ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਕਿਸਾਨ - ਡੀ ਸੀ ਐਨ ਪੀ ਐਸ ਰੰਧਾਵਾ

ਅੱਗ ਲਾਉਣ ਵਾਲੇੇ ਕਿਸਾਨ ਸਰਕਾਰੀ ਲਾਭਾਂ ਤੇ ਚੁਣੇ ਅਹੁਦਿਆਂ ਤੋਂ ਹੋ ਸਕਦੇ ਨੇ ਵੰਚਿਤ

ਨਵਾਂਸ਼ਹਿਰ, 10 ਅਕਤੂਬਰ, 2022:
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅੱਜ ਰਾਜ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਹੋਈ ਆਨਲਾਈਨ ਮੀਟਿੰਗ ਤੋਂ ਬਾਅਦ ਜ਼ਿਲ੍ਹੇ ਦੇ ਕਿਸਾਨਾਂ ਨੂੰ ਇੱਕ ਵਾਰ ਫ਼ਿਰ ਪਰਾਲੀ ਜਾਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾ ਕੇ, ਹੋਰ ਬਦਲਵੇਂ ਢੰਗਾਂ ਤੇ ਮਸ਼ੀਨਰੀ ਰਾਹੀਂ ਉਸ ਦਾ ਨਿਪਟਾਰਾ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਪਾਸੋਂ ਵਾਤਾਵਰਨ ਮੁਆਵਜ਼ਾ ਵਸੂਲਣ ਅਤੇ ਐਫ ਆਈ ਆਰ ਤੋਂ ਇਲਾਵਾ ਜ਼ਮੀਨੀ ਫ਼ਰਦ ਵਿੱਚ ਲਾਲ ਐਂਟਰੀ, ਪਾਸਪੋਰਟ ਰਿਨਿਊਲ, ਗੰਨ/ ਡਰਾਈਵਿੰਗ ਲਾਈਸੈਂਸ ਰਿਨਿਊਲ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਮਿਲਦੇ ਦੋ ਹਜ਼ਾਰ ਰੁਪਏ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਰਕਾਰੀ ਸਕੀਮਾਂ ਦਾ ਕੋਈ ਵੀ ਲਾਭ ਨਹੀਂ ਮਿਲੇਗਾ। ਇਸ ਤੋਂ ਇਲਾਵਾ ਉਸ ਜ਼ਮੀਨ ਮਾਲਕ ਨੂੰ ਨੰਬਰਦਾਰੀ ਜਾਂ ਸਰਪੰਚੀ ਜਿਹੇ ਅਹੁਦਿਆਂ ਤੋਂ ਵੀ ਉਤਾਰਨ ਦੀ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਉਸ ਦੀ ਸਾਰੀ ਮਾਲਕੀਅਤ 'ਤੇ ਚਲਾਨ ਬਣ ਜਾਵੇਗਾ। 
ਡਿਪਟੀ ਕਮਿਸ਼ਨਰ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਾਰੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਰੇ ਕਿਸਾਨ ਫ਼ਸਲੀ ਰਹਿੰਦਖੂੰਹਦ ਦੇ ਨਿਪਟਾਰੇ ਦੀਆਂ ਮਸ਼ੀਨਾਂ ਰਾਹੀਂ ਇਨ-ਸਿਟੂ ਅਤੇ ਐਕਸ-ਸੀਟੂ ਪ੍ਰਬੰਧ ਨਾਲ ਹੀ ਪਰਾਲੀ ਦੀ ਸਾਂਭ-ਸੰਭਾਲ ਕਰਨ ਅਤੇ ਪਰਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨ।  
ਉਨ੍ਹਾਂ ਕਿਹਾ ਕਿ ਅਸੀਂ ਪਰਾਲੀ/ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਵਾਤਾਵਰਣ ਨੂੰ ਪਲੀਤ ਤਾਂ ਕਰਦੇ ਹੀ ਹਾਂ, ਨਾਲ ਹੀ ਮਾਨਵਤਾ, ਪਸ਼ੂ-ਪੰਛੀਆਂ, ਬਨਸਪਤੀ ਨੂੰ ਪੁੱਜਣ ਵਾਲੇ ਨੁਕਸਾਨ ਦੇ ਵੀ ਭਾਗੀਦਾਰ ਬਣਦੇ ਹਾਂ।
ਫ਼ੋਟੋ ਕੈਪਸ਼ਨ:
ਡਿਪਟੀ ਕਮਿਸ਼ਨਰ ਐਨ ਪੀ ਐਸ ਰੰਧਾਵਾ, ਏ ਡੀ ਸੀ (ਡੀ) ਅਮਰਦੀਪ ਸਿੰਘ ਬੈਂਸ ਤੇ ਖੇਤੀਬਾੜੀ ਅਧਿਕਾਰੀਆਂ ਸਮੇਤ ਮੁੱਖ ਸਕੱਤਰ ਪੰਜਾਬ ਵੱਲੋਂ ਪਰਾਲੀ ਦੀ ਸੰਭਾਲ 'ਤੇ ਕੀਤੀ ਆਨਲਾਈਨ ਮੀਟਿੰਗ 'ਚ ਭਾਗ ਲੈਂਦੇ ਹੋਏ।