ਅੰਮ੍ਰਿਤਸਰ ਵਿੱਚ ਟੂਰਿਜ਼ਮ ਲਈ ਸਵਦੇਸ਼ ਦਰਸ਼ਨ ਪ੍ਰੋਜੈਕਟ ਤਹਿਤ ਖਰਚੇ ਜਾਣਗੇ 100 ਕਰੋੜ ਰੁਪਏ - ਕੇਂਦਰੀ ਰਾਜ ਮੰਤਰੀ ਟੂਰਿਜ਼ਮ

ਅੰਮ੍ਰਿਤਸਰ ਵਿੱਚ ਉਸਾਰਿਆ ਜਾਵੇ ਥੀਮ ਪਾਰਕ - ਡਿੰਪਾ
ਅੰਮ੍ਰਿਤਸਰ ਨੂੰ ਮੈਡੀਕਲ ਟੂਰਿਜ਼ਮ ਹੱਬ ਵਜੋਂ ਕੀਤਾ ਜਾਵੇ ਵਿਕਸਿਤ - ਔਜਲਾ
ਜੰਡਿਆਲਾ ਗੁਰੂ ਦੀ ਠਠਿਆਰ ਮੰਡੀ ਦੀ ਕੀਤੀ ਜਾਵੇ ਸਾਂਭ-ਸੰਭਾਲ ਅਤੇ ਅਟਾਰੀ ਵਿਖੇ ਲਗਾਇਆ ਜਾਵੇ ਟਰੱਕ ਸਕੈਨਰ - ਈ.ਟੀ.ਓ.
ਸ਼ਹਿਰ ਦੀਆਂ ਪੁਰਾਤਨ ਇਤਿਹਾਸਕ ਇਮਾਰਤਾਂ ਨੂੰ ਵਿਕਸਿਤ ਕਰਨ ਦੀ ਲੋੜ - ਨਿੱਜਰ
ਅੰਮ੍ਰਿਤਸਰ 29 ਅਕਤੂਬਰ 2022 :- ਬੀਤੀ ਸ਼ਾਮ ਅੰਮ੍ਰਿਤਸਰ ਨੂੰ ਸੈਲਾਨੀ ਕੇਂਦਰ ਵਜੋਂ ਹੋਰ ਵਿਕਸਤ ਕਰਨ ਦੀਆਂ ਸੰਭਵਨਾਂ ਨੂੰ ਤਲਾਸ਼ਣ ਵਾਸਤੇ ਕੇਂਦਰੀ ਰਾਜ ਮੰਤਰੀ ਟੂਰਿਜ਼ਮ ਅਤੇ ਰੱਖਿਆ ਮੰਤਰੀ ਸ੍ਰੀ ਅਜੈ ਭੱਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਿੱਚ ਸਵਦੇਸ਼ ਦਰਸ਼ਨ ਪ੍ਰੋਜੈਕਟ ਤਹਿਤ ਟੂਰਿਜ਼ਮ ਨੂੰ ਵਿਕਸਿਤ ਕਰਨ ਲਈ 100 ਕਰੋੜ ਰੁਪਏ ਖਰਚੇ ਜਾਣਗੇ। ਉਨਾਂ ਦਸਿਆ ਕਿ ਕੇਂਦਰ ਸਰਕਾਰ ਵਲੋਂ ਪੂਰੇ ਦੇਸ਼ ਵਿੱਚ ਸਵਦੇਸ਼ ਦਰਸ਼ਨ ਪ੍ਰੋਜੈਕਟ ਅਤੇ ਪ੍ਰਸ਼ਾਦ ਪ੍ਰੋਜੈਕਟ ਤਹਿਤ ਟੂਰਿਜ਼ਮ ਕੇਂਦਰਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸੇ ਹੀ ਲੜੀ ਤਹਿਤ ਅੰਮ੍ਰਿਤਸਰ ਵਿੱਖੇ ਟੂਰਿਜ਼ਮ ਨੂੰ ਹੋਰ ਵਿਕਸਿਤ ਕਰਨ ਲਈ ਕਦਮ ਪੁੱਟੇ ਜਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਯੋਜਨਾ ਉਲੀਕ ਕੇ ਸਾਨੂੰ ਭੇਜੇ ਅਤੇ ਸਾਡੇ ਵਲੋਂ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਅਜੈ ਭੱਟ ਨੇ ਕਿਹਾ ਕਿ ਟੂਰਿਜ਼ਮ ਨਾਲ ਹੀ ਅਸੀਂ ਆਪਣੀ ਆਰਥਿਕਤਾ ਵਿੱਚ ਸੁਧਾਰ ਲਿਆ ਸਕਦੇ ਹਾਂ। ਉਨਾਂ ਕਿਹਾ ਕਿ ਸਾਨੂੰ ਦਲਗਤ ਰਾਜਨੀਤੀ ਤੋਂ ਉੱਪਰ ਉਠ ਕੇ ਦੇਸ਼ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਨਸ਼ਿਆਂ ਵਿਰੁੱਧ ਮਿੱਲਜੁਲ ਕੇ ਲੜਾਈ ਕਰਨੀ ਚਾਹੀਦੀ ਹੈ। ਇਸ ਮੌਕੇ ਕੇਂਦਰੀ ਰਾਜ ਮੰਤਰੀ ਵਲੋਂ ਸ਼ਹਿਰ ਦੇ ਹੋਟਲ, ਟੂਰ ਐਂਡ ਟਰੈਵਲਜ਼ ਏਜੰਟਾਂ ਦੇ ਪ੍ਰਤੀਨੀਧੀਆਂ ਨਾਲ ਗੱਲਬਾਤ ਕਰਕੇ ਉਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਭਰੋਸਾ ਦਿੱਤਾ ਕਿ ਜਲਦ ਹੀ ਤੁਹਾਡੀਆਂ ਮੰਗਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੈਂਬਰ ਪਾਰਲੀਮੈਂਟ ਸ: ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਯਾਤਰੂ ਇਕ ਦਿਨ ਲਈ ਹੀ ਆਉਂਦਾ ਹੈ ਅਤੇ ਜਿਨਾਂ ਵਿਚੋਂ ਜਿਅਦਾ ਬਜ਼ੁਰਗ ਹੁੰਦੇ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅੰਮ੍ਰਿਤਸਰ ਵਿੱਚ ਇਕ ਥੀਮ ਪਾਰਕ ਉਸਾਰਿਆ ਜਾਵੇ ਤਾਂ ਜੋ ਨੌਜਵਾਨ ਅਤੇ ਬੱਚੇ ਵੀ ਜ਼ਿਆਦਾ ਆ ਸਕਣ ਅਤੇ ਇਸਦੇ ਨਾਲ ਨਾਲ ਹਰੀਕੇ ਵੈਟਲੈਂਡ, ਕਾਂਜਲੀ ਵੈਟਲੈਂਡ ਅਤੇ ਕਾਲੀ ਵੇਂਈ ਨੂੰ ਵਿਕਸਿਤ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਯਾਤਰੂਆਂ ਲਈ ਜਿਲ੍ਹੇ ਵਿੱਚ ਇਕ ਗੋਲਫ਼ ਕਲੱਬ ਵੀ ਬਣਾਇਆ ਜਾਣਾ ਚਾਹੀਦਾ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ: ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਕੇਂਦਰੀ ਰਾਜ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਅੰਮ੍ਰਿਤਸਰ ਇਕ ਧਾਰਮਿਕ ਕੇਂਦਰ ਹੋਣ ਦੇ ਨਾਲ ਨਾਲ ਵਪਾਰਕ ਕੇਂਦਰ ਵੀ ਸੀ ਅਤੇ ਅਫ਼ਗਾਨਿਸਤਾਨ ਤੱਕ ਵਪਾਰ ਇਸੇ ਹੀ ਰਸਤੇ ਤੋਂ ਹੁੰਦਾ ਸੀ। ਉਨਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਅੰਮ੍ਰਿਤਸਰ ਏਅਰਪੋਰਟ ਤੋਂ ਵਿਦੇਸ਼ਾਂ ਲਈ ਸਿੱਧੀਆਂ ਫਲਾਇਟਾਂ ਹੋਣੀਆਂ ਚਹੀਦੀਆਂ ਹਨ ਅਤੇ ਅੰਮ੍ਰਿਤਸਰ ਨੂੰ ਮੈਡੀਕਲ ਟੂਰਿਜ਼ਮ ਦੇ ਹੱਬ ਵਜੋਂ ਵਿਕਸਿਤ ਕਰਨਾ ਚਾਹੀਦਾ ਹੈ।  ਉਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਇਕ ਹਫ਼ਤੇ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਵਿਦੇਸ਼ ਤੋਂ ਯਾਤਰੂ ਇਥੇ ਆ ਸਕਣ। ਸ: ਹਰਭਜਨ ਸਿੰਘ ਈ.ਟੀ.ਓ. ਬਿਜਲੀ ਮੰਤਰੀ ਪੰਜਾਬ ਨੇ ਕੇਂਦਰੀ ਰਾਜ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਜੰਡਿਆਲਾ ਗੁਰੂ ਵਿਖੇ ਇਤਿਹਾਸਿਕ ਅਤੇ ਸਭ ਤੋਂ ਪੁਰਾਤਨ ਠਠਿਆਰ ਮੰਡੀ ਨੂੰ ਸਾਂਭ ਸੰਭਾਲਣ ਦੀ ਬਹੁਤ ਵੱਡੀ ਜ਼ਰੂਰਤ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਕਲਾ ਬਾਰੇ ਜਾਣੂ ਕਰਵਾਇਆ ਜਾ ਸਕੇ। ਸ: ਈ.ਟੀ.ਓ. ਨੇ ਕੇਂਦਰੀ ਰਾਜ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਅੰਮ੍ਰਿਤਸਰ ਵਿੱਚ ਰੀਗੋ ਪੁੱਲ ਦੀ ਹਾਲਤ ਬਹੁਤ ਹੀ ਜ਼ਿਆਦਾ ਖਸਤਾ ਹੈ ਅਤੇ ਇਸ ਨੂੰ ਨਵਉਸਾਰਿਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸਦੇ ਨਾਲ ਹੀ ਅਟਾਰੀ ਵਿੱਖੇ ਟਰੱਕ ਸਕੈਨਰ ਵੀ ਲਗਾਇਆ ਜਾਣਾ ਚਾਹੀਦਾ ਹੈ ਤਾਂ ਜੋ ਗੈਰਕਾਨੂੰਨੀ ਸਮਾਨ ਨਾ ਆ ਸਕ।ਇਸ ਮੌਕੇ ਸ: ਇੰਦਰਬੀਰ ਸਿੰਘ ਨਿੱਜਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਵਲੋਂ ਟੂਰਿਜ਼ਮ ਲਈ ਸਪੈਸ਼ਲ ਫੰਡਜ਼ ਦਿੱਤੇ ਜਾ ਰਹੇ ਹਨ। ਉਨਾਂ ਕੇਂਦਰੀ ਰਾਜ ਮੰਤਰੀ ਨੂੰ ਕਿਹਾ ਕਿ ਅੰਮ੍ਰਿਤਸਰ ਪੱਟੀ ਮੱਖੂ ਦੇ ਰੇਲ ਲਿੰਕ ਜਲਦ ਬਣਾਉਣਾ ਚਾਹੀਦਾ ਹੈ ਜਿਸ ਨਾਲ ਵੱਡੀ ਗਿਣਤੀ ਵਿੱਚ ਯਾਤਰੂ ਅੰਮ੍ਰਿਤਸਰ ਵਿਖੇ ਆ ਸਕਦੇ ਹਨ। ਉਨਾਂ ਕਿਹਾ ਕਿ ਜਿਲ੍ਹੇ ਅੰਦਰ ਟੂਰਿਜ਼ਮ ਨੂੰ ਵਧਾਉਣ ਲਈ ਪੁਰਾਣੀਆਂ ਅਤੇ ਇਤਿਹਾਸਕ ਇਮਾਰਤਾਂ ਨੂੰ ਵਿਕਸਿਤ ਕਰਨ ਲੋੜ ਹੈ। ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕੇਂਦਰੀ ਰਾਜ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਏਅਰਪੋਰਟ ਤੇ ਹੋਰ ਸੁਵਿਧਾਵਾਂ ਦੀ ਲੋੜ ਹੈ ਅਤੇ ਇਥੋਂ ਵਿਦੇਸ਼ਾਂ ਲਈ ਸਿੱਧੀਆਂ ਫਲਾਈਟਾਂ ਚਲਾਏ ਜਾਣ ਤੇ ਜ਼ੋਰ ਦਿੱਤਾ।ਇਸ ਮੌਕੇ ਵਿਧਾਇਕ ਜਸਵਿੰਦਰ ਸਿੰਘ ਏ.ਡੀ.ਸੀ. ਨੇ ਕੇਂਦਰੀ ਰਾਜ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਅਟਾਰੀ ਵਿਖੇ ਰੋਜ਼ਾਨਾ ਕਰੀਬ 30 ਹਜ਼ਾਰ ਤੋਂ ਵੱਧ ਯਾਤਰੂ ਰੀਟਰੀਟ ਸੈਰਾਮਨੀ ਵੇਖਣ ਆਉਂਦੇ ਹਨ, ਜੇਕਰ ਅਟਾਰੀ ਨੂੰ ਟੂਰਿਜ਼ਮ ਹੱਬ ਵਜੋਂ ਵਿਕਸਿਤ ਕੀਤਾ ਜਾਵੇ ਤਾਂ ਯਾਤਰੂਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।ਕੇਂਦਰੀ ਰਾਜ ਮੰਤਰੀ ਸ੍ਰੀ ਅਜੈ ਭੱਟ ਨੇ ਭਰੋਸਾ ਦਿੱਤਾ ਕਿ ਉਨਾਂ ਵਲੋਂ ਦਸੇ ਗਏ ਸੁਝਾਵਾਂ ਤੇ ਅਮਲ ਕੀਤਾ ਜਾਵੇਗਾ ਅਤੇ ਕੇਂਦਰ ਸਰਕਾਰ ਵਲੋਂ ਜਲਦੀ ਹੀ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ।ਇਸ ਮੌਕੇ ਵਿਧਾਇਕਾ ਜੀਵਨਜੋਤ ਕੌਰ, ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ, ਡਾਇਰੈਕਟਰ ਟੂਰਿਜ਼ਮ ਸ੍ਰੀ ਕਰਨੀਸ਼ ਸ਼ਰਮਾ, ਐਸ.ਡੀ.ਐਮ. ਸ੍ਰੀ ਹਰਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਹਰਨੂਰ, ਸ੍ਰੀ ਸਚਿਨ ਪਾਠਕ, ਸਹਾਇਕ ਡਾਇਰੈਕਟਰ ਟੂਰਿਜ਼ਮ ਭਾਰਤ ਸਰਕਾਰ ਸ੍ਰੀ ਸੰਦੀਪ ਸ਼ੁਕਲਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸ।
ਕੈਪਸ਼ਨ : ਕੇਂਦਰੀ ਰਾਜ ਮੰਤਰੀ ਟੂਰਿਜ਼ਮ ਅਤੇ ਰੱਖਿਆ ਮੰਤਰੀ ਸ੍ਰੀ ਅਜੈ ਭੱਟ  ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।