10 ਅਕਤੂਬਰ,2022, 24 ਅੱਸੂ,554 ਅਨੁਸਾਰ ਜਨਮ ਦਿਹਾੜਾ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ

10 ਅਕਤੂਬਰ,2022,   24 ਅੱਸੂ,554 ਅਨੁਸਾਰ
*ਜਨਮ ਦਿਹਾੜਾ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ*

ਧਰਮ,ਕੌਮ ਤੇ ਮਨੁੱਖਤਾ ਦੇ ਭਲੇ ਹਿੱਤ ਆਪਣੇ ਪ੍ਰਾਣਾਂ ਦੀ ਪ੍ਰਵਾਹ ਕੀਤੇ ਬਿਨਾਂ ਮਰ ਮਿੱਟਣ ਵਾਲੇ ਨੂੰ "ਸ਼ਹੀਦ" ਕਿਹਾ ਜਾਂਦਾ ਹੈ।

*ਸਿੱਖ ਧਰਮ ਦੇ ਇਤਿਹਾਸ ਵਿੱਚ ਸ਼ਹਾਦਤ ਦੀ ਨੀਂਹ ਰੱਖਣ ਵਾਲੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਹਨ।ਗੁਰੂ ਸ਼ਹੀਦ ਪਰੰਪਰਾ ਦਾ ਆਗਾਜ਼ ਆਪ ਦੀ ਸ਼ਹੀਦੀ ਤੋਂ ਹੁੰਦਾ ਹੈ*।

ਭਾਈ ਤਾਰੂ ਸਿੰਘ ਜੀ (1720-1745) ਅਠਾਰਵੀਂ ਸਦੀ ਦੇ ਇਤਿਹਾਸ ਦੇ ਸ਼ਹੀਦਾਂ ਵਿੱਚੋਂ ਇੱਕ ਮਹਾਨ ਸਿੱਖ ਸ਼ਹੀਦ ਹਨ।

ਜਨਮ:10 ਅਕਤੂਬਰ ,1720(2020 ਅਨੁਸਾਰ),ਪਿੰਡ ਪੂਹਲਾ,ਸ੍ਰੀ ਅੰਮ੍ਰਿਤਸਰ ਸਾਹਿਬ

ਪਿਤਾ:ਭਾਈ ਜੋਧ ਸਿੰਘ ਜੀ(ਜੋ ਵੀ ਸਿਖ ਸੰਘਰਸ ਚ ਸਹੀਦੀ ਪਾ ਗਏੇ ਸਨ)

ਮਾਤਾ:ਬੀਬੀ ਧਰਮ ਕੌਰ ਜੀ
ਭੈਣ:ਬੀਬੀ ਤਾਰ ਕੌਰ ਜੀ

ਸ਼ਹੀਦੀ:16 ਜੁਲਾਈ,1745 1 ਸਾਵਣ,554 ਅਨੁਸਾਰ (25 ਸਾਲ ਦੀ ਉਮਰ ਚ)
ਸਿੱਖ ਕੌਮ ਦੀ ਆਨ ਤੇ ਸ਼ਾਨ ਲਈ ਹੱਸ-ਹੱਸ ਕੇ ਕੁਰਬਾਨੀ ਦੇਣ ਵਾਲੇ ਮਹਾਨ ਸ਼ਹੀਦਾਂ ਦੇ ਇਤਿਹਾਸ ਵਿਚ ਭਾਈ ਤਾਰੂ ਸਿੰਘ ਜੀ ਸ਼ਹੀਦ ਦਾ ਨਾਂਮ ਸੁਨਹਿਰੀ ਅੱਖਰਾਂ ਵਿਚ ਅੰਕਿਤ ਹੈ।

*ਆਪ ਨੇ ਸਮੇਂ ਦੀ ਹਕੂਮਤ ਵੱਲੋਂ ਢਾਹੇ ਗਏ ਜ਼ੁਲਮ ਤੇ ਕਹਿਰ ਨੂੰ ਖਿੜੇ-ਮੱਥੇ ਸਹਾਰਦਿਆਂ ਕੇਸਾਂ ਦੀ ਰਾਖੀ ਲਈ ਖੋਪਰੀ ਉਤਰਵਾ ਕੇ ਕੁਰਬਾਨੀ ਦੇ ਬੇਮਿਸਾਲ ਪੂਰਨੇ ਪਾਏ*।

ਇਤਿਹਾਸ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਦੀ ਸ਼ਹੀਦੀ ਉਪਰੰਤ ਮੁਗਲਾਂ ਵੱਲੋਂ ਸਿੱਖਾਂ ਉੱਤੇ ਸਖ਼ਤੀ ਦਾ ਦੌਰ ਸ਼ੁਰੂ ਹੋਇਆ। ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਤਾਂ ਅੱਤ ਹੀ ਚੁੱਕ ਲਈ।

*ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਗਏ ਅਤੇ ਚੁਣ-ਚੁਣ ਕੇ ਸਿੱਖਾਂ ਨੂੰ ਮਾਰਿਆ ਜਾਣ ਲੱਗਾ। ਮੌਕੇ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਸਿੰਘਾਂ ਨੇ ਸੰਘਣੇ ਜੰਗਲਾਂ ਵਿਚ ਜਾ ਨਿਵਾਸ ਕੀਤਾ। ਉਥੇ ਰਹਿ ਕੇ ਜਥੇਬੰਦਕ ਤਿਆਰੀਆਂ ਕਰਨ ਲੱਗੇ ਤੇ ਜਦੋਂ ਸਮਾਂ ਮਿਲਦਾ,ਹਕੂਮਤ ਨਾਲ ਟੱਕਰ ਵੀ ਲੈਂਦੇ। ਇਲਾਕੇ ਦੇ ਸਿੰਘ,ਜੰਗਲਾਂ ਵਿਚ ਰਹਿ ਰਹੇ ਵੀਰਾਂ ਦੇ ਲੰਗਰ-ਪਾਣੀ ਦੀ ਸੇਵਾ* ਬੜੇ ਉਤਸ਼ਾਹ ਨਾਲ ਕਰਦੇ।

*ਪਿੰਡ ਪੂਹਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ (ਹੁਣ ਸ੍ਰੀ ਤਰਨ ਤਾਰਨ ਸਾਹਿਬ) ਦੇ ਵਸਨੀਕ ਭਾਈ ਤਾਰੂ ਸਿੰਘ ਵੀ ਇਨ੍ਹਾਂ ਸਿਦਕੀ ਸਿੰਘਾਂ ਚੋਂ ਇਕ ਸਨ। ਆਪ ਪਿੰਡ ਵਿਚ ਖੇਤੀਬਾੜੀ ਕਰਦੇ ਸਨ ਤੇ ਜਦੋਂ ਵੀ ਕਿਸੇ ਸਿੱਖ ਜਥੇ ਦੀ ਆਮਦ ਦਾ ਪਤਾ ਲਗਦਾ ਤਾਂ ਆਪ ਨੂੰ ਚਾਅ ਚੜ੍ਹ ਜਾਂਦਾ। ਆਪ ਜੀ ਦੀ ਭੈਣ ਅਤੇ ਮਾਤਾ ਜੀ ਬੜੇ ਪ੍ਰੇਮ ਨਾਲ ਲੰਗਰ ਤਿਆਰ ਕਰਦੇ ਤੇ ਭਾਈ ਤਾਰੂ ਸਿੰਘ ਜੀ ਜਥੇ ਦੇ ਸਿੰਘਾਂ ਪਾਸ ਲੰਗਰ ਪਹੁੰਚਾਉਣ ਦੀ ਸੇਵਾ ਕਰਦੇ*।

ਜਿਥੇ ਸਿਦਕੀ ਸਿੰਘ,ਮੁਸੀਬਤ ਵਿਚ ਘਿਰੇ ਆਪਣੇ ਵੀਰਾਂ ਦੀ ਸੇਵਾ ਲਈ ਨਿੱਤਰ ਕੇ ਸਾਹਮਣੇ ਆ ਰਹੇ ਸਨ, ਉਥੇ ਸਿੰਘਾਂ ਨਾਲ ਵੈਰ ਕਮਾਉਣ ਵਾਲੇ ਦੋਖੀਆਂ ਦੀ ਵੀ ਕੋਈ ਕਮੀ ਨਹੀਂ ਸੀ।

ਜੰਡਿਆਲੇ ਦੇ ਹਰਭਗਤ ਨਿਰੰਜਨੀਏ ਨੇ ਜ਼ਕਰੀਆ ਖਾਨ ਪਾਸ ਜਾ ਕੇ ਭਾਈ ਤਾਰੂ ਸਿੰਘ ਦੇ ਖਿਲਾਫ਼ ਸ਼ਿਕਾਇਤ ਕੀਤੀ ਕਿ ਕਿਵੇਂ ਉਹ ਹਕੂਮਤ ਨਾਲ ਟੱਕਰ ਲੈ ਰਹੇ ਸਿੰਘਾਂ ਦੀ ਟਹਿਲ-ਸੇਵਾ ਕਰਕੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰ ਰਿਹਾ ਹੈ :

ਹਰਭਗਤ ਨਿਰੰਜਨੀਏਂ ਯੌ ਫਿਰ ਕਹੀ।

ਪੂਲ੍ਹੋ ਪਿੰਡ ਇਕ ਮਾਝੇ ਅਹੀ।

ਤਾਰੂ ਸਿੰਘ ਤਹਿਂ ਖੇਤੀ ਕਰੈ।

ਸਾਥ ਪਿੰਡ ਵਹਿ ਹਾਲਾ ਭਰੈ।

ਦੇਹ ਹਾਕਮ ਕਛੁ ਥੋੜਾ ਖਾਵੈ।

ਬਚੈ ਸਿੰਘਨ ਕੇ ਪਾਸ ਪੁਚਾਵੈ। (ਪ੍ਰਾਚੀਨ ਪੰਥ ਪ੍ਰਕਾਸ਼)


*ਜ਼ਕਰੀਆ ਖਾਨ ਇਹ ਕੁਝ ਸੁਣ ਕੇ ਗੁੱਸੇ ਵਿਚ ਲਾਲ-ਪੀਲਾ ਹੋ ਗਿਆ ਤੇ ਤੁਰੰਤ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਹੁਕਮ ਜਾਰੀ ਕਰ ਦਿੱਤੇ। ਭਾਈ ਤਾਰੂ ਸਿੰਘ ਨੂੰ ਬੰਦੀ ਬਣਾ ਕੇ ਲਾਹੌਰ ਲਿਜਾਇਆ ਗਿਆ ਤੇ ਭਾਰੀ ਤਸੀਹੇ ਦਿੱਤੇ ਜਾਣ ਲੱਗੇ,ਪਰ ਗੁਰੂ ਕਾ ਸਿੰਘ ਹਕੂਮਤ ਦੇ ਹਰ ਤਰ੍ਹਾਂ ਦੇ ਜ਼ੁਲਮਾਂ ਨੂੰ ਖਿੜੇ-ਮੱਥੇ ਬਰਦਾਸ਼ਤ ਕਰਦਾ ਰਿਹਾ*।

ਭਾਈ ਤਾਰੂ ਸਿੰਘ ਨੂੰ ਨਵਾਬ ਜ਼ਕਰੀਆ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ,ਜਿਥੇ ਭਾਈ ਸਾਹਿਬ ਨੂੰ ਸਿੱਖੀ ਤਿਆਗ ਕੇ ਇਸਲਾਮ ਧਰਮ ਅਖ਼ਤਿਆਰ ਕਰਨ ਲਈ ਕਈ ਤਰ੍ਹਾਂ ਦੇ ਲੋਭ-ਲਾਲਚ ਦਿੱਤੇ ਗਏ, ਪਰ ਉਹ ਆਪਣੇ ਇਸ਼ਟ ਤੇ ਧਰਮ ਅਟੱਲ ਰਹੇ।

ਭਾਈ ਸਾਹਿਬ ਦਾ ਗੁਰਸਿੱਖੀ ਪ੍ਰਤੀ ਦ੍ਰਿੜ੍ਹ ਨਿਸਚਾ ਵੇਖ ਕੇ ਸੂਬੇ ਨੇ ਭਾਈ ਸਾਹਿਬ ਦੇ ਕੇਸ ਕਤਲ ਕਰਨ ਦਾ ਹੁਕਮ ਸੁਣਾ ਦਿੱਤਾ। ਇਸ 'ਤੇ *ਭਾਈ ਸਾਹਿਬ ਨੇ ਬਚਨ ਕੀਤਾ ਕਿ ਕੇਸ ਜੋ ਮੇਰੇ ਗੁਰੂ ਦੀ ਅਮਾਨਤ ਹਨ, ਤੁਸੀਂ ਇਨ੍ਹਾਂ ਨੂੰ ਅਲਹਿਦਾ ਨਹੀਂ ਕਰ ਸਕਦੇ। ਜਦ ਜ਼ਾਲਮਾਂ ਵੱਲੋਂ ਭਾਈ ਸਾਹਿਬ ਦੇ ਕੇਸ ਕਤਲ ਕਰਨ ਦੇ ਸਾਰੇ ਹੀਲੇ ਨਾ-ਕਾਮਯਾਬ ਰਹੇ ਤਾਂ ਜ਼ਕਰੀਆਂ ਖਾਨ ਨੇ ਜਲਾਦ ਨੂੰ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰਨ ਦਾ ਹੁਕਮ ਦਿੱਤਾ*। ਇਹ ਫ਼ਰਮਾਨ ਸੁਣ ਕੇ ਭਾਈ ਸਾਹਿਬ ਨੂੰ ਦੁੱਖ ਨਾ ਹੋਇਆ, ਬਲਕਿ ਡਾਢਾ ਚਾਅ ਚੜ੍ਹ ਗਿਆ ਕਿ ਹੁਣ ਮੈਂ ਦਸਮੇਸ਼ ਪਿਤਾ ਜੀ ਦੇ ਸਾਹਮਣੇ ਸਾਬਤ-ਸੂਰਤ ਹਾਜ਼ਰ ਹੋ ਕੇ ਖੁਸ਼ੀਆਂ ਦਾ ਪਾਤਰ ਬਣ ਸਕਾਂਗਾ। *ਜਲਾਦ ਰੰਬੀ ਨਾਲ ਭਾਈ ਸਾਹਿਬ ਦੀ ਖੋਪਰੀ ਉਤਾਰ ਰਿਹਾ ਸੀ ਤੇ ਆਪ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ। ਏਨਾ ਕੁਝ ਹੁੰਦਿਆਂ ਵੀ ਆਪ ਦੇ ਮੂੰਹ ਤੋਂ 'ਸੀ' ਤੱਕ ਨਾ ਨਿਕਲੀ*।

ਭਾਈ ਤਾਰੂ ਸਿੰਘ *ਚਾਹੁੰਦੇ ਤਾਂ ਧਰਮ ਛੱਡ ਕੇ ਆਪਣੀ ਜਾਨ ਬਚਾਅ ਸਕਦੇ ਸਨ ਤੇ ਹਕੂਮਤ ਵੱਲੋਂ ਮਿਲਣ ਵਾਲੀਆਂ ਪਦਵੀਆਂ ਨੂੰ ਪ੍ਰਾਪਤ ਕਰ ਸਕਦੇ ਸਨ*।

ਪਰ ਆਪ ਨੇ ਸਿੱਖੀ ਨੂੰ ਕੇਸਾਂ-ਸੁਆਸਾਂ ਸੰਗ ਨਿਭਾ ਕੇ ਕੌਮ ਲਈ ਅਨੋਖੇ ਪੂਰਨੇ ਪਾਏ ਹਨ। *ਹੱਸਦੇ ਹੋਏ ਖੋਪਰੀ ਲੁਹਾ ਕੇ ਆਪ ਨੇ ਇਹ ਦਰਸਾ ਦਿੱਤਾ ਕਿ ਸਿੱਖ ਲਈ ਉਸ ਦੇ ਕੇਸ ਜਾਨ ਤੋਂ ਵੀ ਪਿਆਰੇ ਹਨ। ਸਿੱਖ ਜਾਨ ਤਾਂ ਵਾਰ ਸਕਦਾ ਹੈ,ਪਰ ਕੇਸਾਂ ਦੀ ਬੇਅਦਬੀ ਨਹੀਂ ਸਹਾਰ ਸਕਦਾ*।

ਸੋ ਸਿੱਖੋ! ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ 'ਤੇ ਗੁਰੂ ਦੀ ਬਖਸ਼ੀ ਹੋਈ ਦਾਤ 'ਕੇਸਾਂ' ਦੀ ਸਾਂਭ-ਸੰਭਾਲ ਲਈ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਸਿੱਖੀ ਸਰੂਪ ਤੋਂ ਦੂਰ ਹੋ ਚੁੱਕੇ ਨੌਜਵਾਨਾਂ ਨੂੰ ਵੀ ਮੁੜ ਸਿੱਖ ਫੁਲਵਾੜੀ ਨਾਲ ਜੋੜਨ ਲਈ ਇਕੱਠੇ ਹੋ ਕੇ ਉਪਰਾਲੇ ਕਰੀਏ ਤੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ।


*ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ ਜੀ ਜਨਮ ਦਿਨ ਦੀਆਂ ਮੁਬਾਰਕਾਂ ਜ਼ੀ*।
*ਮਿਤੀਆਂ ਚ ਫਰਕ ਹੋ ਸਕਦਾ ਹੈ, ਮਕਸਦ ਸਿਰਫ ਕੌਮੀ ਜਾਣਕਾਰੀ ਦੇਣ ਤਕ ਸੀਮਿਤ ਹੈ,ਇਤਿਹਾਸ ਚ ਵੀ 19-21 ਦਾ ਫਰਕ ਹੋ ਸਕਦਾ,ਪਰ ਜਾਣ ਬੁੱਝ ਕੇ ਜਾਂ ਗਲਤ ਇਰਾਦਾ ਬਿਲਕੁਲ ਨਹੀਂ।*