ਬਲਾਚੌਰ 8 ਅਕਤੂਬਰ : ਐਮ ਐਲ ਏ ਬਲਾਚੌਰ ਸੰਤੋਸ਼ ਕਟਾਰੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਆਪਣੇ ਵਾਅਦੇ ਨੂੰ ਸਰਕਾਰ ਬਣਨ ਦੇ ਪਹਿਲੇ 6 ਮਹੀਨੇ ਚ ਹੀ ਪੂਰਾ ਕਰਨ ਨੂੰ ਸਰਕਾਰ ਦੇ ਲੋਕ ਪੱਖੀ ਫ਼ੈਸਲੇ 'ਤੇ ਮੋਹਰ ਕਰਾਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਕਲ੍ਹ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਸਬੰਧੀ ਨੋਟੀਫਿਕੇਸ਼ਨ 'ਪਾਲਿਸੀ ਫਾਰ ਵੈਲਫੇਅਰ ਆਫ ਐਡਹਾਕ, ਕੰਟਰੈਕਚੂਅਲ, ਟੈਪਰੈਰੀ ਟੀਚਰ (ਨੇਸ਼ਨ ਬਿਲਡਰ) ਐਂਡ ਅਦਰ ਇੰਪਲਾਈਜ਼ ਇਨ ਸਕੂਲ ਐਜੂਕੇਸ਼ਨ ਡਿਪਾਰਮੈਟ' ਜਾਰੀ ਕਰ ਕੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਕੀਤੇ ਵਾਅਦਾ ਨੂੰ ਅਮਲੀ ਰੂਪ ਦੇਣਾ, ਇਸ ਗੱਲ ਦਾ ਪ੍ਰਤੱਖ ਗਵਾਹ ਹੈ ਕਿ ਲੋਕਾਂ ਨੇ ਸਰਕਾਰ ਜਿਨ੍ਹਾਂ ਆਸਾਂ ਤੇ ਉਮੀਦਾਂ ਨਾਲ ਬਣਾਈ ਸੀ, ਉਨ੍ਹਾਂ ਨੂੰ ਫ਼ਲ ਪੈਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਆਪਣੇ ਗੁਆਂਢੀ ਹਲਕੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕ ਅਤੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਿੱਖਿਆ ਵਿਭਾਗ ਵਿੱਚ 8736 ਅਧਿਆਪਕ ਅਤੇ ਨਾਨ ਟੀਚਿੰਗ ਸਟਾਫ਼ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਕੀਤੀ ਇਸ ਪਹਿਲਕਦਮੀ ਲਈ ਉਨ੍ਹਾਂ ਨੂੰ ਵਧਾਈ ਵੀ ਦਿੱਤੀ। ਐਮ ਐਲ ਏ ਕਟਾਰੀਆ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਨਾਲ ਕੀਤੇ ਵਅਦਿਆਂ ਨੂੰ ਸਰਕਾਰ ਬਣਨ ਦੇ ਪਹਿਲੇ 6 ਮਹੀਨਿਆਂ ਵਿਚ ਹੀ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਤੱਕ ਲੋਕ ਆਪਣੇ ਆਪ ਨੂੰ ਦੂਸਰੀਆਂ ਪਾਰਟੀਆਂ ਪਾਸੋਂ ਉਨ੍ਹਾਂ ਦੇ ਲਾਰਿਆਂ ਕਰਕੇ ਠੱਗੇ ਮਹਿਸੂਸ ਕਰਦੇ ਸਨ ਪਰ ਅੱਜ ਜਦੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਪਣੀਆਂ ਗਾਰੰਟੀਆਂ ਨੂੰ ਇੱਕ ਤੋਂ ਬਾਅਦ ਇੱਕ ਲਾਗੂ ਕਰ ਰਹੀ ਹੈ ਤਾਂ ਹੁਣ ਦੂਸਰੀਆਂ ਪਾਰਟੀਆਂ ਨੂੰ ਲੋਕਾਂ ਨੇ ਸੀਸ਼ਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਉਹ ਉਨ੍ਹਾਂ ਦੇ ਝਾਂਸੇ ਚ ਨਹੀਂ ਆਉਣਗੇ। ਉਨ੍ਹਾਂ ਆਖਿਆ ਕਿ ਸਰਕਾਰ ਦੇ ਇਸ ਫੈਸਲੇ ਨਾਲ ਅਧਿਆਪਕ ਦੇ ਅਹੁਦੇ ਨੂੰ ਹੋਰ ਸਨਮਾਨ ਮਿਲਿਆ ਹੈ ਅਤੇ ਹੁਣ ਉਨ੍ਹਾਂ ਨੂੰ ਆਪਣੀਆਂ ਮੰਗਾਂ ਲਈ ਧਰਨੇ ਨਹੀਂ ਲਾਉਣੇ ਪੈਣਗੇ। ਉਨ੍ਹਾਂ ਨੇ ਸਿਖਿਆ ਮੰਤਰੀ ਵਲੋਂ ਕੰਪਿਊਟਰ ਅਧਿਆਪਕਾਂ ਦੀਆਂ ਪੱਕੇ ਕਰਨ ਦੀਆਂ ਮੰਗਾਂ ਤੇ ਜਲਦੀ ਅਮਲ ਕਰਨ ਦੇ ਭਰੋਸੇ ਲਈ ਵੀ ਉਨ੍ਹਾਂ ਦਾ ਧੰਨਵਾਦ ਪ੍ਰਗਟਾਇਆ ।