ਜ਼ਿਲਾ ਪੱਧਰੀ ਸਮਾਗਮ ਦੌਰਾਨ ਪੇਂਡੂ ਬੱਸ ਰੂਟਾਂ ਦੇ ਪਰਮਿਟ ਦੇਣ ਦੀ ਹੋਈ ਸ਼ੁਰੂਆਤ


ਨਵਾਂਸ਼ਹਿਰ, 24 ਫਰਵਰੀ : (ਬਿਊਰੋ) ਪੰਜਾਬ ਸਰਕਾਰ ਜਿਥੇ ਲੋਕਾਂ ਨੂੰ ਬਿਹਤਰ ਆਵਾਜਾਈ ਸਹੂਲਤਾਂ ਦੇਣ ਲਈ ਦਿਨ-ਰਾਤ ਇਕ ਕਰ ਕੇ ਕੰਮ ਕਰ ਰਹੀ ਹੈ, ਉਥੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਵੀ ਵੱਡੇ ਪੱਧਰ 'ਤੇ ਉਪਰਾਲੇ ਜਾਰੀ ਹਨ। ਇਸੇ ਲੜੀ ਤਹਿਤ ਅੱਜ ਚੰਡੀਗੜ ਵਿਖੇ ਕਰਵਾਏ ਸੂਬਾ ਪੱਧਰੀ ਸਮਾਗਮ ਦੇ ਨਾਲ-ਨਾਲ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਜ਼ਿਲਾ ਪੱਧਰੀ ਸਮਾਗਮ ਦੌਰਾਨ ਜ਼ਿਲੇ ਦੇ 5 ਲਾਭਪਾਤਰੀਆਂ ਨੂੰ ਪੇਂਡੂ ਬੱਸ ਰੂਟਾਂ ਦੇ ਪਰਮਿਟ ਦੇ ਇਸ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਨੂੰ ਮੁੱਖ ਸਮਾਗਮ ਨਾਲ ਆਨਲਾਈਨ ਜੋੜਿਆ ਗਿਆ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਥੇ ਕਪੂਰਥਲਾ ਵਿਖੇ ਬਣਨ ਵਾਲੇ 'ਇੰਸਟੀਚਿਊਟ ਆਫ ਡਰਾਈਵਿੰਗ ਐਂਡ ਰਿਸਰਚ ਵਹੀਕਲ ਇੰਸਪੈਕਸ਼ਨ ਐਂਡ ਸਰਟੀਫਿਕੇਸ਼ਨ' ਦਾ ਨੀਂਹ ਪੱਥਰ ਆਨਲਾਈਨ ਰੱਖਿਆ ਗਿਆ, ਉਥੇ ਸੂਬੇ ਦੇ ਕਰੀਬ 3 ਹਜ਼ਾਰ ਨੌਜਵਾਨਾਂ ਨੂੰ ਮਿੰਨੀ ਬੱਸ ਰੂਟਾਂ ਦੇ ਪਰਮਿਟ ਵੀ ਦਿੱਤੇ ਗਏ।  ਇਸ ਤੋਂ ਇਲਾਵਾ ਉਨਾਂ ਡਾਕ ਰਾਹੀਂ ਲਾਇਸੰਸ ਅਤੇ ਆਰ. ਸੀ ਭੇਜਣ ਦਾ ਵੀ ਆਗਾਜ਼ ਕੀਤਾ। ਜ਼ਿਲਾ ਪੱਧਰੀ ਸਮਾਗਮ ਦੌਰਾਨ ਜਿਨਾਂ ਨੂੰ ਪਰਮਿਟ ਦਿੱਤੇ ਗਏ, ਉਨਾਂ ਵਿਚ ਮਨਜਿੰਦਰ ਕੌਰ ਪਿੰਡ ਸੋਇਤਾ, ਬਬੀਤਾ ਪਿੰਡ ਭੋਰਾ, ਕੁਲਬੀਰ ਸਿੰਘ ਪਿੰਡ ਸੁਰਾਪੁਰ, ਸੁਰੇਸ਼ ਵਿਰਦੀ ਵਾਸੀ ਨਵੀਂ ਆਬਾਦੀ ਅਤੇ ਰਾਮ ਕੁਮਾਰ ਪਿੰਡ ਰੱਕੜਾਂ ਢਾਹਾਂ ਸ਼ਾਮਿਲ ਸਨ। ਇਸ ਮੌਕੇ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟ੍ਰਾਂਸਪੋਰਟ ਦੇ ਕੰਮਕਾਜ ਨੂੰ ਪੂਰਨ ਰੂਪ ਵਿਚ ਪਾਰਦਰਸ਼ੀ ਢੰਗ ਨਾਲ ਚਲਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਪਹਿਲਾਂ ਗੱਡੀਆਂ ਦੇ ਨੰਬਰ, ਖਾਸ ਕਰ ਕੇ ਫੈਂਸੀ ਨੰਬਰ ਲੈਣ ਦੀ ਪ੍ਰਕਿਰਿਆ ਬਹੁਤ ਲੰਮੀ ਸੀ, ਪਰੰਤੂ ਹੁਣ ਇਹ ਪ੍ਰਕਿਰਿਆ ਬਹੁਤ ਸਰਲ ਬਣਾਈ ਗਈ ਹੈ। ਇਸੇ ਤਰਾਂ ਲਾਇਸੰਸ ਬਣਾਉਣ ਸਬੰਧੀ ਤੇ ਹੋਰ ਕੰਮਾਂ ਨੂੰ ਆਨਲਾਈਨ ਕਰ ਕੇ ਸਰਲ ਤੇ ਪਾਰਦਸ਼ੀ ਬਣਾਇਆ ਗਿਆ ਹੈ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਪਰਮਿਟ ਦੇ ਕੇ ਪੰਜਾਬ ਸਰਕਾਰ ਨੇ ਇਕ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਪਰਮਿਟ ਹਾਸਲ ਕਰਨ ਵਾਲਿਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਸ਼ਰਨਜੀਤ ਸਿੰਘ, ਟਰੈਕ ਇੰਚਾਰਜ ਕੁਲਦੀਪ ਸਿੰਘ ਅਤੇ ਹੋਰ ਅਧਿਕਾਰੀ  ਹਾਜ਼ਰ ਸਨ।
ਫੋਟੋ :- ਨੌਜਵਾਨਾਂ ਨੂੰ ਪੇਂਡੂ ਬੱਸ ਰੂਟਾਂ ਦੇ ਪਰਮਿਟ ਤਕਸੀਮ ਕਰਦੇ ਹੋਏ ਐਸ. ਡੀ. ਐਮ ਜਗਦੀਸ਼ ਸਿੰਘ ਜੌਹਲ। ਨਾਲ ਹਨ ਜ਼ਿਲਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ ਤੇ ਹੋਰ ਅਧਿਕਾਰੀ।