ਅੱਜ ਤੱਕ ਕਰੋਨਾ ਰੋਕਥਾਮ ਲਈ ਜ਼ਿਲ੍ਹੇ ਵਿਚ 3510 ਲੋਕਾਂ ਨੂੰ ਕੋਵਿਸ਼ੀਲਡ ਦੇ ਟੀਕੇ ਲਗਾਏ ਗਏ
ਨਵਾਂਸ਼ਹਿਰ, 23 ਫਰਵਰੀ :- ਕੋਰੋਨਾ ਦੇ ਵੱਧ ਰਹੇ ਕੇਸਾਂ ਵਿਚ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਕੋਵਿਡ-19 ਕੋਰੋਨਾ ਦੇ 103 ਨਵੇਂ ਕੇਸ ਸਾਹਮਣੇ ਆਏ ਹਨ, ਜਿਹਨਾਂ ਵਿਚ 30 ਸਕੂਲੀ ਵਿਦਿਆਰਥੀ ਵੀ ਸ਼ਾਮਿਲ ਹਨ। ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਕਿ ਜ਼ਿਲ੍ਹੇ 'ਚ ਨਵੇਂ 103 ਕੇਸ ਕੋਰੋਨਾ ਪਾਜ਼ੇਟਿਵ ਆਏ ਹਨ। ਜਦਕਿ ਤਿੰਨ ਮੌਤਾਂ ਹੋ ਗਈਆਂ ਹਨ। ਉੁਨ੍ਹਾਂ ਦੱਸਿਆ ਕਿ ਨਵਾਂਸ਼ਹਿਰ 'ਚ-15, ਰਾਹੋਂ-13, ਬੰਗਾ-7, ਸੁੱਜੋਂ-9, ਮੁਜਫਰਪੁਰ-43, ਮੁਕੰਦਪੁਰ 'ਚ-9, ਬਲਾਚੌਰ-4, ਸੜੋਆ 'ਚ-3 ਮਰੀਜ ਪਾਜ਼ੇਟਿਵ ਆਏ ਹਨ। ਜਦਕਿ ਬਲਾਕ ਮੁਜ਼ਫਰਪੁਰ ਦੇ 73 ਸਾਲਾ ਇਕ ਵਿਅਕਤੀ ਦੀ ਜਲੰਧਰ ਦੇ ਪ੍ਰਾਈਵੇਟ ਹਸਪਤਾਲ ਵਿਖੇ ਮੌਤ ਹੋ ਗਈ ਹੈ। ਇਸੇ ਤਰ੍ਹਾਂ ਬਲਾਕ ਮੁਜਫਰਪੁਰ ਦੀ ਇਕ 60 ਸਾਲਾ ਮਹਿਲਾ ਦੀ ਨਿਮੋਨਿਆ ਕਾਰਨ ਆਈ ਵੀ ਵਾਈ ਹਸਪਤਾਲ ਵਿਖੇ ਮੌਤ ਹੋ ਗਈ ਹੈ। ਇਸੇ ਤਰ੍ਹਾਂ ਬਲਾਕ ਬਲਾਚੌਰ ਦੀ 60 ਸਾਲਾ ਮਹਿਲਾ ਦੀ ਹਾਈਪਰਟੈਨਸ਼ਨ ਅਤੇ ਡਾਇਬਟਿਕ ਅਤੇ ਕਿਡਨੀ ਬਿਮਾਰੀ ਕਾਰਨ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ 26 ਕਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਕੁਆਰਨਟਾਇਨ, 560 ਲੋਕਾਂ ਨੂੰ ਹੋਮ ਆਈਸੋਲੇਸ਼ਨ ਕੀਤਾ ਗਿਆ ਹੈ। ਜ਼ਿਲੇ ਵਿਚ 599 ਐੈਕਟਿਵ ਕੇਸ ਆਏ ਹਨ। ਅੱਜ 947 ਸੈਂਪਲ ਇਕੱਠੇ ਕੀਤੇ ਗਏ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 1,25,038 ਲੋਕਾਂ ਦੇ ਕੋਰੋਨਾ ਟੈੱਸਟ ਕੀਤੇ ਜਾ ਚੁੱਕੇ ਹਨ। ਜਿਸ 'ਚੋਂ 3705 ਕੋਰੋਨਾ ਪਾਜ਼ੇਟਿਵ ਆਏ ਹਨ। ਇਨ੍ਹਾਂ 'ਚੋਂ 3003 ਮਰੀਜ ਠੀਕ ਹੋਏ ਅਤੇ 107 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸਿਵਲ ਸਰਜਨ, ਸ਼ਹੀਦ ਭਗਤ ਸਿੰਘ ਨਗਰ ਡਾ. ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਗੁਰਪਾਲ ਕਟਾਰੀਆ ਜੀ ਦੀਆ ਹਦਾਇਤਾਂ ਅਨੁਸਾਰ ਅੱਜ ਡਾਕਟਰ ਹਰਪਿੰਦਰ ਸਿੰਘ ਦੀ ਅਗਵਾਈ ਵਿੱਚ ਸਿਵਲ ਹਸਪਤਾਲ, ਨਵਾਂਸ਼ਹਿਰ ਵਿਖੇ ਸਰਕਾਰੀ ਤੇ ਨਿੱਜੀ ਖੇਤਰ ਦੇ ਹੈਲਥ ਕੇਅਰ ਵਰਕਰਾਂ ਨੂੰ ਕੋਵਿਡ-19 ਦਾ ਟੀਕਾਕਰਨ ਕੀਤਾ ਜਾ ਰਿਹਾ ਹੈ । ਇਸ ਮੌਕੇ ਨੋਡਲ ਅਫ਼ਸਰ ਅਤੇ ਬੱਚਿਆਂ ਦੇ ਮਾਹਿਰ ਡਾਕਟਰ ਹਰਪਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਵੈਕਸੀਨ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਖੁਦ ਦੂਜਾ ਟੀਕਾ ਲਗਵਾਇਆ ਹੈ। ਮੈਨੂੰ ਕੋਈ ਸਮੱਸਿਆ ਪੇਸ਼ ਨਹੀਂ ਹੈ। ਲੋਕਾਂ ਨੂੰ ਟੀਕਾਕਰਨ ਸਬੰਧੀ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਕਰਦਿਆਂ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਸ਼ਹੀਦ ਭਗਤ ਸਿੰਘ ਨਗਰ ਵਿਚ ਹੈਲਥ ਕੇਅਰ ਵਰਕਰਾਂ ਨੂੰ ਹੁਣ ਤੱਕ ਕਾਫੀ ਟੀਕੇ ਲਗਾਏ ਜਾ ਚੁੱਕੇ ਹਨ ਅਤੇ ਕਿਸੇ ਦੀ ਸਿਹਤ ਉੱਤੇ ਕੋਈ ਬੁਰਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਕੋਵਿਡ-19 ਵੈਕਸੀਨ ਪ੍ਰਤੀ ਅਫਵਾਹਾਂ ਫੈਲ ਰਹੀਆਂ ਹਨ ਕਿ ਇਹ ਵੈਕਸੀਨ ਪਹਿਲੀ ਵਾਰ ਲਗਾਈ ਜਾ ਰਹੀ ਹੈ। ਅਸੀਂ ਵੀ ਅਜਿਹੀਆਂ ਅਫਵਾਹਾਂ ਬਾਰੇ ਪੜ੍ਹਿਆ ਹੈ ਪਰ ਅਸੀਂ ਲੋਕਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ, ਨਵਾਂਸ਼ਹਿਰ ਵਿਖੇ ਅੱਜ ਹੈਲਥ ਕੇਅਰ ਵਰਕਰਾਂ ਨੂੰ ਕੋਵਿਡ-19 ਵੈਕਸੀਨ ਦੇ ਦੂਜੇ ਟੀਕੇ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਨੂੰ 5300 ਕੋਵੀਸ਼ੀਲਡ ਵੈਕਸੀਨ ਦੀਆਂ ਡੋਜਾਂ ਪ੍ਰਾਪਤ ਹੋਈਆਂ ਹਨ, ਜੋ ਕਿ ਸਰਕਾਰੀ ਤੇ ਨਿੱਜੀ ਖੇਤਰ ਦੇ ਹੈਲਥ ਕੇਅਰ ਵਰਕਰਾਂ ਨੂੰ ਲਗਾਈਆਂ ਜਾਣੀਆਂ ਹਨ। ਅੱਜ ਤੱਕ ਕਰੋਨਾ ਰੋਕਥਾਮ ਲਈ ਜ਼ਿਲ੍ਹੇ ਵਿਚ 3510 ਲੋਕਾਂ ਨੂੰ ਕੋਵਿਸ਼ੀਲਡ ਦੇ ਟੀਕੇ ਲਗਾਏ ਗਏ ਹਨ।