਾਰਡ ਨਹੀਂ ਬਣਵਾਏ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਦੇਣ ਲਈ ਹਰੇਕ ਜ਼ਿਲ੍ਹੇ ਵਿਚ ਇਕ ਵਿਸ਼ੇਸ਼ ਜਾਗਰੂਕਤਾ ਵੈਨ ਵੀ ਚਲਾਈ ਗਈ ਹੈ ਅਤੇ ਪਿੰਡਾਂ ਵਿਚ ਵਿਸ਼ੇਸ਼ ਕੈਂਪ ਲਗਾ ਕੇ ਵੀ ਕਾਰਡ ਬਣਾਏ ਜਾ ਰਹੇ ਹਨ। ਸ: ਖਹਿਰਾ ਨੇ ਦੱਸਿਆ   ਕਿ ਹੁਣ ਤੱਕ ਜ਼ਿਲੇ੍ਹ ਵਿਚ ਇਂਸ ਸਕੀਮ ਦੇ ਅੰਤਰਗਤ 2 ਲੱਖ 8 ਹਜਾਰ ਪਰਿਵਾਰਾਂ ਨੂੰ ਰਜਿਸਟਰਡ ਕੀਤਾ ਜਾ ਚੁੱਕਾ ਹੈ ਅਤੇ 4 ਲੱਖ 31 ਹਜ਼ਾਰ ਦੇ ਕਰੀਬ ਬੀਮਾ ਕਾਰਡ ਬਣ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ੍ਹ ਦੇ 320 ਕਾਮਨ ਸਰਵਿਸ ਕੇਦਰਾਂ ਅਤੇ 41 ਸੇਵਾ ਕੇਦਰਾਂ ਵਿਚ ਲਾਭਪਾਤਰੀਆਂ ਦੇ ਕਾਰਡ ਬਣਾਏ ਜਾ ਰਹੇ ਹਨ। ਸ: ਖਹਿਰਾ ਨੇ ਦੱਸਿਆ ਕਿ ਲੋਕਾਂ ਨੂੰ ਕਾਰਡ ਬਣਾਉਣ ਲਈ ਜਾਗਰੂਕ ਕਰਨ ਲਈ ਪਿੰਡਾਂ ਵਿਚ ਆਸਾਂ ਵਰਕਰਾਂ,ਅਤੇ ਏ ਐਨ ਐਮ ਵਰਕਰਾਂ ਵਲੋ ਘਰ ਘਰ ਜਾ ਕੇ ਕਾਰਡ ਬਣਾਊਨ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।