ਪਤਨੀ ਦੇ ਨਜਾਇਜ਼ ਸਬੰਧਾਂ ਕਾਰਨ ਪਤੀ ਵੱਲੋਂ ਪਤਨੀ ਦੀ ਹੱਤਿਆ ਕਰਕੇ ਲਗਾਈ ਅੱਗ

ਹੱਤਿਆ  ਕਰਨ ਮਗਰੋਂ ਘਰ ਵਿਚ ਉਸਦੀ ਲਾਸ਼ ਨੂੰ  ਅੱਗ ਲਾ ਕੇ ਸਾੜਨ ਵਾਲਾ ਦੋਸ਼ੀ ਪਤੀ ਕਾਬੂ
ਬੰਗਾ 24 ਫਰਵਰੀ (ਬਿਊਰੋ)- ਥਾਣਾ ਸਿਟੀ ਪੁਲਿਸ ਵਲੋਂ ਪਤਨੀ ਦੇ ਕਿਸੇ ਹੋਰ ਨਾਲ ਨਜ਼ਾਇਜ਼ ਸਬੰਧਾਂ ਦੇ ਸ਼ੱਕ 'ਤੇ ਉਸਦੀ ਦੀ ਗਲਾ ਦਬਾ ਕੇ ਹੱਤਿਆ ਕਰਨ ਮਗਰੋਂ ਘਰ ਵਿੱਚ ਹੀ ਉਸਦੀ ਲਾਸ਼ ਨੂੰ ਅੱਗ ਲਗਾਕੇ ਸਾੜਨ ਵਾਲੇ ਦੋਸ਼ੀ ਪਤੀ  ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਕੇ ਉਸ ਨੂੰ ਗਿ੍ਫਤਾਰ ਕਰ ਲਿਆ ਹੈ। ਪੁਲਿਸ ਨੇ ਜੀ ਆਰ ਇੰਨਫ਼ਰਾ ਪ੍ਰੋਜੈਕਟ ਲਿਮ. ਕੰਪਨੀ ਦੇ  ਸਹਾਇਕ ਜਨਰਲ ਮੈਨੇਜਰ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਿਸ ਮਿਲੀ ਸ਼ਿਕਾਇਤ ਵਿਚ ਜੀ ਆਰ ਇੰਨਫ਼ਰਾ ਪ੍ਰੋਜੈਕਟ ਲਿਮ. ਕੰਪਨੀ ਦੇ ਸਹਾਇਕ ਜਨਰਲ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਦੀ  ਕੰਪਨੀ ਜੀ ਆਰ ਇੰਨਫ਼ਰਾ ਪ੍ਰੋਜੈਕਟ ਲਿਮ ਵੱਲੋਂ ਰੂਪਨਗਰ ਤੋਂ ਲੈਕੇ ਫਗਵਾੜਾ ਤੱਕ  ਬਣਨ ਵਾਲੇ ਨੈਸ਼ਨਲ ਹਾਈਵੇ ਅਧੀਨ ਬੰਗਾ ਵਿਖੇ ਬਣ ਰਹੇ ਐਲੀਵੇਟਿਡ ਰੋਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਜਿਸ ਦਾ ਸਾਈਟ ਆਫਿਸ ਦਫਤਰ ਪਿੰਡ ਮਾਹਲੋ ਵਿਖੇ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਵਿਖੇ ਅਨਿਲ ਕੁਮਾਰ ਵਿਸ਼ਵਕਰਮਾ ਪੁੱਤਰ ਵਿਸ਼ਵ ਨਾਥ ਵਾਸੀ ਕੁਸ਼ਮਾਠਾ ਜਿਲ੍ਹਾ ਉਮਾਰੀਆ (ਮੱਧ ਪ੍ਰਦੇਸ਼) ਜੋ ਕਿ 10 ਸਾਲ ਤੋਂ ਉਨ੍ਹਾਂ ਦੀ ਕੰਪਨੀ ਵਿਚ ਸਹਾਇਕ ਮੈਨੇਜਰ ਲੱਗਾ ਹੋਇਆ ਹੈ। ਬੀਤੀ 7 ਫਰਵਰੀ 2021 ਨੂੰ ਉਸ ਦਾ ਤਬਾਦਲਾ ਮੇਰਠ ਤੋਂ ਬੰਗਾ 'ਚ ਹੋ ਗਿਆ। ਉਹ ਪਰਿਵਾਰ ਦੇ ਨਾਲ ਬੰਗਾ ਆ ਗਿਆ ਤੇ ਇੱਥੇ ਐੱਨਆਈਆਈ ਕਾਲੋਨੀ 'ਚ ਕਿਰਾਏ ਦੇ ਮਕਾਨ 'ਚ ਰਹਿਣ ਲੱਗਾ ਸੀ। ਅਨਿਲ ਕੁਮਾਰ ਵਿਸ਼ਵਕਰਮਾ ਦੇ ਪਰਿਵਾਰ 'ਚ ਉਸ ਦੀ ਪਤਨੀ ਅਨੁਪਮਾ ਵਿਸ਼ਵਕਰਮਾ, 8 ਸਾਲ ਦਾ ਮੁੰਡਾ, ਇਕ ਕੁੜੀ 5 ਸਾਲ ਦੀ ਤੇ ਇਕ 3 ਸਾਲ ਦਾ ਮੁੰਡਾ ਹੈ। ਉਨ੍ਹਾਂ ਦੱਸਿਆ ਕਿ ਅਨਿਲ ਕੁਮਾਰ ਨੇ ਆਪਣੀ ਫੇਸਬੁੱਕ ਆਈ ਡੀ ਤੇ  ਆਪਣੀ ਪਤਨੀ ਵਾਰੇ ਕੁੱਝ ਲਿਖਿਆ ਹੋਇਆ ਸੀ ਅਤੇ ਉਨਾਂ ਨੇ ਉਸਨੂੰ ਅਜਿਹਾ ਲਿਖਣ ਵਾਰੇ ਪੁੱਛਣ ਅਤੇ ਅਨਿਲ ਕੁਮਾਰ ਵਿਸ਼ਵਕਰਮਾ ਨੇ ਕਿਹਾ ਕਿ ਕੁਝ ਨਹੀਂ ਘਰੇਲੂ ਮਸਲਾ ਹੈ। ਉਸ ਉਪਰੰਤ ਉਸਨੇ ਫੇਸ ਬੁੱਕ ਤੇ ਪਾਈ ਉਹ ਪੋਸਟ ਵੀ ਹਟਾ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੀ ਦੇਰ ਸ਼ਾਮ 8:30 ਵਜੇ ਅਨਿਲ ਕੁਮਾਰ ਆਪਣੇ ਤਿੰਨ ਬੱਚਿਆਂ ਨੂੰ ਨਾਲ ਲੈ ਕੇ ਕੰਪਨੀ ਦੇ ਮਾਹਲੋਂ ਸਥਿਤ ਕੈਪ ਵਿਚ ਖਾਣਾ ਖਾਣ ਲਈ ਆਇਆ ਪਰ ਉਸਦੀ ਪਤਨੀ ਉਸ ਸਮੇਂ ਉਸ ਨਾਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਸ ਤੇ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਉਸ ਨੂੰ ਉਸਦੀ ਪਤਨੀ ਖਾਣਾ ਖਾਣ ਕਿਉਂ ਨਹੀਂ ਆਈ ਦੇ ਬਾਬਤ ਪੁੱਛਿਆ ਤਾਂ ਉਸਨੇ ਕੋਈ ਤੱਸਲੀ ਬਖਸ਼ ਜਵਾਬ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਆਪਣੇ ਸੀਨੀਅਰ ਹੈਡ ਸੁਸ਼ੀਲ ਕੁਮਾਰ ਵਾਸੀ ਢਿਲਵਾਂ ਨਾਲ ਗੱਲਬਾਤ ਕੀਤੀ ਅਤੇ ਦੋਵੇ ਜਣੇ ਬੰਗਾ ਵਿਖੇ ਬਣ ਰਹੇ ਰੋਡ ਸਾਈਡ ਦੇ ਕੰਮ ਨੂੰ ਵੇਖਣ ਲਈ ਆ ਗਏ । ਜਿੱਥੇ ਉਨ੍ਹਾਂ ਨੂੰ ਅਨਿਲ ਕੁਮਾਰ ਮਿਲਿਆ ਅਤੇ ਇਕ ਵਾਰ ਫਿਰ ਤੋਂ ਅਨਿਲ ਕੁਮਾਰ ਕੋਲੋ ਉਸਦੀ ਪਤਨੀ ਵਾਰੇ ਪੁੱਛਿਆ ਤਾ ਉਸਨੇ ਕਿਹਾ ਕਿ ਉਸਦੀ ਪਤਨੀ ਅਨੁਪਮਾ ਦਾ ਚਰਿੱਤਰ ਠੀਕ ਨਹੀ ਹੈ ਅਤੇ ਮੇਰਠ ਵਿਚ  ਉਹ ਵਿਅਕਤੀ ਉਸਦੀ ਗੈਰ ਹਾਜ਼ਰੀ ਵਿੱਚ ਉਸਦੀ ਪਤਨੀ ਨੂੰ ਮਿਲਦਾ ਹੈ। ਜੋ ਕਿ ਅੱਜ ਸ਼ਾਮ ਉਸਦੀ ਪਤਨੀ ਨੇ ਆਪਣੀ ਗਲਤੀ ਮੰਨਦੇ ਹੋਏ ਉਸਨੂੰ ਸਭ ਕੁਝ ਦੱਸ ਦਿੱਤਾ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸਨੇ ਗੁੱਸੇ ਵਿਚ ਆ ਕੇ ਆਪਣੀ ਪਤਨੀ ਅਨੂਪਮਾ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਹੈ ਅਤੇ ਘਰ ਵਿਚ ਹੀ ਉਸ ਉਪਰ ਕੰਬਲ ਪਾ ਕੇ ਉਸਨੂੰ ਅੱਗ ਲਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਸ ਦੁਆਰਾ ਦੱਸੇ ਜਾਣ ਮਗਰੋਂ ਜਦੋ ਉਹ ਉਸ ਨੂੰ ਨਾਲ ਲੈਕੇ ਉਸਦੇ ਕਿਰਾਏ ਤੇ ਲਏ ਘਰ ਪੁੱਜ ਕੇ ਘਰ ਦਾ ਤਾਲਾ ਖੋਲ ਅੰਦਰ ਦੇਖਿਆ ਤਾਂ ਉਸਦੀ ਪਤਨੀ ਦੀ ਲਾਸ਼  ਜਲ ਰਹੀ ਸੀ। ਜਿਸ ਦੇ ਚੱਲਦੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਬੰਗਾ ਪੁਲਿਸ ਨੂੰ ਦਿੱਤੀ ਅਤੇ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸ ਐਚ ਉ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜ ਗਏ ਅਤੇ ਦੋਸ਼ੀ ਅਨਿਲ ਕੁਮਾਰ ਵਿਸ਼ਵਕਰਮਾ ਨੂੰ ਕਾਬੂ ਕਰ ਉਸਦੀ ਪਤਨੀ ਦੀ ਅੱਧ ਜਲੀ ਲਾਸ਼ ਨੂੰ ਕਬਜ਼ੇ ਵਿਚ ਲੈਕੇ ਪੋਸਟ ਮਾਟਰਮ ਲਈ ਸਿਵਲ ਹਸਪਤਾਲ ਭਜਵਾ ਦਿੱਤਾ ਅਤੇ ਦੋਸ਼ੀ ਪਤੀ ਅਨਿਲ ਕੁਮਾਰ ਖਿਲਾਫ  ਮੁਕੱਦਮਾ ਨੰਬਰ 17 ਥਾਣਾ ਬੰਗਾ ਸਿਟੀ  ਧਾਰਾ  302  ਆਈ ਪੀ ਸੀ ਤਹਿਤ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਫੋਟੋ ਕੈਪਸ਼ਨ 01 :  ਸਿਵਲ ਹਸਪਤਾਲ ਬੰਗਾ ਵਿਚ ਪੋਸਟਮਾਰਟਮ ਲਈ ਪਈ ਪਤਨੀ ਦੀ ਅੱਧ ਜਲੀ ਲਾਸ਼
ਫੋਟੋ ਕੈਪਸ਼ਨ 02 : ਬੰਗਾ ਪੁਲਿਸ ਵਲੋਂ ਕਾਬੂ ਕੀਤਾ ਪਤੀ ਅਨਿਲ ਕੁਮਾਰ