ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਵਿਖੇ ਅਧਿਆਪਕਾ ਮੈਡਮ ਨੀਰਜ ਕੁਮਾਰੀ ਹਿੰਦੀ ਮਿਸਟ੍ਰੈਸ ਦਾ ਸਨਮਾਨ


ਨਵਾਂਸ਼ਹਿਰ 11 ਫਰਵਰੀ (ਐਨ ਟੀ ਟੀਮ) ਅੱਜ ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਵਿਖੇ ਸਾਦਾ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬੂਟਾ ਰਾਮ ਵਲੋਂ ਮੈਡਮ ਨੀਰਜ ਕੁਮਾਰੀ ਹਿੰਦੀ ਮਿਸਟ੍ਰੈਸ ਦਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਆਈ.ਏ.ਐਸ. ਵੱਲੋਂ ਭੇਜੇ ਗਏ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅਧਿਆਪਕਾ ਮੈਡਮ ਨੀਰਜ ਕੁਮਾਰੀ ਹਿੰਦੀ ਮਿਸਟ੍ਰੈਸ ਨੂੰ ਇਹ ਪ੍ਰਸੰਸਾ ਪੱਤਰ ਉਨਾਂ ਦੇ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਕ ਸੁਧਾਰ ਅਤੇ ਵਿਦਿਆਰਥੀਆਂ ਦੀਆਂ ਮਿਸ਼ਨ ਸ਼ਤ ਪ੍ਰਤੀਸ਼ਤ ਮੁਹਿੰਮ ਤਹਿਤ ਵਾਧੂ ਕਲਾਸਾਂ ਲਾਉਣ ਕਰਕੇ ਕੀਤੇ ਸ਼ਾਨਦਾਰ ਕਾਰਜ ਲਈ ਪ੍ਰਦਾਨ ਕੀਤਾ ਗਿਆ ਹੈ। ਉਹਨਾਂ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵੱਧ ਹੋਣ ਦੀ ਗੱਲ ਵੀ ਦੱਸੀ। ਉਹਨਾਂ ਇਹ ਵੀ ਕਿਹਾ ਕਿ ਇਸ ਮੌਕੇ ਸਿਰਫ ਦੋ ਹੀ ਅਧਿਆਪਕ ਮਾਸਟਰ ਪਰਵਿੰਦਰ ਸਿੰਘ ਸਟੇਟ ਅਵਾਰਡੀ ਤੇ ਮੈਡਮ ਨੀਰਜ ਕੁਮਾਰੀ ਹਿੰਦੀ ਮਿਸਟ੍ਰੈਸ ਬੱਚਿਆਂ ਨੂੰ ਸਾਰੇ ਵਿਸ਼ੇ ਪੜ੍ਹਾ ਰਹੇ ਹਨ ਤੇ ਸਕੂਲ ਦੀ ਬਿਲਡਿੰਗ ਦੀ ਵੀ ਵਧੀਆ ਸੰਭਾਲ ਕੀਤੀ ਗਈ ਹੈ ਜੋ ਕਿ ਸਾਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਨੇ ਸਿੱਖਿਆ ਵਿਭਾਗ ਨੂੰ ਵੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਅਪੀਲ ਵੀ ਕੀਤੀ। ਇਸ ਮੌਕੇ ਸਾਬਕਾ ਚੇਅਰਮੈਨ ਮਲਕੀਤ ਰਾਮ, ਨਰੇਸ਼ ਕੁਮਾਰੀ, ਮਨਜੀਤ, ਪਰਵਿੰਦਰ ਭੰਗਲ, ਮਨੀਸ਼ਾ ਤੇ ਮਨਜਿੰਦਰ ਕੌਰ ਆਦਿ ਹਾਜ਼ਰ ਸਨ।