ਨਵਾਂਸ਼ਹਿਰ, 2 ਫਰਵਰੀ : ਜ਼ਿਲਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਡਾ. ਸ਼ੇਨਾ ਅਗਰਵਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਨੋਟੀਫਾਈਡ ਏਰੀਆ (ਬਲਾਕ ਔੜ ਅਤੇ ਬੰਗਾ) ਵਿਚ ਮਨਜ਼ੂਰੀ ਤੋਂ ਬਿਨਾਂ ਟਿਊਬਵੈੱਲ/ਸਬਮਰਸੀਬਲ ਪੰਪ ਲਗਾਉਣ 'ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੇ ਸੈਂਟਰਲ ਗਰਾਊਂਡ ਵਾਟਰ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਪ੍ਰਵਾਨਿਤ ਕੰਮਾਂ ਵਿਚੋਂ ਟਿਊਬਵੈੱਲ/ਸਬਮਰਸੀਬਲ ਲਗਾਉਣਾ ਹੈ, ਤਾਂ ਉਹ ਐਨ. ਓ. ਸੀ ਲਈ ਉਨਾਂ ਦੇ ਦਫ਼ਤਰ ਵਿਚ ਅਪਲਾਈ ਕਰ ਕੇ ਮਨਜ਼ੂਰੀ ਪ੍ਰਾਪਤ ਕਰੇਗਾ। ਅਣ-ਅਧਿਕਾਰਤ ਟਿਊਬਵੈੱਲ/ਸਬਮਰਸੀਬਲ ਦੀ ਜਾਂਚ ਕਰਨ ਲਈ ਪਿੰਡਾਂ ਵਿਚ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਸ਼ਹਿਰਾਂ ਵਿਚ ਸਬੰਧਤ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਦੀ ਜਿੰਮੇਵਾਰੀ ਨਿਰਧਾਰਤ ਕੀਤੀ ਗਈ ਹੈ। ਇਹ ਹੁਕਮ ਲਾਗੂ ਕਰਵਾਉਣ ਲਈ ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਔੜ/ਬੰਗਾ ਅਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਬੰਗਾ ਜਿੰਮੇਵਾਰ ਹੋਣਗੇ। ਇਹ ਹੁਕਮ 31 ਮਾਰਚ 2021 ਤੱਕ ਲਾਗੂ ਰਹਿਣਗੇ।