ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀ ਮੰਡੀਆਂ ’ਚ ਝੋਨੇ ਦੀ ਲਿਫ਼ਟਿੰਗ ਸ਼ੁਰੂ ਕਰਵਾਈ

ਖਰੀਦ ਏਜੰਸੀਆਂ ਨੂੰ ਅਗਲੇ ਦਿਨਾਂ 'ਚ ਮੌਸਮ ਦੇ ਖਰਾਬੀ ਦੀ ਚਿਤਾਵਨੀ ਦੇ ਮੱਦੇਨਜ਼ਰ ਖਰੀਦ ਕੀਤੇ ਝੋਨੇ ਦੀ ਲਿਫ਼ਟਿੰਗ ਤੁਰੰਤ ਕਰਨ ਦੀ ਹਦਾਇਤ
ਨਵਾਂਸ਼ਹਿਰ, 7 ਅਕਤੂਬਰ :  ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਨਵਾਂਸ਼ਹਿਰ ਅਤੇ ਰਾਹੋਂ ਦੀਆਂ ਦਾਣਾ ਮੰਡੀਆਂ 'ਚ ਜਾ ਕੇ ਖਰੀਦ ਕੀਤੇ ਝੋਨੇ ਦੀ ਲਿਫ਼ਟਿੰਗ ਸ਼ੁਰੂੂ ਕਰਵਾਈ। ਇਸ ਮੌਕੇ ਉੁਨ੍ਹਾਂ ਨਾਲ ਆਪ ਆਗੂ ਲਲਿਤ ਮੋਹਨ ਪਾਠਕ ਤੇ ਡੀ ਐਫ ਐਸ ਸੀ ਰੇਨੂੰ ਬਾਲਾ ਵਰਮਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਦੱਸਿਆ ਕਿ ਮੌਸਮ ਦੀ ਖਰਾਬੀ ਦੇ ਚਿਤਾਵਨੀ ਦੇ ਮੱਦੇਨਜ਼ਰ ਖਰੀਦੇ ਗਏ ਝੋਨੇ ਦੀ ਚੁਕਾਈ ਕਰਕੇ, ਉਸ ਨੂੰ ਸੁਰੱਖਿਅਤ ਥਾਂਵਾਂ 'ਤੇ ਲੈ ਕੇ ਜਾਣਾ ਜ਼ਰੂਰੀ ਹੈ, ਇਸ ਲਈ ਲਿਫ਼ਟਿੰਗ 'ਚ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਨਾ ਕੀਤੀ ਜਾਵੇ। ਉਨ੍ਹਾਂ ਨੇ ਆਨਲਾਈਨ ਗੇਟਵੇਅ ਪਾਸ ਸਿਸਟਮ ਨੂੰ ਲੈ ਕੇ ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੇ ਫ਼ੀਲਡ ਸਟਾਫ਼ ਵੱਲੋਂ ਪ੍ਰਗਟਾਏ ਸ਼ੰਕਿਆਂ ਦਾ ਨਿਵਾਰਣ ਕਰਦਿਆਂ ਕਿਹਾ ਕਿ ਇਸ ਮੌਕੇ ਸਭ ਤੋਂ ਵਧੇਰੇ ਜ਼ਰੂਰੀ ਮੰਡੀਆਂ 'ਚ ਖਰੀਦੀ ਪਈ ਸੁੱਕੀ ਫ਼ਸਲ ਨੂੰ ਨਿਰਧਾਰਿਤ ਰਾਈਸ ਮਿੱਲਾਂ 'ਚ ਪਹੁੰਚਾਉਣਾ ਹੈ ਤਾਂ ਜੋ ਮੰਡੀਆਂ 'ਚ ਹੋਰ ਫ਼ਸਲ ਆਉਣ ਦੀ ਥਾਂ ਬਣ ਸਕੇ।  
ਉਨ੍ਹਾਂ ਦੱਸਿਆ ਕਿ ਵੀਰਵਾਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ 'ਚ 14373 ਮੀਟਿ੍ਰਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ 'ਚੋਂ 12386 ਮੀਟਿ੍ਰਕ ਟਨ ਦਾ ਭਾਅ ਲੱਗ ਚੁੱਕਾ ਹੈ ਤੇ ਕੁੱਝ 'ਚ ਦਾਣਾ ਨਰਮ ਹੋਣ ਕਾਰਨ ਉਨ੍ਹਾਂ ਢੇਰੀਆਂ ਦਾ ਭਾਅ ਲੱਗਣ 'ਚ ਦੇਰੀ ਹੋਈ ਹੈ। ਉਨ੍ਹਾਂ ਜਿਮੀਂਦਾਰਾਂ ਨੂੰ ਅਪੀਲ ਕੀਤੀ ਕਿ ਮੰਡੀਆਂ 'ਚ ਪੱਕੀ ਤੇ ਸੁੱਕੀ ਫ਼ਸਲ ਹੀ ਲਿਆਉਣ ਤਾਂ ਜੋ ਉਨ੍ਹਾਂ ਦੀ ਫ਼ਸਲ ਦਾ ਭਾਅ ਨਾਲੋ-ਨਾਲ ਲੱਗ ਸਕੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਅਦਾਇਗੀ ਵੀ ਨਾਲੋ-ਨਾਲ ਕੀਤੀ ਜਾ ਚੁੱਕੀ ਹੈ। ਆਮ ਆਦਮੀ ਪਾਰਟੀ ਦੇ ਆਗੂ ਲਲਿਤ ਮੋਹਨ ਪਾਠਕ ਨੇ ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੀਰੀ ਦੀ ਖਰੀਦ ਲਈ ਕੀਤੇ ਪ੍ਰਬੰਧਾਂ ਲਈ ਧੰਨਵਾਦ ਕਰਦਿਆਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਨੂੰ ਮੌਸਮ ਦੀ ਖਰਾਬੀ ਦੇ ਮੱਦੇਨਜ਼ਰ ਮੰਡੀਆਂ 'ਚ ਆਈ ਫ਼ਸਲ ਦੀ ਸਾਂਭ-ਸੰਭਾਲ ਦੀ ਲੋੜ 'ਤੇ ਜ਼ੋਰ ਦਿੱਤਾ। ਡੀ ਐਫ ਐਸ ਸੀ ਰੇਨੂੰ ਬਾਲਾ ਵਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ 'ਚ ਕਿਸੇ ਵੀ ਤਰ੍ਹਾਂ ਦੀ ਥਾਂ ਦੀ ਕਮੀ ਨਾ ਆਉਣ ਦੇਣ ਨੂੰ ਯਕੀਨੀ ਬਣਾਉਣ ਲਈ ਲੋੜ ਪੈਣ 'ਤੇ ਪਾਲਿਸੀ 'ਚ ਦਰਜ ਹਦਾਇਤਾਂ ਅਨੁਸਾਰ ਟ੍ਰੈਕਟਰ-ਟ੍ਰਾਲੀਆਂ ਦੀ ਵਰਤੋਂ ਕਰਨ ਕਰਨ ਦੀ ਆਗਿਆ ਵੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੜਾਅ 'ਤੇ ਢੋਆ-ਢੁਆਈ ਲਈ ਵਾਹਨਾਂ ਦੀ ਘਾਟ ਆਉਂਦੀ ਹੈ ਤਾਂ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ ਟ੍ਰੈਕਟਰ-ਟਰਾਲੀਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।