15 ਤਰਾਂ ਦੇ ਦਸਤਾਵੇਜ਼ ਦਿਖਾ ਕੇ ਪਾਈ ਜਾ ਸਕਦੀ ਹੈ ਵੋਟ

15 ਤਰਾਂ ਦੇ ਦਸਤਾਵੇਜ਼ ਦਿਖਾ ਕੇ ਪਾਈ ਜਾ ਸਕਦੀ ਹੈ ਵੋਟ
ਨਵਾਂਸ਼ਹਿਰ, 13 ਫਰਵਰੀ : (ਬਿਊਰੋ) ਜ਼ਿਲੇ ਵਿਚ ਭਲਕੇ 14 ਫਰਵਰੀ ਨੂੰ ਨਵਾਂਸ਼ਹਿਰ, ਬੰਗਾ ਅਤੇ ਰਾਹੋਂ ਨਗਰ ਕੌਂਸਲ ਚੋਣਾਂ ਵਿਚ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਚੋਣ ਕਮਿਸ਼ਨ ਵੱਲੋਂ ਫੋਟੋ ਵਾਲਾ ਵੋਟਰ ਸ਼ਨਾਖ਼ਤੀ ਕਾਰਡ (ਐਪਿਕ ਕਾਰਡ) ਉਪਲਬੱਧ ਨਾ ਹੋਣ 'ਤੇ 15 ਤਰਾਂ ਦੇ ਹੋਰ ਦਸਤਾਵੇਜ਼ ਦਿਖਾ ਕੇ ਵੋਟ ਪਾਈ ਜਾ ਸਕਦੀ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਜ਼ਿਲੇ ਵਿਚ ਨਗਰ ਕੌਂਸਲ ਚੋਣਾਂ ਵਿਚ ਵੱਧ ਤੋਂ ਵੱਧ ਵੋਟਰਾਂ ਦੀ ਭਾਗੀਦਾਰੀ ਯਕੀਨੀ ਬਣਾ ਕੇ ਲੋਕਤੰਤਰ ਦੀ ਮਜ਼ਬੂਤੀ ਲਈ ਚੋਣ ਕਮਿਸ਼ਨ ਵੱਲੋਂ ਉਕਤ ਫ਼ੈਸਲਾ ਲਿਆ ਗਿਆ ਹੈ। ਉਨਾਂ ਦੱਸਿਆ ਕਿ ਹੁਣ ਕੋਈ ਵੀ ਯੋਗ ਵੋਟਰ, ਜਿਸ ਪਾਸ ਫੋਟੋ ਵਾਲਾ ਵੋਟਰ ਸ਼ਨਾਖ਼ਤੀ ਕਾਰਡ (ਐਪਿਕ ਕਾਰਡ) ਮੌਜੂਦ ਨਹੀਂ ਹੈ, ਉਹ ਹੋਰ ਲੋੜੀਂਦੇ ਦਸਤਾਵੇਜ਼, ਜਿਵੇਂ ਪਾਸਪੋਰਟ, ਡਰਾਈਵਿੰਗ ਲਾਇਸੰਸ, ਪੈਨ ਕਾਰਡ, ਚੋਣਾਂ ਦੀ ਨੋਟੀਫਿਕੇਸ਼ਨ ਹੋਣ ਤੋਂ 45 ਦਿਨ ਪਹਿਲਾਂ ਖੋਲੇ ਗਏ ਬੈਂਕ ਖਾਤੇ ਦੀ ਪਾਸਬੁੱਕ, ਸਮਰੱਥ ਅਧਿਕਾਰੀ ਵੱਲੋਂ ਜਾਰੀ ਐਸ. ਸੀ/ਐਸ. ਸੀ/ਓ. ਬੀ. ਸੀ ਸਰਟੀਫਿਕੇਟ, ਰਾਸ਼ਨ ਕਾਰਡ, ਸਮਰੱਥ ਅਧਿਕਾਰੀ ਵੱਲੋ ਜਾਰੀ ਕੀਤਾ ਗਿਆ ਅੰਗਹੀਣਤਾ ਸਰਟੀਫਿਕੇਟ, ਅਸਲਾ ਲਾਇਸੰਸ, ਨਰੇਗਾ ਜਾਬ ਕਾਰਡ, ਕਿਰਤ ਮੰਤਰਾਲੇ ਵੱਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ ਸਮੇਤ ਫੋਟੋ, ਪੈਨਸ਼ਨ ਦਸਤਾਵੇਜ਼ ਜਿਵੇਂ ਸੇਵਾ ਮੁਕਤ ਪੈਨਸ਼ਨ ਪਾਸਬੁੱਕ/ਪੈਨਸ਼ਨ ਅਦਾਇਗੀ ਆਰਡਰ, ਵਿਧਵਾ ਪੈਨਸ਼ਨ ਹੁਕਮ, ਸੁਤੰਤਰਤਾ ਸੈਨਾਨੀ ਸ਼ਨਾਖਤੀ ਕਾਰਡ, ਜ਼ਮੀਨ ਦੇ ਦਸਤਾਵੇਜ਼ ਜਿਵੇਂ ਪੱਟਾ, ਰਜਿਸਟਰੀ ਆਦਿ, ਹਵਾਈ/ਜਲ ਅਤੇ ਥਲ ਸੈਲਾ ਵੱਲੋਂ ਫੋਟੋ ਸਮੇਤ ਜਾਰੀ ਸ਼ਨਾਖ਼ਤੀ ਕਾਰਡ ਦਿਖਾ ਕੇ ਵੋਟ ਪਾ ਸਕਦਾ ਹੈ। ਉਨਾਂ ਚੋਣਾਂ ਵਾਲੀਆਂ ਨਗਰ ਕੌਂਸਲਾਂ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਤ ਅਧਿਕਾਰ ਦਾ ਵੱਧ ਤੋਂ ਵੱਧ ਇਸਤੇਮਾਲ ਕਰਦੇ ਹੋਏ ਹੋਰਨਾਂ ਨੂੰ, ਖਾਸ ਕਰਕੇ ਨੌਜਵਾਨ ਵੋਟਰਾਂ ਨੂੰ ਇਸ ਦੀ ਵਰਤੋਂ ਲਈ ਪ੍ਰੇਰਿਤ ਕਰਨ, ਤਾਂ ਜੋ ਹੇਠਲੇ ਪੱਧਰ ਤੱਕ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕੇ।