ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੀ ਮਹਾਂ ਰੈਲੀ ਵਿਚ ਭਰਵੀਂ ਸ਼ਮੂਲੀਅਤ ਕਰਾਂਗੇ - ਦੌੜਕਾ


ਨਵਾਂ ਸ਼ਹਿਰ 10 ਫਰਵਰੀ :- (ਬਿਊਰੋ)  ਪੰਜਾਬ- ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਆਗੂ ਕੁਲਦੀਪ ਸਿੰਘ ਦੌੜਕਾ, ਕਰਨੈਲ ਸਿੰਘ ਰਾਹੋਂ, ਜੀਤ ਲਾਲ ਗੋਹਲੜੋਂ, ਰਾਮ ਲੁਭਾਇਆ, ਅਜੀਤ ਸਿੰਘ ਬਰਨਾਲਾ, ਰਾਮ ਮਿੱਤਰ ਕੋਹਲੀ, ਗੁਲਸ਼ਨ ਕੁਮਾਰ, ਮੁਕੰਦ ਲਾਲ, ਸਤਨਾਮ ਸਿੰਘ ਨੇ ਮੀਟਿੰਗ ਉਪਰੰਤ ਸਾਂਝੇ ਬਿਆਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਵਿਰੁੱਧ ਅਤੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ, ਠੇਕੇ ਤੇ ਨਿਯੁਕਤ ਕੱਚੇ ਕਾਮਿਆਂ ਦੀਆਂ ਮੰਗਾਂ ਨਾ ਮੰਨਣ ਕਾਰਨ 12 ਫਰਵਰੀ ਨੂੰ ਜ਼ਿਲ੍ਹੇ ਦੇ ਮੁਲਾਜ਼ਮ, ਪੈਨਸ਼ਨਰ ਅਤੇ ਮਿਡ-ਡੇ-ਮੀਲ ਵਰਕਰ ਮੋਹਾਲੀ ਵਿਖੇ ਹੋ ਰਹੀ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਆਗੂਆਂ ਆਖਿਆ ਕਿ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਸਾਂਝਾ ਫਰੰਟ ਨਾਲ ਹੋਈਆਂ ਮੀਟਿੰਗਾਂ ਵਿੱਚ ਇਸ ਗੱਲ ਦਾ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਮੁਲਾਜ਼ਮਾ ਅਤੇ ਪੈਨਸ਼ਨਰਜ਼ ਨੂੰ ਤਨਖਾਹ ਕਮਿਸ਼ਨ ਦੀ ਰਿਪੋਰਟ 31 ਦਸੰਬਰ ਤਕ ਜਾਰੀ ਕਰ ਦਿੱਤੀ ਜਾਵੇਗੀ ਅਤੇ ਜੀ .ਐੱਸ .ਟੀ. ਦਾ ਪੈਸਾ ਕੇਂਦਰ ਤੋਂ ਆਉਣ ਉਪਰੰਤ ਮਹਿੰਗਾਈ ਭੱਤੇ ਦੀਆਂ ਕਿਸ਼ਤਾ ਅਤੇ ਰਹਿੰਦੇ ਬਕਾਏ ਦਾ ਭੁੁਗਤਾਨ ਕਰ ਦਿੱਤਾ ਜਾਵੇਗਾ ਪ੍ਰੰਤੂ ਵਿੱਤ ਮੰਤਰੀ ਆਪਣੇ ਕਿਸੇ ਵੀ ਵਾਅਦੇ ਤੇ ਪੂਰਾ ਨਹੀਂ ਉੁੱਤਰਿਆ, ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾ ਅੰਦਰ ਵਿਆਪਕ ਰੋਸ ਹੈ। ਆਗੂਆਂ ਆਖਿਆ ਕਿ ਲੰਬੇ ਸਮੇਂ ਤੋਂ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਮਾਣ ਭੱਤਾ/ ਇਨਸੈੱਟਿਵ ਮੁਲਾਜ਼ਮਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ, ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ਵਿੱਚ ਨਹੀਂ ਲਿਆਂਦਾ ਜਾ ਰਿਹਾ, ਇਸ ਦੇ ਉਲਟ ਸਰਕਾਰ ਵੱਲੋਂ ਨਵੀਂ ਭਰਤੀ ਕੇਂਦਰੀ ਤਨਖਾਹ ਸਕੇਲਾਂ ਤੇ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਪੁਨਰਗਠਨ ਦੇ ਨਾਂ ਉੱਤੇ ਵੱਖ- ਵੱਖ ਅਦਾਰਿਆਂ ਅੰਦਰ ਅਸਾਮੀਆਂ ਖ਼ਤਮ ਕਰਕੇ ਅਦਾਰਿਆਂ ਦਾ ਉਜਾੜਾ ਕੀਤਾ ਜਾ ਰਿਹਾ ਹੈ, ਡਿਵੈਲਪਮੈਂਟ ਦੇ ਨਾਂ ਤੇ ਲਗਾਇਆ ਦੋ ਸੌ ਰੁਪਿਆ ਪ੍ਰਤੀ ਮਹੀਨਾ ਜਜ਼ੀਆ ਟੈਕਸ ਵਾਪਸ ਨਹੀਂ ਲਿਆ ਜਾ ਰਿਹਾ, ਵਧੀ ਹੋਈ ਗਰੈਚੁਟੀ ਲਾਗੂ ਨਹੀਂ ਕੀਤੀ ਜਾ ਰਹੀ। ਇਸ ਸਮੇਂ ਮੋਹਣ ਲਾਲ, ਨਰਿੰਦਰ ਸਿੰਘ, ਬਲਜੀਤ ਸਿੰਘ, ਸੋਹਣ ਸਿੰਘ, ਨਿਰਮਲ ਦਾਸ, ਗੁਰਦਿਆਲ ਸਿੰਘ, ਰਿੰਪੀ ਰਾਣੀ, ਪਰਮਜੀਤ ਕੌਰ, ਸੁਨੀਤਾ, ਲਕਸ਼ਮੀ ਆਦਿ ਹਾਜ਼ਰ ਸਨ।