ਆਰ ਐਮ ਪੀ ਆਈ ਵਲੋਂ ਰੇਤਾ ਬਜਰੀ ਦੇ ਰੇਟ ਘਟਾਉਣ, ਗੈਰ ਕਾਨੂੰਨੀ ਖੁਦਾਈ ਰੋਕ ਕੇ ਨਿਯਮਾਂ ਅਨੁਸਾਰ ਚਾਲੂ ਕਰਨ ਸਬੰਧੀ ਮੁੱਖ ਮੰਤਰੀ ਦੇ ਨਾਂ ਡੀ ਸੀ ਨੂੰ ਦਿੱਤਾ ਮੰਗ-ਪੱਤਰ

ਨਵਾਂ lਸ਼ਹਿਰ 10 ਅਕਤੂਬਰ ( ) ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਸੂਬਾ ਕਮੇਟੀ ਦੇ ਸੱਦੇ ਤੇ ਜ਼ਿਲ੍ਹਾ ਇਕਾਈ ਦੇ ਵਫਦ ਵਲੋਂ ਰੇਤਾ ਬੱਜਰੀ ਦੀਆਂ ਦੁੱਗਣੇ ਤੋਂ ਵੀ ਵਧੇਰੇ ਵਧੀਆਂ ਕੀਮਤਾਂ ਵਿਰੁੱਧ ਅਤੇ ਬੇਰੁਜ਼ਗਾਰ ਹੋਏ ਮਿਸਤਰੀਆਂ, ਦਿਹਾੜੀਦਾਰ ਕਾਮਿਆਂ ਦੇ ਰੋਜ਼ਗਾਰ ਲਈ ਅਤੇ ਵੱਖ ਵੱਖ ਮਹਿਕਮਿਆਂ ਅੰਦਰ ਖਾਲੀ ਪਈਆਂ ਅਸਾਮੀਆਂ ਤੁਰੰਤ ਭਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਮੰਗ-ਪੱਤਰ ਦਿੱਤਾ ਗਿਆ। ਵਫਦ ਦੀ ਅਗਵਾਈ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਜਗਤਪੁਰ, ਕੁਲਦੀਪ ਸਿੰਘ ਦੌੜਕਾ, ਸਤਨਾਮ ਸਿੰਘ ਗੁਲਾਟੀ, ਕਰਨੈਲ ਸਿੰਘ ਅਤੇ ਸੁਰਿੰਦਰ ਭੱਟੀ ਨੇ ਕੀਤੀ। ਇਸ ਮੌਕੇ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਅੰਦਰ ਸ ਭਗਵੰਤ ਸਿੰਘ ਮਾਨ ਸਰਕਾਰ ਦੀ ਨੁਕਸਦਾਰ ਖਨਨ ਨੀਤੀ ਅਤੇ ਲਾਏ ਜਜ਼ੀਏ ਕਾਰਨ ਆਮ ਲੋਕਾਂ ਨੂੰ ਰੇਤਾ ਬਜਰੀ 7000 ਤੋਂ ਉੱਪਰ ਪ੍ਰਤੀ ਸੈਂਕੜਾ ਫੁੱਟ ਦੇ ਹਿਸਾਬ ਨਾਲ ਖਰੀਦਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਆਮ ਆਦਮੀ ਦੀ ਜੇਬ ਉੱਤੇ ਵੱਜਦੇ ਦਿਨ ਦਿਹਾੜੇ ਡਾਕੇ ਕਾਰਨ ਉਸਾਰੀ ਦੇ ਕਾਰਜ਼ ਠੱਪ ਹੋ ਕੇ ਰਹਿ ਗਏ ਹਨ। ਨਿਰਮਾਣ ਖੇਤਰ ਨਾਲ ਜੁੜੇ ਕਾਰੋਬਾਰਾਂ ਵਿੱਚ ਲੱਗੇ ਮਜ਼ਦੂਰ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਚੋਣਾਂ ਦੌਰਾਨ ਰੇਤਾ ਬੱਜਰੀ ਸਮੇਤ ਹਰ ਤਰ੍ਹਾਂ ਦੇ ਮਾਫ਼ੀਏ ਤੋਂ ਮੁਕਤੀ ਦਿਵਾਉਣ ਅਤੇ 1700 ਦੇ ਕਰੀਬ ਵਿੱਕਦੀ ਰੇਤਾ ਬੱਜਰੀ ਦੇ ਭਾਅ 900 ਰੁਪਏ ਪ੍ਰਤੀ ਸੈਂਕੜਾ ਫੁੱਟ ਤੇ ਲਿਆਉਣ ਦੇ ਵਾਅਦੇ ਕੀਤੇ ਗਏ ਸਨ। ਪਹਿਲਾਂ ਹੀ ਵਿਆਪਕ ਬੇਰੁਜ਼ਗਾਰੀ ਦਾ ਸੰਤਾਪ ਹੰਢਾਉਂਦੇ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਲਈ ਮਜਬੂਰ ਹੋ ਰਹੇ ਹਨ ਅਤੇ ਸਮਾਜਿਕ ਕੋਹੜ ਨਸ਼ਿਆਂ ਦੀ ਮਾਰ ਕਾਰਨ ਮੌਤ ਦੇ ਮੂੰਹ ਜਾ ਰਹੇ ਹਨ। ਉਹਨਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਮਾਨ ਸਰਕਾਰ ਹੋਸ਼ ਵਿੱਚ ਆਓ ਅਤੇ ਰੇਤਾ ਬੱਜਰੀ ਦੇ ਭਾਅ ਕੰਟਰੋਲ ਕਰੋ ਨਹੀਂ ਤਾਂ ਪੰਜਾਬ ਦੇ ਜਾਗਦੇ ਲੋਕ ਆਉਣ ਵਾਲੇ ਸਮੇਂ ਵਿੱਚ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਤੁਹਾਨੂੰ ਵੀ ਸਬਕ ਸਿਖਾਉਣ ਦੇ ਰਾਹ ਪੈਣਗੇ। ਡੀ ਸੀ ਨੂੰ ਦਿੱਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਚੋਣ ਵਾਅਦੇ ਮੁਤਾਬਕ ਰੇਤਾ ਬੱਜਰੀ ਦੇ ਰੇਟ 900 ਰੁਪਏ ਪ੍ਰਤੀ ਸੈਂਕੜਾ ਫੁੱਟ ਤੇ ਲਿਆਂਦੇ ਜਾਣ, ਬੇਰੁਜ਼ਗਾਰ ਹੋਏ ਕਿਰਤੀਆਂ ਲਈ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। ਸਰਕਾਰੀ ਮਹਿਕਮਿਆਂ ਅੰਦਰ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਖੇਤੀ ਅਧਾਰਤ ਸਨਅਤਾਂ ਲਗਾ ਕੇ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣ। ਰੇਤ ਮਾਫੀਆ ਨੂੰ ਨਕੇਲ ਪਾਈ ਜਾਏ। ਰੇਤਾ ਬੱਜਰੀ ਦੀ ਆਮਦ ਤੇ ਲਾਇਆ ਟੈਕਸ ਵਾਪਸ ਲਿਆ ਜਾਵੇ। ਨਿਯਮਤ ਖੱਡਾਂ ਵਿੱਚੋਂ ਰੇਤਾ ਬੱਜਰੀ ਕੱਢਣੀ ਚਾਲੂ ਕੀਤੀ ਜਾਵੇ। ਵਫਦ ਵਿੱਚ ਹੋਰਨਾਂ ਤੋਂ ਇਲਾਵਾ ਸੋਹਣ ਸਿੰਘ ਬਲਾਚੌਰ, ਜਗਦੀਸ਼ ਰਾਮ, ਕਰਨੈਲ ਸਿੰਘ ਚੱਕ ਬਿਲਗਾ, ਸੋਢੀ ਰਾਮ ਸਰਪੰਚ, ਵਿਜੇ ਕੁਮਾਰ ਸਰਪੰਚ, ਰੇਸ਼ਮ ਸਿੰਘ ਪੰਚ, ਕ੍ਰਿਸ਼ਨ ਸਿੰਘ ਬਾਲੀ, ਕੁਲਦੀਪ ਕੁਮਾਰ, ਗੁਰਦਿਆਲ ਸਿੰਘ, ਰਾਮ ਲੁਭਾਇਆ, ਬਲਿਹਾਰ ਰਾਮ, ਸੰਤੋਖ ਸਿੰਘ, ਦਿਲਾਵਰ ਸਿੰਘ, ਸੋਹਣ ਸਿੰਘ ਆਦਿ ਹਾਜ਼ਰ ਸਨ।