ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲੀਸ ਵੱਲੋਂ ਟ੍ਰਾਂਸਫਾਰਮਾਂ ਵਿੱਚੋਂ ਤੇਲ ਚੋਰੀ ਕਰਨ ਵਾਲਾ ਵੱਡਾ ਅੰਤਰ-ਜ਼ਿਲ੍ਹਾ ਗਿਰੋਹ ਦਾ ਪਰਦਾਫਾਸ਼, 06 ਦੋਸ਼ੀ ਕਾਬੂ

ਡੇਰਿਆਂ ਨੂੰ ਲੁੱਟਣ ਦੀ ਕਰ ਰਹੇ ਸਨ ਤਿਆਰੀ - ਐੱਸ ਐੱਸ ਪੀ ਸ੍ਰੀ ਮੀਨਾ
ਨਵਾਂਸ਼ਹਿਰ 11 ਅਕਤੂਬਰ :  ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲੀਸ ਵੱਲੋਂ ਮਾੜੇ ਅਨਸਰਾਂ ਦੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਟਰਾਂਸਫਾਰਮਰਾਂ ਵਿੱਚੋਂ ਤੇਲ ਚੋਰੀ ਕਰਨ ਵਾਲੇ ਗਰੋਹ ਦੇ 6 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਡੀ ਐਸ ਪੀ ਦਫ਼ਤਰ ਬੰਗਾ ਵਿਖੇ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ  ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਵਣ ਸਿੰਘ ਬੱਲ ਡੀ ਐਸ ਪੀ ਬੰਗਾ ਦੀ ਨਿਗਰਾਨੀ ਅਧੀਨ ਇੰਸਪੈਕਟਰ ਗੁਰਦਿਆਲ ਸਿੰਘ ਮੁੱਖ ਅਫਸਰ ਥਾਣਾ ਬਹਿਰਾਮ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਸ਼ਿੰਦਰਪਾਲ ਪੁੱਤਰ ਜੀਤ ਰਾਮ ਵਾਸੀ ਸੁੰਦਰ ਨਗਰ ਕਪੂਰਥਲਾ ਥਾਣਾ ਸਿਟੀ ਕਪੂਰਥਲਾ, ਪ੍ਰਦੀਪ ਸਿੰਘ ਉਰਫ਼ ਪ੍ਰਗਟ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਉੱਚਾ ਧੋਲਾ, ਨੇੜੇ ਬਾਬਾ ਤੇਲੂ ਕੁਟੀਆ, ਕਪੂਰਥਲਾ, ਅਵਿਨਾਸ਼ ਪੁੱਤਰ ਜੀਤ ਰਾਮ ਵਾਸੀ ਕਬੀਰ ਮੰਦਰ ਵਾਲੀ ਗਲੀ ਰਾਜ ਨਗਰ ਥਾਣਾ ਬਸਤੀ ਬਾਵਾ ਖੇਲ, ਜਲੰਧਰ ਸ਼ਹਿਰ, ਪਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਜਿੰਦਾ ਫਾਟਕ ਅਸ਼ੋਕ ਵਿਹਾਰ, ਨੇੜੇ ਗੁਰੂ ਰਵੀਦਾਸ ਗੁਰਦੁਆਰਾ ਮਕਸੂਦਾਂ ਥਾਣਾ ਡਵੀਜ਼ਨ ਨੰ 01 ਜਲੰਧਰ ਸ਼ਹਿਰ, ਰਵੀ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਵੜਿੰਗ ਥਾਣਾ ਕੈਂਟ ਜਲੰਧਰ ਸ਼ਹਿਰ ਅਤੇ ਕੁਲਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕਬੀਰ ਮੰਦਰ ਵਾਲੀ ਗਲੀ ਰਾਜ ਨਗਰ ਥਾਣਾ ਬਸਤੀ ਬਾਵਾ ਖੇਲ, ਜਲੰਧਰ ਸ਼ਹਿਰ ਜਿਨ੍ਹਾਂ ਨੇ ਲੁੱਟ ਖੋਹਾਂ ਅਤੇ ਟਰਾਂਸਫਾਰਮਾ ਵਿੱਚੋਂ ਤੇਲ ਕੱਢਣ ਅਤੇ ਤਾਰਾ ਵੱਢਣ ਦਾ ਗੈਂਗ ਬਣਾਇਆ ਹੋਇਆ ਹੈ, ਜੋ ਇਹ ਸਾਰੇ ਗਰੋਹ ਦੇ ਮੈਂਬਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਟਰੱਕ ਨੰਬਰੀ ਪੀ.ਬੀ 10 ਐਫ.ਐਫ 4273 ਤੇ ਸਵਾਰ ਹੋ ਕੇ ਬਹਿਰਾਮ ਥਾਣਾ ਦੇ ਏਰੀਏ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਲਈ ਪਿੰਡ ਬੀੜ ਸਰੰਗਵਾਲ ਦੇ ਬੇਆਬਾਦ ਏਰੀਏ ਵਿੱਚ ਬੈਠ ਕੇ ਪਿੰਡ ਮੁੰਨਾ ਦੇ ਬਾਹਰਲੇ ਪਾਸੇ ਪੈਂਦੇ ਡੇਰਿਆਂ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਹਨ।  ਇਸ  ਸੂਚਨਾ ਤੇ ਇੰਸਪੈਕਟਰ ਗੁਰਦਿਆਲ ਸਿੰਘ, ਮੁੱਖ ਅਫ਼ਸਰ ਥਾਣਾ ਬਹਿਰਾਮ ਨੇ ਮੁਕੱਦਮਾ ਨੰ 89 ਮਿਤੀ 10.10.2022 ਅੱਧ 399, 402 ਭ.ਦ ਥਾਣਾ ਬਹਿਰਾਮ ਦਰਜ ਕਰ ਕੇ ਆਪਣੀ ਜੇਰੇ ਨਿਗਰਾਨੀ ਹੇਠ ਤਿੰਨ ਵੱਖ-ਵੱਖ ਪੁਲਿਸ ਪਾਰਟੀਆਂ ਬਣਾ ਕੇ ਇਹਨਾਂ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਇਹਨਾਂ ਕੋਲੋਂ ਇੱਕ ਕਮਾਨੀਦਾਰ ਚਾਕੂ, ਇੱਕ ਕੈਂਟਰ ਅਸ਼ੋਕ ਲੇਲੈਂਡ, 15 ਨਸ਼ੀਲੇ ਟੀਕੇ, ਕੈਂਟਰ ਵਿੱਚੋਂ ਤਿੰਨ ਵੱਡੇ ਕੈਨ ਖਾਲੀ, ਦੋ ਛੋਟੇ ਕੈਨ ਜਿਨ੍ਹਾਂ ਵਿੱਚੋਂ ਇੱਕ ਖ਼ਾਲੀ ਤੇ ਦੂਜੇ ਵਿੱਚੋਂ 20 ਲੀਟਰ ਟਰਾਂਸਫਾਰਮਰ ਤੇਲ, ਇੱਕ ਕਾਲੇ ਰੰਗ ਦਾ ਪਾਈਪ, ਇੱਕ ਕੀਪ, ਇੱਕ ਗੰਡਾਸਾ, ਇੱਕ ਕਿਰਪਾਨ ਅਤੇ 300 ਲੀਟਰ ਟਰਾਂਸਫਾਰਮਾਂ ਦਾ ਤੇਲ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹਨਾਂ ਉਕਤ ਦੋਸ਼ੀਆਂ ਨੇ ਆਪਣੀ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬਹਿਰਾਮ, ਬੰਗਾ, ਫਿਲੌਰ, ਗੁਰਾਇਆ, ਨਕੋਦਰ, ਸੁਭਾਨਪੁਰ, ਮਾਹਿਲਪੁਰ, ਗੜ੍ਹਸ਼ੰਕਰ, ਕਰਤਾਰਪੁਰ, ਅਤੇ ਹੁਸ਼ਿਆਰਪੁਰ ਦੇ ਏਰੀਏ ਦੇ ਖੇਤਾਂ ਵਿੱਚ ਲੱਗੇ ਟਰਾਂਫਾਰਮਾਂ ਚੋਂ ਤੇਲ ਚੋਰੀ ਕਰਦੇ ਸਨ। ਇਹਨਾਂ ਸਾਰੇ ਵਿਅਕਤੀਆਂ  ਨੇ ਰਲ ਕੇ ਤੇਲ ਚੋਰੀ ਕਰਨ ਵਾਲਾ ਅੰਤਰ ਜ਼ਿਲ੍ਹਾ ਗਰੋਹ ਬਣਾਇਆ ਹੋਇਆ ਸੀ। ਪੁਲਿਸ ਵੱਲੋਂ ਇਹਨਾਂ ਨੂੰ ਹੁਣ ਅਦਾਲਤ ਵਿਚ ਪੇਸ਼ ਕਰ ਕੇ  ਰਿਮਾਂਡ ਹਾਸਲ ਕਰ ਕੇ ਅੱਗੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਹਨਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਆਸ ਹੈ। ਇਸ ਮੌਕੇ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਜ਼ਿਲ਼੍ਹੇ ਵਿਚ ਮਾੜੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
 
ਫੋਟੋ ਕੈਪਸ਼ਨ : ਡੀਐੱਸਪੀ ਬੰਗਾ ਸਰਵਣ ਸਿੰਘ ਬੱਲ ,ਐਸਐਚਓ ਥਾਣਾ  ਬਹਿਰਾਮ ਗੁਰਦਿਆਲ ਸਿੰਘ, ਸਬ ਇੰਸਪੈਕਟਰ ਹਰਜਿੰਦਰ ਸਿੰਘ ਪੁਲੀਸ ਪਾਰਟੀ ਸਮੇਤ ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਕਰਨ ਵਾਲੇ ਕਾਬੂ ਕੀਤੇ ਛੇ ਦੋਸ਼ੀਆਂ ਨਾਲ